ਡੇਰਾ ਸਿਰਸਾ ਪਹੁੰਚੇ ਰਾਮ ਰਹੀਮ, ਆਉਂਦੇ ਹੀ ਪ੍ਰੇਮੀਆਂ ਨੂੰ ਲਾਇਆ ਇਹ ਸੁਨੇਹਾ...
ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੂੰ ਇੱਕ ਵਾਰ ਫਿਰ ਪੈਰੋਲ ਮਿਲ ਗਈ ਹੈ। ਸਖ਼ਤ ਸੁਰੱਖਿਆ ਦੇ ਵਿਚਕਾਰ ਉਹ ਸੋਮਵਾਰ ਸਵੇਰੇ ਸੁਨਾਰੀਆ ਜੇਲ੍ਹ ਤੋਂ ਬਾਹਰ ਨਿਕਲਿਆ।ਇਸ ਵਾਰ ਰਾਮ ਰਹੀਮ ਬਾਗਪਤ ਆਸ਼ਰਮ ਨਾ ਜਾ ਕੇ ਸਿਰਸਾ ਸਥਿਤ ਡੇਰੇ ਵਿਖੇ ਪਹੁੰਚਿਆ ਹੈ। ਇਹ ਪਹਿਲੀ ਵਾਰ ਹੈ ਕਿ 2017 ਵਿੱਚ ਸਜਾ ਸੁਣਾਉਣ ਦੇ ਬਾਅਦ ਉਸ ਨੂੰ ਸਿਰਸਾ ਡੇਰੇ ਵਿੱਚ ਜਾਣ ਦੀ ਇਜਾਜ਼ਤ ਮਿਲੀ ਹੈ। ਡੇਰਾ ਸਿਰਸਾ ਪਹੁੰਚਦੇ ਹੀ ਰਾਮ ਰਹੀਮ ਨੇ ਪ੍ਰੇਮੀਆਂ ਨੂੰ ਸੰਦੇਸ਼ ਦਿੱਤਾ ਹੈ। ਉਸ ਨੇ ਆਪਣੇ ਸੰਦੇਸ਼ ਵਿਚ ਆਖਿਆ ਹੈ ਕਿ ਸੰਗਤ ਡੇਰੇ ਵਿਚ ਨਾ ਆਏ। ਆਪਣੇ ਘਰ ਵਿਚ ਰਹਿਣ। ਜਿਵੇਂ ਸੇਵਾਦਾਰ ਤੁਹਾਨੂੰ ਕਹਿਣਗੇ, ਉਸ ਮੁਤਾਬਕ ਅਮਲ ਕਰੋ। ਦੱਸਣਯੋਗ ਹੈ ਕਿ ਗੁਰਮੀਤ ਰਾਮ ਰਹੀਮ ਨੂੰ 2017 ਵਿਚ ਜੇਲ੍ਹ ਭੇਜਿਆ ਗਿਆ ਸੀ। ਉਸ ਤੋਂ ਬਾਅਦ ਉਹ ਕਈ ਵਾਰ ਪੈਰੋਲ ਅਤੇ ਫਰਲੋ ਉਤੇ ਜੇਲ੍ਹ ਤੋਂ ਬਾਹਰ ਆ ਚੁੱਕਾ ਹੈ। ਪੈਰੋਲ ਦੇ ਦੌਰਾਨ ਉਸ ਨੇ ਵੱਖ-ਵੱਖ ਧਾਰਮਿਕ ਅਤੇ ਸਮਾਜਿਕ ਸਮਾਗਮਾਂ ਦਾ ਆਯੋਜਨ ਕੀਤਾ, ਜਿਨ੍ਹਾਂ ਵਿੱਚ ਉਸ ਦੇ ਸ਼ਰਧਾਲੂਆਂ ਦੀ ਵੱਡੀ ਸੰਖਿਆ ਨੇ ਹਿੱਸਾ ਲਿਆ। ਇਸ ਵਾਰ ਦੀ ਪੈਰੋਲ ਨੂੰ ਲੈ ਕੇ ਸੁਰੱਖਿਆ ਦੇ ਖਾਸ ਇੰਤਜ਼ਾਮ ਕੀਤੇ ਗਏ ਹਨ। ਰਾਮ ਰਹੀਮ ਦੇ ਸਿਰਸਾ ਡੇਰਾ ਪਹੁੰਚਣ ਉਤੇ ਵੱਡੇ ਇਕੱਠ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ।