ਅਮਰੀਕਾ 'ਤੇ 9/11 ਦੇ ਅੱਤਵਾਦੀ ਹਮਲੇ ਨੂੰ 22 ਸਾਲ ਹੋ ਗਏ ਹਨ। ਦਰਅਸਲ 2001 ਵਿਚ ਅੱਜ ਦੇ ਦਿਨ ਹੀ ਅੱਤਵਾਦੀਆਂ ਨੇ ਚਾਰ ਜਹਾਜ਼ਾਂ ਨੂੰ ਹਾਈਜੈਕ ਕਰਕੇ ਆਪਣੇ ਨਾਪਾਕ ਇਰਾਦਿਆਂ ਨੂੰ ਅੰਜਾਮ ਦਿੱਤਾ ਸੀ। ਇਹ ਹਮਲਾ ਅੱਜ ਵੀ ਲੋਕਾਂ ਦੇ ਮਨਾਂ ਵਿਚ ਜ਼ਿੰਦਾ ਹੈ। ਜਦੋਂ ਇਹ ਹਮਲਾ ਹੋਇਆ ਸੀ ਤਾਂ ਪੂਰੀ ਦੁਨੀਆ ਸਹਿਮ ਗਈ ਸੀ।
ਅਮਰੀਕੀ ਧਰਤੀ 'ਤੇ ਸਭ ਤੋਂ ਖ਼ਤਰਨਾਕ ਅੱਤਵਾਦੀ ਹਮਲੇ ਦੀ 22ਵੀਂ ਬਰਸੀ ਮਨਾਉਣ ਲਈ ਸੋਮਵਾਰ ਨੂੰ ਅਮਰੀਕੀ ਸਮਾਰਕਾਂ, ਫਾਇਰ ਹਾਊਸਾਂ, ਸਿਟੀ ਹਾਲਾਂ ਅਤੇ ਥਾਵਾਂ 'ਤੇ ਲੋਕ ਇਕੱਠੇ ਹੋ ਰਹੇ ਹਨ। ਯਾਦਗਾਰੀ ਸਥਾਨ ਨਿਊਯਾਰਕ ਦੇ ਵਰਲਡ ਟਰੇਡ ਸੈਂਟਰ, ਪੈਂਟਾਗਨ ਅਤੇ ਸ਼ੈਂਕਸਵਿਲੇ, ਪੈਨਸਿਲਵੇਨੀਆ ਤੋਂ ਲੈ ਕੇ ਅਲਾਸਕਾ ਤੇ ਇਸ ਤੋਂ ਅੱਗੇ ਤੱਕ ਫੈਲਿਆ ਹੋਇਆ ਹੈ। ਜਾਣਕਾਰੀ ਮੁਤਾਬਿਕ ਰਾਸ਼ਟਰਪਤੀ ਜੋਅ ਬਾਇਡਨ ਵੀ ਐਂਕਰੇਜ ਸਥਿਤ ਫੌਜੀ ਅੱਡੇ 'ਤੇ ਇਕ ਸਮਾਗਮ 'ਚ ਸ਼ਾਮਿਲ ਹੋਣ ਵਾਲੇ ਹਨ।
ਇਸ ਹਮਲੇ ਦਾ ਦਰਦ ਦੁਨੀਆਂ ਦੇ ਹਰ ਕੋਨੇ ਵਿਚ ਮਹਿਸੂਸ ਕੀਤਾ ਗਿਆ, ਚਾਹੇ ਉਹ ਕਿੰਨਾ ਵੀ ਦੂਰ-ਦੁਰਾਡੇ ਦਾ ਇਲਾਕਾ ਕਿਉਂ ਨਾ ਹੋਵੇ। ਹਾਈਜੈਕ ਕੀਤੇ ਗਏ ਜਹਾਜ਼ ਦੇ ਹਮਲਿਆਂ ਵਿਚ ਲਗਭਗ 3,000 ਲੋਕ ਮਾਰੇ ਗਏ ਸਨ ਤੇ ਇਸ ਹਮਲੇ ਨੇ ਅਮਰੀਕੀ ਵਿਦੇਸ਼ ਨੀਤੀ ਅਤੇ ਡਰ ਨੂੰ ਨਵਾਂ ਰੂਪ ਦਿੱਤਾ ਸੀ।