ਅਮਰੀਕਾ: ੳਹਾਇੳ ਸੂਬੇ 'ਚ ਮਯੂਰ ਪਟੇਲ ਨਾਂ ਦਾ ਗੁਜਰਾਤੀ ਗੈਰ-ਕਾਨੂੰਨੀ ਜੂਏ ਦੀਆਂ ਗਤੀਵਿਧੀਆਂ ਦੇ ਦੋਸ਼ 'ਚ ਗ੍ਰਿਫ਼ਤਾਰ
ਅਮਰੀਕਾ ਦੇ ੳਹਾਇੳ ਸੂਬੇ 'ਚ ਮਯੂਰ ਪਟੇਲ ਨਾਂ ਦੇ ਇਕ ਗੁਜਰਾਤੀ ਭਾਰਤੀ ਨੂੰ ਗੇਮਿੰਗ ਮਸ਼ੀਨਾਂ ਰਾਹੀਂ ਜੂਆ ਖਡਾਉਣ ਦੇ ਦੋਸ਼ 'ਚ ਗ੍ਰਿਫ਼ਤਾਰ ਕੀਤਾ ਗਿਆ ਹੈ। ੳਹਾਇੳ ਦੀ ਕੇਟਰਿੰਗ ਸਿਟੀ ਪੁਲਸ ਨੇ ਮਯੂਰ ਪਟੇਲ ਦੁਆਰਾ ਚਲਾਏ ਜਾ ਰਹੇ ਇੱਕ ਇੰਟਰਨੈਟ ਕੈਫੇ 'ਤੇ ਜਦੋਂ ਛਾਪਾ ਮਾਰਿਆ ਗਿਆ ਤਾਂ ਉੱਥੋਂ ਦੋ ਲੱਖ ਡਾਲਰ ਦੀ ਨਕਦੀ ਤੇ ਗੇਮਿੰਗ ਮਸ਼ੀਨਾਂ ਬਰਾਮਦ ਹੋਈਆਂ, ਜਿਹਨਾਂ ਨੂੰ ਪੁਲਸ ਨੇ ਜ਼ਬਤ ਕਰ ਲਿਆ। ੳਹਾਇੳ ਰਾਜ ਦੀ ਕੇਟਰਿੰਗ ਪੁਲਸ ਵਿਭਾਗ ਦੇ ਅਨੁਸਾਰ ਇਹ ਕਾਰਵਾਈ ਲੰਘੀ 30 ਮਈ ਨੂੰ ਹੋਈ ਸੀ, ਜਿਸ ਵਿੱਚ ਸਰਚ ਵਾਰੰਟ ਦੇ ਅਧਾਰ 'ਤੇ ਪੀਕਾਕ ਨਾਮੀਂ ਕੈਫੇ 'ਤੇ ਛਾਪਾ ਮਾਰ ਕੇ ਗੈਰ-ਕਾਨੂੰਨੀ ਗਤੀਵਿਧੀਆਂ ਦਾ ਪਰਦਾਫਾਸ਼ ਕੀਤਾ ਗਿਆ। ਇਸ ਮੌਕੇ ਪੁਲਸ ਤੋਂ ਇਲਾਵਾ ਸੰਘੀ ਏਜੰਸੀਆਂ ਵੀ ਇਸ ਕਾਰਵਾਈ ਵਿਚ ਸ਼ਾਮਲ ਸਨ, ਜਿਸ ਬਾਰੇ ਪੁਲਸ ਦਾ ਦਾਅਵਾ ਹੈ ਕਿ ਛੇ ਮਹੀਨਿਆਂ ਦੀ ਜਾਂਚ ਤੋਂ ਬਾਅਦ ਗੁਜਰਾਤੀ ਭਾਰਤੀ ਮਯੂਰ ਪਟੇਲ ਦਾ ਇੰਟਰਨੈੱਟ ਕੈਫੇ, ਜੋ 2850 ਐੱਸ ਡਿਕਸੀ ਹਾਈਵੇ 'ਤੇ ਸਥਿਤ ਹੈ। ਛਾਪੇਮਾਰੀ ਦੌਰਾਨ ਮਯੂਰ ਪਟੇਲ ਕੈਫੇ ਵਿਚ ਮੌਜੂਦ ਸੀ ਅਤੇ ਪੁਲਸ ਨੇ ਉਸ ਨੂੰ ਹੋਰ ਪੁੱਛਗਿੱਛ ਲਈ ਹਿਰਾਸਤ ਵਿਚ ਲੈ ਲਿਆ। ਮਯੂਰ ਪਟੇਲ 'ਤੇ ਜੂਏ ਦਾ ਅੱਡਾ ਚਲਾਉਣ, ਅਪਰਾਧਿਕ ਸਾਧਨ ਰੱਖਣ ਅਤੇ ਭ੍ਰਿਸ਼ਟ ਗਤੀਵਿਧੀਆਂ 'ਚ ਸ਼ਾਮਲ ਹੋਣ ਦੇ ਦੋਸ਼ ਲਾਏ ਗਏ ਹਨ। ੳਹਾਇੳ ਸਮੇਤ ਅਮਰੀਕਾ ਦੇ ਬਹੁਤ ਸਾਰੇ ਰਾਜਾਂ ਵਿੱਚ ਗੇਮਿੰਗ ਮਸ਼ੀਨਾਂ 'ਤੇ ਪਾਬੰਦੀ ਲਗਾਈ ਗਈ ਹੈ, ਜੋ ਲਾਟਰੀਆਂ, ਚੈਰੀਟੇਬਲ ਬਿੰਗੋ, ਅਤੇ ਕੈਸੀਨੋ ਅਤੇ ਘੋੜ ਦੌੜ ਤੋਂ ਇਲਾਵਾ ਕਿਸੇ ਵੀ ਜੂਏ ਦੀ ਗਤੀਵਿਧੀ 'ਤੇ ਪਾਬੰਦੀ ਲਗਾਉਂਦੀ ਹੈ।