ਅਮਰੀਕੀ ਇੰਟੈਲੀਜੈਂਸ ਡਾਇਰੈਕਟਰ ਤੁਲਸੀ ਗਬਾਰਡ ਦੀ ਭਾਰਤ ਯਾਤਰਾ: ਰੱਖਿਆ ਅਤੇ ਅੰਤਰਰਾਸ਼ਟਰੀ ਸਹਿਯੋਗ ‘ਤੇ ਚਰਚਾ

ਅਮਰੀਕੀ ਇੰਟੈਲੀਜੈਂਸ ਡਾਇਰੈਕਟਰ ਤੁਲਸੀ ਗਬਾਰਡ ਦੀ ਭਾਰਤ ਯਾਤਰਾ: ਰੱਖਿਆ ਅਤੇ ਅੰਤਰਰਾਸ਼ਟਰੀ ਸਹਿਯੋਗ ‘ਤੇ ਚਰਚਾ

ਨਵੀਂ ਦਿੱਲੀ, 21 ਮਾਰਚ: ਅਮਰੀਕਾ ਦੇ ਕੌਮੀ ਇੰਟੈਲੀਜੈਂਸ ਡਾਇਰੈਕਟਰ ਤੁਲਸੀ ਗਬਾਰਡ ਦੀ ਨਵੀਂ ਦਿੱਲੀ ਯਾਤਰਾ ਦੋਨੋਂ ਦੇਸ਼ਾਂ ਵਿਚਲੇ ਰੱਖਿਆ, ਅਤਿਵਾਦ ਵਿਰੋਧੀ ਕਾਰਵਾਈਆਂ ਅਤੇ ਖੁਫੀਆ ਸਾਂਝੇਦਾਰੀ ‘ਤੇ ਕੇਂਦ੍ਰਿਤ ਰਹੀ।ਡਾਇਰੈਕਟਰ ਆਫ਼ ਨੈਸ਼ਨਲ ਇੰਟੈਲੀਜੈਂਸ (DNI) ਦੇ ਬੁਲਾਰੇ ਨੇ ਦੱਸਿਆ ਕਿ ਗਬਾਰਡ ਦੀ ਯਾਤਰਾ ਨੇ ਭਾਰਤ-ਅਮਰੀਕਾ ਸਬੰਧਾਂ ਦੀ ਮਜ਼ਬੂਤੀ ਨੂੰ ਦਰਸਾਇਆ, ਜੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰਾਸ਼ਟਰਪਤੀ ਡੋਨਲਡ ਟਰੰਪ ਦੀ ਅਗਵਾਈ ਵਿੱਚ ਹੋਰ ਮਜਬੂਤ ਹੋ ਰਹੇ ਹਨ।

ਉੱਚ-ਪੱਧਰੀ ਮੁਲਾਕਾਤਾਂ ਅਤੇ ਰਾਏਸੀਨਾ ਡਾਇਲਾਗ

ਤੁਲਸੀ ਗਬਾਰਡ ਆਪਣੀ ਢਾਈ ਦਿਨਾਂ ਯਾਤਰਾ ਦੌਰਾਨ ਐਤਵਾਰ ਸਵੇਰੇ ਨਵੀਂ ਦਿੱਲੀ ਪਹੁੰਚੀ ਅਤੇ ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਰੱਖਿਆ ਮੰਤਰੀ ਰਾਜਨਾਥ ਸਿੰਘ, ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਅਤੇ ਐੱਨਐੱਸਏ ਅਜੀਤ ਡੋਵਾਲ ਨਾਲ ਮੁਲਾਕਾਤਾਂ ਕੀਤੀਆਂ। ਉਨ੍ਹਾਂ ਨੇ ਰਾਏਸੀਨਾ ਡਾਇਲਾਗ ਵਿੱਚ ਵੀ ਭਾਸ਼ਣ ਦਿੱਤਾ, ਜਿਸ ਵਿੱਚ ਵਿਦੇਸ਼ੀ ਨੀਤੀਆਂ, ਸੰਘਰਸ਼-ਪੂਰਨ ਖੇਤਰਾਂ ਵਿੱਚ ਸ਼ਾਂਤੀ ਅਤੇ ਟਰੰਪ ਪ੍ਰਸ਼ਾਸਨ ਦੀ ਭੂਮਿਕਾ ‘ਤੇ ਚਰਚਾ ਕੀਤੀ।

SFJ ਅਤੇ ISI ‘ਤੇ ਚਿੰਤਾ, ਭਾਰਤ ਨੇ ਅਮਰੀਕਾ ਨੂੰ ਦਿੱਤਾ ਸੁਝਾਅ

ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਗਬਾਰਡ ਨਾਲ ਮੁਲਾਕਾਤ ਦੌਰਾਨ ਸਿੱਖਜ਼ ਫਾਰ ਜਸਟਿਸ (SFJ) ਦੀ ਗਤੀਵਿਧੀਆਂ ਤੇ ਚਿੰਤਾ ਜ਼ਾਹਰ ਕੀਤੀ। ਭਾਰਤ ਨੇ ਅਮਰੀਕਾ ਨੂੰ SFJ ਨੂੰ ਅਤਿਵਾਦੀ ਸੰਗਠਨ ਐਲਾਨਣ ਦੀ ਅਪੀਲ ਕੀਤੀ। ਸੂਤਰਾਂ ਅਨੁਸਾਰ, ISI ਅਤੇ ਬੱਬਰ ਖਾਲਸਾ ਨਾਲ SFJ ਦੇ ਸਬੰਧਾਂ ਬਾਰੇ ਵੀ ਗਬਾਰਡ ਨੂੰ ਜਾਣੂ ਕਰਵਾਇਆ ਗਿਆ ਅਤੇ ਉਨ੍ਹਾਂ ਦੇ ਵਿਰੁੱਧ ਕਾਨੂੰਨੀ ਕਾਰਵਾਈ ਲਈ ਦਬਾਅ ਬਣਾਉਣ ਦੀ ਗੱਲ ਕੀਤੀ ਗਈ। ਤੁਲਸੀ ਗਬਾਰਡ ਦੀ ਇਹ ਯਾਤਰਾ ਦੋਵੇਂ ਦੇਸ਼ਾਂ ਵਿਚਲੇ ਰੱਖਿਆ ਅਤੇ ਖੁਫੀਆ ਸਾਂਝੇਦਾਰੀ ਨੂੰ ਹੋਰ ਮਜ਼ਬੂਤ ਕਰਨ ਵੱਲ ਇੱਕ ਹੋਰ ਕਦਮ ਮੰਨੀ ਜਾ ਰਹੀ ਹੈ।