MLA Gurpreet Gogi Shot Dead : ਲੁਧਿਆਣਾ ਤੋਂ ਪੱਛਮ ਹਲਕੇ ਦੇ ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਪ੍ਰੀਤ ਸਿੰਘ ਗੋਗੀ ਦੀ ਭੇਦਭਰੇ ਹਾਲਾਤਾਂ ਦੇ ਵਿੱਚ ਮੌਤ ਹੋ ਗਈ ਹੈ। ਸੂਤਰਾਂ ਦੇ ਮੁਤਾਬਕ ਵਿਧਾਇਕ ਗੁਰਪ੍ਰੀਤ ਸਿੰਘ ਗੋਗੀ ਨੇ ਖੁਦ ਨੂੰ ਗੋਲੀ ਮਾਰੀ ਹੈ, ਜਿਸ ਤੋਂ ਬਾਅਦ ਉਹਨਾਂ ਨੂੰ ਡੀਐਮਸੀ ਹਸਪਤਾਲ ਦੇ ਵਿੱਚ ਲਿਜਾਇਆ ਗਿਆ। ਹਾਲਾਂਕਿ ਇਹ ਵੀ ਗੱਲ ਸਾਹਮਣੇ ਆਈ ਹੈ ਕਿ ਜਿਸ ਸਮੇਂ ਗੁਰਪ੍ਰੀਤ ਸਿੰਘ ਗੋਗੀ ਆਪਣੀ ਪਿਸਤੌਲ ਸਾਫ ਕਰ ਰਹੇ ਸੀ ਉਸ ਸਮੇਂ ਅਚਾਨਕ ਉਨ੍ਹਾਂ ਨੂੰ ਗੋਲੀ ਲੱਗ ਗਈ ਜਿਸ ਕਾਰਨ ਉਨ੍ਹਾਂ ਦੀ ਮੌਤ ਹੋ ਗਈ। ਦੱਸ ਦਈਏ ਕਿ ਇਸ ਤੋਂ ਬਾਅਦ ਜਦੋਂ ਉਨ੍ਹਾਂ ਨੂੰ ਹਸਪਤਾਲ ਲੈ ਕੇ ਜਾਇਆ ਗਿਆ ਤਾਂ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤ ਐਲਾਨ ਦਿੱਤਾ। ਡੀਐਮਸੀ ਹਸਪਤਾਲ ਦੇ ਵਿੱਚ ਪੁਲਿਸ ਕਮਿਸ਼ਨਰ ਅਤੇ ਪੁਲਿਸ ਦੇ ਉਚ ਅਧਿਕਾਰੀ ਮੌਕੇ ਤੇ ਪਹੁੰਚੇ ਹੋਏ ਹਨ। ਡੀਸੀਪੀ ਜਸਕਰਨ ਸਿੰਘ ਤੇਜਾ ਦਾ ਕਹਿਣਾ ਹੈ ਕਿ ਗੋਲੀ ਸਿਰ ਦੇ ਵਿੱਚ ਲੱਗੀ ਹੈ ਅਤੇ ਆਰ ਪਾਰ ਹੋਈ ਹੈ। ਪਰ ਦੂਜੇ ਪਾਸੇ ਡੀਸੀਪੀ ਨੇ ਇਹ ਬਿਆਨ ਦਿੱਤਾ ਕਿ ਗੁਰਪ੍ਰੀਤ ਬੱਸੀ ਗੋਗੀ ਆਪਣੀ ਰਿਵਾਲਵਰ ਨੂੰ ਸਾਫ ਕਰ ਰਹੇ ਸੀ। ਡੀਸੀਪੀ ਜਸਕਰਨ ਸਿੰਘ ਤੇਜਾ ਨੇ ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਰਿਵਾਰਿਕ ਮੈਂਬਰਾਂ ਦੇ ਬਿਆਨ ਮੁਤਾਬਕ ਇਹ ਐਕਸੀਡੈਂਟਲ ਫਾਇਰ ਹੋਇਆ ਵਿਧਾਇਕ ਗੁਰਪ੍ਰੀਤ ਬੱਸੀ ਗੋਗੀ ਆਪਣੇ ਰਿਵਾਲਵਰ ਨੂੰ ਸਾਫ ਕਰਦੇ ਪਏ ਸੀ ਅਤੇ ਸਾਫ ਕਰਦੇ ਕਰਦੇ ਉਹਨਾਂ ਦੇ ਸਿਰ ’ਤੇ ਗੋਲੀ ਲੱਗ ਗਈ ਪਰ ਪੁਲਿਸ ਦਾ ਇਹ ਵੀ ਕਹਿਣਾ ਕਿ ਪੋਸਟਮਾਰਟਮ ਦੀ ਰਿਪੋਰਟ ਤੋਂ ਬਾਅਦ ਹੀ ਸਾਰੀ ਜਾਣਕਾਰੀ ਮਿਲੇਗੀ ਅਤੇ ਫਿਲਹਾਲ ਪੁਲਿਸ ਦੀ ਟੀਮ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਮਿਲੀ ਜਾਣਕਾਰੀ ਮੁਤਾਬਿਕ ਮ੍ਰਿਤਕ ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਪ੍ਰੀਤ ਬੱਸੀ ਗੋਗੀ ਦਾ ਅੰਤਿਮ ਸਸਕਾਰ ਦੁਪਹਿਰ 3 ਵਜੇ ਦੇ ਕਰੀਬ ਕੇਵੀਐਮ ਸਕੂਲ ਦੇ ਕੋਲ ਸਿਵਿਲ ਲਾਈਨ ਦੇ ਸ਼ਮਸ਼ਾਨ ਘਾਟ ਦੇ ਵਿੱਚ ਕੀਤਾ ਜਾਵੇਗਾ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਦੁੱਖ ਜਾਹਿਰ ਕਰਦੇ ਹੋਏ ਕਿਹਾ ਕਿ ਲੁਧਿਆਣਾ ਪੱਛਮੀ ਤੋਂ ਸਾਡੀ ਪਾਰਟੀ ਦੇ ਸਤਿਕਾਰਯੋਗ ਵਿਧਾਇਕ ਗੁਰਪ੍ਰੀਤ ਗੋਗੀ ਜੀ ਦੇ ਅਕਾਲ ਚਲਾਣੇ ਦੀ ਦੁਖਦਾਈ ਖ਼ਬਰ ਮਿਲੀ। ਸੁਣ ਕੇ ਬੇਹੱਦ ਦੁੱਖ ਲੱਗਿਆ, ਗੋਗੀ ਜੀ ਬੇਹੱਦ ਵਧੀਆ ਇਨਸਾਨ ਸਨ। ਦੁੱਖ ਦੀ ਘੜੀ 'ਚ ਪਰਿਵਾਰ ਨਾਲ ਦਿਲੋਂ ਹਮਦਰਦੀ। ਪਰਮਾਤਮਾ ਵਿੱਛੜੀ ਰੂਹ ਨੂੰ ਆਪਣੇ ਚਰਨਾਂ 'ਚ ਨਿਵਾਸ ਦੇਣ। ਪਰਿਵਾਰ ਸਮੇਤ ਚਾਹੁਣ ਵਾਲਿਆਂ ਨੂੰ ਦੁਖਦਾਈ ਭਾਣਾ ਮੰਨਣ ਦਾ ਹੌਸਲਾ-ਹਿੰਮਤ ਬਖ਼ਸ਼ਣ। ਵਾਹਿਗੁਰੂ ਵਾਹਿਗੁਰੂ