ਕੋਰੋਨਾ ਕਾਰਨ 6 ਮਹੀਨੇ ਤੱਕ ਕੰਮਕਾਜ ਠੱਪ ਰਹਿਣ ਕਾਰਨ ਪੰਜਾਬ ਦੀ ਇੰਡਸਟਰੀ ਨੂੰ ਭਾਰੀ ਨੁਕਸਾਨ ਉਠਾਉਣਾ ਪਿਆ, ਜਿਸ ਦੀ ਭਰਪਾਈ ਹੋਣਾ ਜਲਦੀ ਸੰਭਵ ਨਹੀਂ ਹੈ। ਪਿਛਲੇ ਸਮੇਂ ਦੌਰਾਨ ਜਿਵੇਂ-ਕਿਵੇਂ ਕਰ ਕੇ ਇੰਡਸਟਰੀ ਚੱਲਣੀ ਸ਼ੁਰੂ ਹੋਈ ਅਤੇ ਇਸੇ ਦਰਮਿਆਨ ਕਿਸਾਨਾਂ ਵੱਲੋਂ ਖੇਤੀ ਕਾਨੂੰਨਾਂ ਦੇ ਵਿਰੋਧ ‘ਚ ਟਰੇਨਾਂ ਬੰਦ ਕਰਨ ਕਾਰਨ ਇੰਡਸਟਰੀ ‘ਤੇ ਦੋਹਰੀ ਮਾਰ ਪੈ ਗਈ, ਜਿਸ ਕਾਰਨ ਫਿਰ ਤੋਂ ਪੰਜਾਬ ਦੀ ਇੰਡਸਟਰੀ ਵੈਂਟੀਲੇਟਰ ‘ਤੇ ਆ ਚੁੱਕੀ ਹੈ। 21 ਦਿਨਾਂ ਤੋਂ ਟਰੇਨਾਂ ਬੰਦ ਰਹਿਣ ਕਾਰਨ ਇੰਡਸਟਰੀ ‘ਤੇ ਸੰਕਟ ਦੇ ਕਾਲੇ ਬੱਦਲ ਛਾ ਚੁੱਕੇ ਹਨ, ਜਿਸ ਨਾਲ ਆਉਣ ਵਾਲੇ ਤਿਉਹਾਰਾਂ ਦਾ ਸੀਜ਼ਨ ਠੰਡਾ ਰਹਿਣ ਦੇ ਪੂਰੇ ਆਸਾਰ ਬਣ ਚੁੱਕੇ ਹਨ।
ਮਾਹਿਰ ਕਹਿੰਦੇ ਹਨ ਕਿ ਕਿਸੇ ਵੀ ਸੂਬੇ ਦੀ ਗ੍ਰੋਥ ‘ਚ ਇੰਡਸਟਰੀ ਅਹਿਮ ਭੂਮਿਕਾ ਨਿਭਾਉਂਦੀ ਹੈ ਪਰ ਪੰਜਾਬ ਦੀ ਇੰਡਸਟਰੀ ਦੇ ਹਾਲਾਤ ਨੂੰ ਸੁਧਾਰਨ ‘ਚ ਸਰਕਾਰੀ ਤੰਤਰ ਫੇਲ ਸਾਬਤ ਹੋਇਆ ਹੈ, ਜਿਸ ਕਾਰਨ ਇੰਡਸਟਰੀ ਤ੍ਰਾਹ-ਤ੍ਰਾਹ ਕਰ ਰਹੀ ਹੈ। ਹਾਲਾਤ ਅਜਿਹੇ ਬਣ ਚੁੱਕੇ ਹਨ ਕਿ ਪੰਜਾਬ ‘ਚ ਰਾਅ ਮਟੀਰੀਅਲ ਦੀ ਭਾਰੀ ਕਿੱਲਤ ਆ ਚੁੱਕੀ ਹੈ, ਜਿਸ ਕਾਰਨ ਪ੍ਰੋਡਕਸ਼ਨ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੋ ਰਹੀ ਹੈ। ਉਥੇ ਹੀ ਇਨ੍ਹੀਂ ਦਿਨੀਂ ਦੂਜੇ ਸੁਬਿਆਂ ‘ਚ ਭੇਜਣ ਲਈ ਜੋ ਮਾਲ ਤਿਆਰ ਹੋਇਆ ਹੈ, ਉਹ ਵੀ ਡਿਲਿਵਰ ਨਹੀਂ ਹੋ ਪਾ ਰਿਹਾ ਹੈ।
ਲੁਧਿਆਣਾ ‘ਚ ਇਸ ਸਮੇਂ ਲਗਭਗ 3500 ਕੰਟੇਨਰ ਭਰੇ ਪਏ ਹਨ, ਜਿਨ੍ਹਾਂ ਨੂੰ ਟਰੇਨਾਂਜ਼ਰੀਏ ਭੇਜਿਆ ਜਾਣਾ ਹੈ ਪਰ ਇਨ੍ਹਾਂ ਕੰਟੇਨਰਾਂ ਨੂੰ ਟ੍ਰੈਕ ‘ਤੇ ਲਿਆਉਣ ‘ਚ ਸਰਕਾਰੀ ਤੰਤਰ ਵੱਲੋਂ ਕੋਈ ਇੰਤਜ਼ਾਮ ਨਹੀਂ ਕੀਤੇ ਗਏ, ਜਿਸ ਕਾਰਣ ਉਦਯੋਗਪਤੀ ਭਾਰੀ ਨਿਰਾਸ਼ਾ ਦੇ ਆਲਮ ‘ਚ ਹਨ। ਮਾਲ ਬਣਾਉਣ ‘ਚ ਪੈਸਾ ਖਰਚ ਹੋ ਚੁੱਕਾ ਹੈ ਅਤੇ ਰਿਕਵਰੀ ਟ੍ਰੇਨਾਂ ਦੀ ਤਰ੍ਹਾਂ ਬੰਦ ਪਈ ਹੈ। ਅਜਿਹੇ ਹਾਲਾਤ ‘ਚ ਇੰਡਸਟਰੀ ਨੂੰ ਕੰਮ ਚਲਾਉਣਾ ਵੀ ਮੁਸ਼ਕਲ ਹੋ ਰਿਹਾ ਹੈ। ਇਸ ਦਾ ਹੱਲ ਤਾਂ ਹੀ ਨਿਕਲ ਸਕਦਾ ਹੈ ਜਦੋਂ ਸਰਕਾਰ ਟ੍ਰੇਨਾਂ ਚਲਾਉਣ ‘ਚ ਸਾਰਥਕ ਕਦਮ ਉਠਾਏ।
ਟਰੇਨਾਂ ਦੇ ਬੰਦ ਰਹਿਣ ਕਾਰਣ ਪੰਜਾਬ ਦੀ ਇੰਡਸਟਰੀ ਨੂੰ ਹੋ ਰਹੇ ਨੁਕਸਾਨ ਬਾਰੇ ਉਦਯੋਗਪਤੀਆਂ ਨਾਲ ਕੀਤੀ ਗਈ ਗੱਲਬਾਤ ਦੇ ਮੁੱਖ ਅੰਸ਼ ਕੁਝ ਇਸ ਤਰ੍ਹਾਂ ਹਨ।ਟਰੇਨਾਂ ਦੀ ਆਵਾਜਾਈ ਠੱਪ ਰਹਿਣ ਕਾਰਣ ਇੰਡਸਟਰੀ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੋ ਰਹੀ ਹੈ। ਪੰਜਾਬ ਸਰਕਾਰ ਦੀਆਂ ਨੀਤੀਆਂ ਨਾਲ ਇੰਡਸਟਰੀ ਤੋਂ ਮਿਲਣ ਵਾਲਾ ਰੈਵੇਨਿਊ ਘੱਟ ਹੋਵੇਗਾ, ਜਿਸ ਨਾਲ ਪੰਜਾਬ ਦੇ ਵਿਕਾਸ ‘ਤੇ ਵੀ ਅਸਰ ਪਵੇਗਾ। ਉਦਯੋਗਪਤੀਆਂ ਨੇ ਮਾਲ ਤਿਆਰ ਕੀਤਾ ਹੋਇਆ ਹੈ ਪਰ ਉਸ ਨੂੰ ਐਕਸਪੋਰਟ ਕਰਨਾ ਸੰਭਵ ਨਹੀਂ ਹੋ ਰਿਹਾ। ਇੰਡਸਟਰੀ ਦੇ ਹਾਲਾਤ ਬਹੁਤ ਖਰਾਬ ਹਨ ਅਤੇ ਇਹ ਵੈਂਟੀਲੇਟਰ ‘ਤੇ ਆ ਚੁੱਕੀ ਹੈ। ਜੇਕਰ ਇੰਡਸਟਰੀ ਨੂੰ ਮਰਨ ਤੋਂ ਬਚਾਉਣਾ ਹੈ ਤਾਂ ਸਰਕਾਰ ਨੂੰ ਤੁਰੰਤ ਪ੍ਰਭਾਵ ਨਾਲ ਕਦਮ ਚੁੱਕਣੇ ਚਾਹੀਦੇ ਹਨ। ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਕਿਸਾਨਾਂ ਨਾਲ ਗੱਲਬਾਤ ਕਰੇ ਅਤੇ ਵਿਚਕਾਰ ਦਾ ਰਸਤਾ ਕੱਢੇ ਤਾਂ ਕਿ ਕਿਸਾਨਾਂ ਨੂੰ ਅੰਦੋਲਨ ਕਰਨ ਦੀ ਲੋੜ ਨਾ ਪਵੇ।