SGPC 265 ਪਾਵਨ ਸਰੂਪਾਂ ਦੇ ਮਾਮਲੇ ਦੀ ਨਿਰਪੱਖਤਾ ਨਾਲ ਜਾਂਚ ਕਰਵਾਏ : ਗਿਆਨੀ ਹਰਪ੍ਰੀਤ ਸਿੰਘ

0
139

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਗੁਰਦੁਆਰਾ ਸ੍ਰੀ ਰਾਮਸਰ ਸਾਹਿਬ ਵਿਖੇ 265 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੇ ਮਾਮਲੇ ਦੀ ਨਿਰਪੱਖਤਾ ਨਾਲ ਜਾਂਚ ਕਰਵਾਏ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਸਕੱਤਰੇਤ ਤੋਂ ਇਕ ਵੀਡੀਓ ਜਾਰੀ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਪਹਿਲਾਂ ਹੀ ਆਦੇਸ਼ ਦਿੱਤਾ ਜਾ ਚੁੱਕਾ ਹੈ ਕਿ ਇਸ ਦੀ ਸਹੀ ਜਾਂਚ ਕਰਕੇ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਭੇਜੀ ਜਾਵੇ। ਫੇਰ ਦੋਸ਼ੀ ਭਾਵੇਂ ਕੋਈ ਵੀ ਹੋਵੇ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਸੰਗਤਾਂ ਨੂੰ ਮੀਰੀ-ਪੀਰੀ ਦਿਹਾੜੇ ਦੀ ਵਧਾਈ ਵੀ ਦਿੱਤੀ। ਉਨ੍ਹਾਂ ਕਿਹਾ ਕਿ ਪਿਛਲੇ ਕੁਝ ਸਮੇਂ ਤੋਂ ਸਿੱਖ ਪੰਥ ਦੀ ਤਰਜਮਾਨੀ ਕਰਨ ਵਾਲੇ ਚੀਫ਼ ਖਾਲਸਾ ਦੀਵਾਨ ਦੇ ਮੈਂਬਰਾਂ ਦੀ ਭਰਤੀ ਬਾਰੇ ਵੀ ਕੁਝ ਸ਼ਿਕਾਇਤਾਂ ਆ ਰਹੀਆਂ ਹਨ ਕਿ ਇਸ ਸੰਸਥਾ ‘ਚ ਪੱਤਿਤ ਮੈਂਬਰ ਭਰਤੀ ਕੀਤੇ ਜਾ ਰਹੇ ਨੇ। ਉਨ੍ਹਾਂ ਕਿਹਾ ਕਿ ਪਹਿਲਾਂ ਵੀ ਸੰਸਥਾ ਨੂੰ ਪੱਤਰ ਲਿਖਿਆ ਜਾ ਚੁੱਕਾ ਹੈ ਕਿ ਸੰਸਥਾ ਮੈਂਬਰਾਂ ਦੀ ਚੋਣ ਕਰਨ ਸਮੇਂ ਦੀਵਾਨ ਦੇ ਸੰਵਿਧਾਨ ਅਨੁਸਾਰ ‘ਓ’ ਫਾਰਮ ਭਰਵਾ ਕੇ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਭੇਜੇ ਪਰ ਇਸ ਤਰ੍ਹਾਂ ਨਹੀਂ ਕੀਤਾ ਗਿਆ। ਹੁਣ ਫੇਰ ਹਿਦਾਇਤ ਕੀਤੀ ਜਾ ਰਹੀ ਹੈ ਕਿ ਸੰਸਥਾ ਵਲੋਂ ਪੁਰਾਣੇ ਤੇ ਨਵੇਂ ਸਾਰੇ ਮੈਂਬਰਾਂ ਦਾ ‘ਓ’ ਫਾਰਮ ਭਰਵਾ ਕੇ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਭੇਜਿਆ ਜਾਵੇ। ਇਸ ਤਰ੍ਹਾਂ ਨਾ ਕਰਨ ਦੀ ਸੂਰਤ ‘ਚ ਪ੍ਰਬੰਧਕਾਂ ਖਿਲ਼ਾਫ਼ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਅੱਗੇ ਕਿਹਾ ਕਿ ਲੁਧਿਆਣੇ ‘ਚ ਖੁੱਲ੍ਹੇ ਗੁਰੂ ਨਾਨਕ ਮੋਦੀ ਖਾਨੇ ਬਾਰੇ ਜੋ ਪਤਾ ਲੱਗਾ ਹੈ ਸਿੱਖ ਜਥੇਬੰਦੀਆਂ ਤੇ ਸੰਸਥਾਵਾਂ ਨੂੰ ਇਹ ਅਪੀਲ ਹੈ ਕਿ ਇਸ ਤਰ੍ਹਾਂ ਦੇ ਮੋਦੀ ਖਾਨੇ ਹਰ ਸ਼ਹਿਰ, ਹਰ ਕਸਬੇ ਤੇ ਹਰ ਪਿੰਡ ‘ਚ ਹੋਣ ਤਾਂ ਜੋ ਬੀਮਾਰ ਲੋਕਾਂ ਨੂੰ ਸਸਤੇ ਭਾਅ ਤੇ ਦਵਾਈਆਂ ਮਿਲ ਸਕਣ। ਸਿੰਘ ਸਾਹਿਬ ਨੇ ਅੱਗੇ ਕਿਹਾ ਪਤਾ ਚੱਲਿਆ ਹੈ ਕਿ ਪੰਜਾਬ ਪੁਲਸ ਵਲੋਂ ਕੁਝ ਵਿਅਕਤੀਆਂ ਨੂੰ ਖ਼ਾਲਿਸਤਾਨ ਦੇ ਨਾਮ ‘ਤੇ ਹਿਰਾਸਤ ‘ਚ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਖ਼ਾਲਿਸਤਾਨ ਦੇ ਨਾਮ ਤੇ ਕਿਸੇ ਬੇਗੁਨਾਹ ਦੀ ਗ੍ਰਿਫ਼ਤਾਰੀ ਨਹੀਂ ਹੋਣੀ ਚਾਹੀਦੀ। ਜੇਕਰ ਹੁੰਦੀ ਹੈ ਤਾਂ ਇਹ ਨਿੰਦਣਯੋਗ ਹੈ ਤੇ ਸ਼੍ਰੋਮਣੀ ਕਮੇਟੀ ਨੂੰ ਇਸ ਦੀ ਪੈਰਵਾਈ ਕਰਕੇ ਪੜਤਾਲ ਕਰਾਉਣੀ ਚਾਹੀਦੀ ਹੈ। ਇਸ ਮੌਕੇ ਸਿੰਘ ਸਾਹਿਬ ਨਾਲ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਵੀ ਮੌਜੂਦ ਸਨ।

LEAVE A REPLY

Please enter your comment!
Please enter your name here