ਚਾਵਾਂ ਨਾਲ ਸਕੂਲ ਭੇਜਿਆ ਸੀ 5 ਸਾਲਾ ਮਾਸੂਮ, ਲਾਸ਼ ਬਣ ਪਰਤੇ ਪੁੱਤ ਨੂੰ ਵੇਖ ਪਰਿਵਾਰ ਦਾ ਨਿਕਲਿਆ ਤ੍ਰਾਹ

ਚਾਵਾਂ ਨਾਲ ਸਕੂਲ ਭੇਜਿਆ ਸੀ 5 ਸਾਲਾ ਮਾਸੂਮ, ਲਾਸ਼ ਬਣ ਪਰਤੇ ਪੁੱਤ ਨੂੰ ਵੇਖ ਪਰਿਵਾਰ ਦਾ ਨਿਕਲਿਆ ਤ੍ਰਾਹ
ਪਿੰਡ ਲੌਹਕਾ ਵਿਖੇ ਪੰਜ ਸਾਲਾ ਬੱਚੇ ਦੀ ਟਰੱਕ ਥੱਲੇ ਆਉਣ ਕਾਰਨ ਮੌਤ ਹੋ ਜਾਣ ਦਾ ਦੁਖਦਾਇਕ ਸਮਾਚਾਰ ਪ੍ਰਾਪਤ ਹੋਇਆ ਹੈ। ਪੱਤਰਕਾਰ ਨਾਲ ਗੱਲਬਾਤ ਕਰਦੇ ਹੋਏ ਮ੍ਰਿਤਕ ਦੇ ਪਿਤਾ ਗੁਰਭੇਜ ਸਿੰਘ ਨੇ ਦੱਸਿਆ ਕਿ ਮੇਰਾ ਪੁੱਤ ਇਕ ਪ੍ਰਾਈਵੇਟ ਸਕੂਲ ਵਿੱਚ ਐੱਲ. ਕੇ. ਜੀ. ਵਿਚ ਪੜ੍ਹਦਾ ਸੀ।
ਬੀਤੇ ਦਿਨ ਬੱਚੇ ਨੂੰ ਚਾਵਾਂ ਨਾਲ ਤਿਆਰ ਕਰਕੇ ਸਕੂਲ ਭੇਜਿਆ ਸੀ। ਜਦੋਂ ਕਰੀਬ 11 ਵਜੇ ਸਕੂਲ ਤੋਂ ਛੁੱਟੀ ਹੋਣ ਉਪਰੰਤ ਮੇਰਾ ਪੁੱਤ ਹਰਜੋਤ ਸਿੰਘ ਵੈਨ ਵਿਚ ਪਿੰਡ ਲੌਹਕੇ ਪਹੁੰਚਿਆ ਤਾਂ ਤਰਨਤਾਰਨ ਵਾਲੇ ਪਾਸਿਓਂ ਇਕ ਟਰੱਕ ਲੰਘ ਰਿਹਾ ਸੀ, ਜਿਸ ਨੇ ਹਰਜੋਤ ਸਿੰਘ ਨੂੰ ਆਪਣੀ ਲਪੇਟ ਵਿਚ ਲੈ ਲਿਆ। ਹਾਦਸਾ ਐਨਾ ਭਿਆਨਕ ਸੀ ਕਿ ਪੁੱਤ ਦੀ ਮੌਕੇ 'ਤੇ ਮੌਤ ਹੋ ਗਈ। ਚਾਵਾਂ ਨਾਲ ਤਿਆਰ ਕਰ ਸਕੂਲ ਭੇਜਿਆ ਪੁੱਤ ਜਦੋਂ ਲਾਸ਼ ਬਣ ਘਰ ਪਰਤਿਆ ਤਾਂ ਪਰਿਵਾਰ ਵਿੱਚ ਚੀਕ-ਚਿਹਾੜਾ ਪੈ ਗਿਆ। ਇਸ ਘਟਨਾ ਸਬੰਧੀ ਪੁਲਸ ਵੱਲੋਂ ਮੁਕੱਦਮਾ ਦਰਜ ਕਰਕੇ ਮੁਲਜ਼ਮਾਂ ਖ਼ਿਲਾਫ਼ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।