ਜ਼ਿਲ੍ਹਾ ਪੁਲਸ ਮੁਖੀ ਧਰੂਮਨ ਐੱਚ ਨਿੰਬਾਲੇ ਵਲੋਂ ਨਸ਼ਿਆਂ ਖਿਲਾਫ ਵਿੱਢੀ ਮੁਹਿੰਮ ਤਹਿਤ ਐਂਟੀ ਨਾਰਕੋਟਿਕ ਸੈੱਲ ਤਰਨਤਾਰਨ ਨੇ ਭਾਰੀ ਮਾਤਰਾ ‘ਚ ਨਸ਼ੇ ਵਾਲੀਆਂ ਗੋਲੀਆਂ ਅਤੇ ਨਸ਼ੇ ਵਾਲੇ ਟੀਕਿਆਂ ਸਮੇਤ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕਰਨ ‘ਚ ਸਫਲਤਾ ਹਾਸਲ ਕੀਤੀ ਹੈ।ਜਾਣਕਾਰੀ ਦਿੰਦਿਆਂ ਏ. ਐੱਸ. ਆਈ. ਦਵਿੰਦਰ ਕੁਮਾਰ ਨੇ ਦੱਸਿਆ ਕਿ ਉਹ ਪੁਲਸ ਪਾਰਟੀ ਸਮੇਤ ਜੀ. ਟੀ. ਰੋਡ ਨੌਸ਼ਹਿਰਾ ਪੰਨੂੰਆਂ ਵਿਖੇ ਗਸ਼ਤ ਕਰ ਰਹੇ ਸਨ ਤਾਂ ਇਕ ਨੌਜਵਾਨ ਨੂੰ ਸ਼ੱਕ ਦੇ ਆਧਾਰ ‘ਤੇ ਰੋਕਿਆ, ਜਿਸ ਨੇ ਆਪਣਾ ਨਾਮ ਸਰਵਨ ਸਿੰਘ ਪੁੱਤਰ ਨੇਕ ਸਿੰਘ ਵਾਸੀ ਪਿੰਡ ਵੇਈਂਪੁਈਂ ਦੱਸਿਆ। ਤਲਾਸ਼ੀ ਲੈਣ ‘ਤੇ ਉਕਤ ਵਿਅਕਤੀ ਕੋਲੋਂ 800 ਨਸ਼ੇ ਵਾਲੀਆਂ ਗੋਲੀਆਂ ਅਤੇ 136 ਨਸ਼ੇ ਵਾਲੇ ਟੀਕੇ (ਬਿਨਾਂ ਲੇਬਲ) ਬਰਾਮਦ ਹੋਏ। ਏ. ਐੱਸ. ਆਈ. ਦਵਿੰਦਰ ਕੁਮਾਰ ਨੇ ਦੱਸਿਆ ਕਿ ਉਕਤ ਮੁਲਜ਼ਮ ਵਿਰੁੱਧ ਥਾਣਾ ਸਰਹਾਲੀ ਵਿਖੇ ਮੁਕੱਦਮਾ ਦਰਜ ਕਰ ਕੇ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ।