ਆਈਫੋਨ ਦੇ ਸ਼ੌਕੀਨਾਂ ਨੂੰ ਝਟਕਾ! ਤਿੰਨ ਲੱਖ ਰੁਪਏ ਤੱਕ ਪਹੁੰਚੇਗੀ ਕੀਮਤ

ਆਈਫੋਨ ਦੇ ਸ਼ੌਕੀਨਾਂ ਨੂੰ ਝਟਕਾ! ਤਿੰਨ ਲੱਖ ਰੁਪਏ ਤੱਕ ਪਹੁੰਚੇਗੀ ਕੀਮਤ
iPhone may cost three times more: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਸ਼ੁਰੂ ਕੀਤੀ ਗਈ ਟੈਰਿਫ ਜੰਗ ਨਾਲ ਆਈਫੋਨ ਦੇ ਸ਼ੌਕੀਨਾਂ ਨੂੰ ਵੱਡਾ ਝਟਕਾ ਲੱਗ ਸਕਦਾ ਹੈ। ਆਈਫੋਨ ਤਿੰਨ ਗੁਣਾ ਮਹਿੰਗਾ ਹੋ ਸਕਦਾ ਹੈ। ਇਸ ਦਾ ਕਾਰਨ ਇਹ ਹੈ ਕਿ ਟੈਰਿਫ ਜੰਗ ਵਧਣ ਨਾਲ ਐਪਲ ਨੂੰ ਅਮਰੀਕਾ ਵਿੱਚ ਪ੍ਰੋਡਕਸ਼ਨ ਵਧਾਉਣਾ ਪੈ ਸਕਦਾ ਹੈ। ਇਸ ਨਾਲ ਲਾਗਤ ਕਈ ਗੁਣਾ ਵਧ ਜਾਏਗੀ ਤੇ ਆਈਫੋਨ ਕਾਫੀ ਮਹਿੰਗੇ ਹੋ ਜਾਣਗੇ। ਦਰਅਸਲ ਜੇਕਰ ਟਰੰਪ ਟੈਰਿਫ ਜੰਗ ਨਹੀਂ ਰੋਕਦੇ ਤਾਂ ਐਪਲ ਨੂੰ ਅਮਰੀਕਾ ਵਿੱਚ ਪ੍ਰੋਡਕਸ਼ਨ ਲਈ ਅਰਬਾਂ ਡਾਲਰ ਦੀਆਂ ਨਵੀਆਂ ਫੈਕਟਰੀਆਂ ਬਣਾਉਣੀਆਂ ਪੈਣਗੀਆਂ ਤੇ ਇੱਕ ਗੁੰਝਲਦਾਰ ਸਪਲਾਈ ਚੇਨ ਵਿਕਸਤ ਕਰਨੀ ਪਵੇਗੀ ਜਿਸ ਤਰ੍ਹਾਂ ਉਸ ਨੇ ਪਹਿਲਾਂ ਏਸ਼ੀਆ ਵਿੱਚ ਦਹਾਕਿਆਂ ਤੋਂ ਬਣਾਈ ਹੋਈ ਹੈ। ਰਿਪੋਰਟ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਜੇਕਰ ਐਪਲ ਆਪਣੀ ਸਪਲਾਈ ਚੇਨ ਦਾ 10% ਵੀ ਅਮਰੀਕਾ ਵਿੱਚ ਲਿਆਉਣਾ ਚਾਹੁੰਦਾ ਹੈ ਤਾਂ ਇਸ ਵਿੱਚ ਘੱਟੋ-ਘੱਟ ਤਿੰਨ ਸਾਲ ਲੱਗਣਗੇ ਤੇ 30 ਬਿਲੀਅਨ ਡਾਲਰ (ਲਗਪਗ 2.5 ਲੱਖ ਕਰੋੜ ਰੁਪਏ) ਦੀ ਲਾਗਤ ਆਵੇਗੀ। 

ਦੱਸ ਦਈਏ ਕਿ ਹਾਲ ਹੀ ਵਿੱਚ ਅਮਰੀਕੀ ਸਰਕਾਰ ਨੇ ਦੂਜੇ ਦੇਸ਼ਾਂ ਤੋਂ ਆਉਣ ਵਾਲੇ ਸਮਾਨ 'ਤੇ ਟੈਰਿਫ ਲਗਾਉਣ ਦਾ ਐਲਾਨ ਕੀਤਾ ਹੈ। ਰਾਸ਼ਟਰਪਤੀ ਡੋਨਾਲਡ ਟਰੰਪ ਦਾ ਮੰਨਣਾ ਹੈ ਕਿ ਇਹ ਕਦਮ ਅਮਰੀਕੀ ਕੰਪਨੀਆਂ ਨੂੰ ਆਪਣਾ ਪ੍ਰੋਡੰਕਸ਼ਨ ਅਮਰੀਕਾ ਵਾਪਸ ਲਿਆਉਣ ਲਈ ਪ੍ਰੇਰਿਤ ਕਰੇਗਾ। ਇਸ ਨਾਲ ਲੱਖਾਂ ਨੌਕਰੀਆਂ ਪੈਦਾ ਹੋਣਗੀਆਂ ਤੇ ਦੇਸ਼ ਦੇ ਸਥਾਨਕ ਉਦਯੋਗ ਨੂੰ ਹੁਲਾਰਾ ਦੇਵੇਗਾ, ਪਰ ਕੁਝ ਮਾਹਰਾਂ ਦਾ ਕਹਿਣਾ ਹੈ ਕਿ ਇਹ ਫੈਸਲਾ ਖਪਤਕਾਰਾਂ ਲਈ ਸਮਾਰਟਫੋਨ ਬਹੁਤ ਮਹਿੰਗਾ ਕਰ ਸਕਦਾ ਹੈ।

ਇਸ ਨਾਲ ਆਈਫੋਨ ਦੀ ਕੀਮਤ 3,500 ਡਾਲਰ (ਲਗਪਗ 3 ਲੱਖ ਰੁਪਏ) ਤੱਕ ਪਹੁੰਚ ਸਕਦੀ ਹੈ। ਸੀਐਨਐਨ ਦੀ ਇੱਕ ਰਿਪੋਰਟ ਅਨੁਸਾਰ ਜੇਕਰ ਐਪਲ ਪੂਰੀ ਤਰ੍ਹਾਂ ਅਮਰੀਕਾ ਵਿੱਚ ਆਈਫੋਨ ਬਣਾਉਂਦਾ ਹੈ, ਤਾਂ ਇਸ ਦੀ ਕੀਮਤ ਲਗਪਗ $3,500 (ਲਗਪਗ ₹3 ਲੱਖ) ਹੋ ਸਕਦੀ ਹੈ। ਇਸ ਵੇਲੇ ਇੱਕ ਆਈਫੋਨ ਦੀ ਕੀਮਤ ਲਗਪਗ $1,000 ਹੈ। ਇਹ ਭਾਰੀ ਵਾਧਾ ਅਮਰੀਕਾ ਵਿੱਚ ਉੱਚ-ਤਕਨੀਕੀ ਫੈਕਟਰੀਆਂ ਦੇ ਨਿਰਮਾਣ ਤੇ ਰੱਖ-ਰਖਾਅ ਦੀ ਉੱਚ ਲਾਗਤ ਦੇ ਕਾਰਨ ਹੋਵੇਗਾ। ਦੱਸ ਦਈਏ ਕਿ ਵਰਤਮਾਨ ਵਿੱਚ ਜ਼ਿਆਦਾਤਰ ਆਈਫੋਨ ਚੀਨ ਵਿੱਚ ਬਣਾਏ ਜਾਂਦੇ ਹਨ, ਜਿੱਥੇ ਮਜ਼ਦੂਰੀ ਦੀ ਲਾਗਤ ਘੱਟ ਹੈ। 

ਇਹ ਵੀ ਅਹਿਮ ਹੈ ਕਿ ਆਈਫੋਨ ਵਿੱਚ ਵਰਤੇ ਜਾਣ ਵਾਲੇ ਪੁਰਜ਼ੇ ਕਈ ਦੇਸ਼ਾਂ ਤੋਂ ਆਉਂਦੇ ਹਨ। ਉਦਾਹਰਨ ਲਈ ਚਿਪਸ ਮੁੱਖ ਤੌਰ 'ਤੇ ਤਾਈਵਾਨ ਵਿੱਚ ਬਣਦੇ ਹਨ। ਸਕ੍ਰੀਨਾਂ ਦੱਖਣੀ ਕੋਰੀਆ ਤੋਂ ਆਉਂਦੀਆਂ ਹਨ ਤੇ ਹੋਰ ਬਹੁਤ ਸਾਰੇ ਹਿੱਸੇ ਚੀਨ ਵਿੱਚ ਤਿਆਰ ਕੀਤੇ ਜਾਂਦੇ ਹਨ। ਇਨ੍ਹਾਂ ਸਾਰੇ ਹਿੱਸਿਆਂ ਨੂੰ ਫਿਰ ਚੀਨ ਦੀਆਂ ਫੈਕਟਰੀਆਂ ਵਿੱਚ ਅਸੈਂਬਲ ਕੀਤਾ ਜਾਂਦਾ ਹੈ ਤੇ ਦੁਨੀਆ ਭਰ ਵਿੱਚ ਭੇਜਿਆ ਜਾਂਦਾ ਹੈ। ਇਹ ਅੰਤਰਰਾਸ਼ਟਰੀ ਸਪਲਾਈ ਚੇਨ ਐਪਲ ਨੂੰ ਲਾਗਤਾਂ ਘੱਟ ਰੱਖਣ ਤੇ ਵਧੇਰੇ ਮੁਨਾਫ਼ਾ ਕਮਾਉਣ ਵਿੱਚ ਮਦਦ ਕਰਦੀ ਹੈ। ਇਹੀ ਕਾਰਨ ਹੈ ਕਿ ਐਪਲ ਦੁਨੀਆ ਦੀਆਂ ਸਭ ਤੋਂ ਸਫਲ ਤਕਨੀਕੀ ਕੰਪਨੀਆਂ ਵਿੱਚੋਂ ਇੱਕ ਬਣ ਗਈ ਹੈ।