ਨਵੀਂ ਦਿੱਲੀ, 18 ਮਾਰਚ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਲੋਕ ਸਭਾ ਵਿੱਚ ਮਹਾਂਕੁੰਭ ਬਾਰੇ ਦਿੱਤੇ ਬਿਆਨ ਮਗਰੋਂ ਵਿਰੋਧੀ ਧਿਰ ਦੇ ਮੈਂਬਰਾਂ ਵੱਲੋਂ ਕੀਤੇ ਜਾ ਰਹੇ ਸ਼ੋਰ-ਸ਼ਰਾਬੇ ਦਰਮਿਆਨ ਲੋਕ ਸਭਾ ਦੀ ਕਾਰਵਾਈ ਪੂਰੇ ਦਿਨ ਲਈ ਮੁਲਤਵੀ ਕਰ ਦਿੱਤੀ ਗਈ। ਉਨ੍ਹਾਂ ਵੱਲੋਂ ਪ੍ਰਧਾਨ ਮੰਤਰੀ ਦੇ ਬਿਆਨ ’ਤੇ ਚਰਚਾ ਤੇ ਇਸ ਵਿੱਚ ਭਗਦੜ ’ਚ ਹੋਈਆਂ ਮੌਤਾਂ ਦਾ ਜ਼ਿਕਰ ਕਰਨ ਦੀ ਮੰਗ ਕੀਤੀ ਜਾ ਰਹੀ ਸੀ। ਸੰਸਦੀ ਸੂਤਰਾਂ ਮੁਤਾਬਕ ਵਿਰੋਧੀ ਪਾਰਟੀਆਂ ਮਹਾਂਕੁੰਭ ’ਤੇ ਚਰਚਾ ਦੀ ਮੰਗ ਕਰ ਰਹੀਆਂ ਸਨ ਤਾਂ ਕਿ ਉਨ੍ਹਾਂ ਦੇ ਮੈਂਬਰ ਇਸ ਵਿਸ਼ੇ ’ਤੇ ਆਪਣੇ ਵਿਚਾਰ ਸਾਂਝੇ ਕਰ ਸਕਣ। ਇਸ ਦੌਰਾਨ ਹੋਏ ਕਾਫ਼ੀ ਸ਼ੋਰ-ਸ਼ਰਾਬੇ ਕਾਰਨ ਸਦਨ ਦੀ ਕਾਰਵਾਈ ਦੁਪਹਿਰ 1 ਵਜੇ ਤੱਕ ਮੁਲਤਵੀ ਕਰ ਦਿੱਤੀ ਗਈ। ਸਦਨ ਦੇ ਮੁੜ ਜੁੜਨ ’ਤੇ ਵਿਰੋਧੀ ਧਿਰ ਨੇ ਸਦਨ ਦੇ ਵਿਚਕਾਰ ਆ ਕੇ ਰੋਸ ਪ੍ਰਗਟਾਉਣਾ ਸ਼ੁਰੂ ਕਰ ਦਿੱਤਾ, ਜਿਸ ਕਾਰਨ ਚੇਅਰਮੈਨ ਨੂੰ ਪੂਰੇ ਦਿਨ ਲਈ ਕਾਰਵਾਈ ਮੁਲਤਵੀ ਕਰਨੀ ਪਈ।
ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਸ੍ਰੀ ਮੋਦੀ ਨੇ ਮਹਾਂਕੁੰਭ ਬਾਰੇ ਕਿਹਾ ਸੀ ਕਿ ਇਸ ਨੇ ਮੁਲਕ ਦੀ ਏਕਤਾ ਨੂੰ ਮਜ਼ਬੂਤ ਕੀਤਾ ਹੈ ਤੇ ਉਨ੍ਹਾਂ ਲੋਕਾਂ ਨੂੰ ਢੁਕਵਾਂ ਜੁਆਬ ਦਿੱਤਾ ਹੈ ਜੋ ਭਾਰਤ ਵੱਲੋਂ ਇੰਨੇ ਵੱਡੇ ਪੱਧਰ ਦਾ ਸਮਾਗਮ ਕਰਨ ਦੀ ਸਮਰੱਥਾ ’ਤੇ ਸਵਾਲ ਕਰਦੇ ਸਨ। ਲੋਕ ਸਭਾ ਵਿੱਚ ਬਿਆਨ ਦਿੰਦਿਆਂ ਉਨ੍ਹਾਂ ਕਿਹਾ ਕਿ ਮਹਾਂਕੁਭ ਦੀ ਸਫ਼ਲਤਾ ਸਰਕਾਰ ਤੇ ਸਮਾਜ ਦੇ ਅਣਗਿਣਤ ਲੋਕਾਂ ਵੱਲੋਂ ਪਾਏ ਯੋਗਦਾਨ ਦਾ ਸਿੱਟਾ ਸੀ। ਉਨ੍ਹਾਂ ਕਿਹਾ,‘ਅਸੀਂ ਹਮੇਸ਼ਾ ਕਿਹਾ ਹੈ ਕਿ ਅਨੇਕਤਾ ’ਚ ਏਕਤਾ ਭਾਰਤ ਦੀ ਖਾਸੀਅਤ ਹੈ ਤੇ ਅਸੀਂ ਇਸ ਦਾ ਅਨੁਭਵ ਪ੍ਰਯਾਗਰਾਜ ਦੇ ਮਹਾਂਕੁੰਭ ’ਚ ਕੀਤਾ ਹੈ। ਉਨ੍ਹਾਂ ਕਿਹਾ ਕਿ ਸੰਗਮ ਦੇ ਕੰਢਿਆਂ ’ਤੇ ਵੱਖ-ਵੱਖ ਬੋਲੀਆਂ ਤੇ ਉਪ ਬੋਲੀਆਂ ਬੋਲਣ ਵਾਲੇ ਲੋਕਾਂ ਵੱਲੋਂ ‘ਹਰ ਹਰ ਗੰਗੇ’ ਦੇ ਉਚਾਰਣ ਤੋਂ ‘ਏਕ ਭਾਰਤ ਸ਼੍ਰੇਸ਼ਠ ਭਾਰਤ ਦੀ ਝਲਕ ਦਿਖਾਈ ਦਿੱਤੀ, ਜਿਸ ਨੇ ਏਕਤਾ ਦੀ ਭਾਵਨਾ ਨੂੰ ਹੋਰ ਮਜ਼ਬੂਤ ਕੀਤਾ।