ਯੂ.ਪੀ. ‘ਚ ਆਗਰਾ ਦੇ ਮੁਗਲ ਮਿਊਜ਼ੀਅਮ ਦਾ ਨਾਮ ਬਦਲਣ ਦੀ ਤਿਆਰੀ ਹੈ। ਆਗਰਾ ਦੇ ਮੁਗਲ ਮਿਊਜ਼ੀਅਮ ਦਾ ਨਾਮ ਹੁਣ ਛੱਤਰਪਤੀ ਸ਼ਿਵਾਜੀ ਮਹਾਰਾਜ ਮਿਊਜ਼ੀਅਮ ਹੋਵੇਗਾ। ਆਗਰਾ ਮੰਡਲ ਦੀ ਸਮੀਖਿਆ ਦੌਰਾਨ ਮੁੱਖ ਮੰਤਰੀ ਯੋਗੀ ਆਦਿਤਿਅਨਾਥ ਨੇ ਇਹ ਫੈਸਲਾ ਕੀਤਾ।
ਮੁੱਖ ਮੰਤਰੀ ਨੇ ਇੱਕ ਟਵੀਟ ‘ਚ ਇਸ ਫੈਸਲੇ ਦੀ ਜਾਣਕਾਰੀ ਦਿੱਤੀ। ਉਨ੍ਹਾਂ ਨੇ ਟਵੀਟ ‘ਚ ਲਿਖਿਆ, ‘ਆਗਰਾ ‘ਚ ਨਿਰਮਾਣ ਅਧੀਨ ਮਿਊਜ਼ੀਅਮ ਨੂੰ ਛੱਤਰਪਤੀ ਸ਼ਿਵਾਜੀ ਮਹਾਰਾਜ ਦੇ ਨਾਮ ਨਾਲ ਜਾਣਿਆ ਜਾਵੇਗਾ। ਤੁਹਾਡੇ ਨਵੇਂ ਉੱਤਰ ਪ੍ਰਦੇਸ਼ ‘ਚ ਗੁਲਾਮੀ ਦੀ ਮਾਨਸਿਕਤਾ ਦੇ ਪ੍ਰਤੀਕਾਂ ਦਾ ਕੋਈ ਸਥਾਨ ਨਹੀਂ। ਸਾਡੇ ਸਾਰਿਆਂ ਦੇ ਨਾਇਕ ਸ਼ਿਵਾਜੀ ਮਹਾਰਾਜ ਹਨ। ਜੈ ਹਿੰਦ, ਜੈ ਭਾਰਤ।’
ਇਸ ਤੋਂ ਪਹਿਲਾਂ ਯੂ.ਪੀ. ਸਰਕਾਰ ਨੇ ਫੈਸਲਾ ਲਿਆ ਸੀ ਕਿ ਸੂਬੇ ਦੇ 11 ਸ਼ਹੀਦਾਂ ਦੇ ਨਾਮ ‘ਤੇ ਉਨ੍ਹਾਂ ਦੇ ਜ਼ਿਲ੍ਹੇ ਦੀ ਇੱਕ-ਇੱਕ ਸੜਕ ਦਾ ਨਾਮ ਰੱਖਿਆ ਜਾਵੇਗਾ। ਇਸ ਬਾਰੇ ਲੋਕ ਨਿਰਮਾਣ ਵਿਭਾਗ ਤੋਂ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤੀ ਗਈ ਹੈ। ਪ੍ਰਦੇਸ਼ ਦੇ ਲੋਕ ਨਿਰਮਾਣ ਵਿਭਾਗ ਤੋਂ ਜੈ ਹਿੰਦ ਵੀਰ ਰਸਤਾ ਯੋਜਨਾ ਦਾ ਐਲਾਨ ਕੀਤਾ ਗਿਆ। ਉਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰਿਆ ਨੇ ਇਨ੍ਹਾਂ ਮਾਰਗਾਂ ‘ਤੇ ਸ਼ਹੀਦਾਂ ਦੇ ਸਨਮਾਨ ‘ਚ ਵੱਡੇ ਅਤੇ ਆਕਰਸ਼ਕ ਬੋਰਡ ਲਗਾਉਣ ਦੇ ਨਿਰਦੇਸ਼ ਜਾਰੀ ਕੀਤੇ ਸਨ।