2022 ਦੀਆਂ ਚੋਣਾਂ ਸਿਰ ’ਤੇ, ਕੀ ਸੁਖਬੀਰ ਬਾਦਲ ਰੁੱਸਿਆਂ ਨੂੰ ਮਨਾਉਣ ਦੀ ਕਵਾਇਦ ਕਰਨਗੇ ਸ਼ੁਰੂ ਜਾਂ ਫਿਰ…?

0
498

ਫੁੱਟ ਦਾ ਸ਼ਿਕਾਰ ਅਤੇ ਧੜਿਆਂ ਵਿਚ ਵੰਡੇ ਜਾ ਚੁੱਕੇ ਸ਼੍ਰੋਮਣੀ ਅਕਾਲੀ ਦਲ (ਬ) ਨੂੰ ਮੁੜ ਪਹਿਲੇ ਵਾਲੇ ਦੌਰ ਵਿਚ ਲਿਆਉਣ ਅਤੇ ਮੁੜ ਇਕਜੁਟ ਕਰਨ ਲਈ ਪਾਰਟੀ ਦੇ ਕੌਮੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ 2022 ਵਿਚ ਹੋਣ ਜਾ ਰਹੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਜਿੱਤ ਪ੍ਰਾਪਤ ਕਰਨ ਲਈ ਸਖਤ ਮਿਹਨਤ ਦੀ ਲੋੜ ਹੈ। ਜੇਕਰ ਪੰਜਾਬ ਦੇ ਸਿਆਸੀ ਹਾਲਾਤ ’ਤੇ ਇਕ ਪੰਛੀ ਝਾਤ ਮਾਰੀ ਜਾਵੇ ਤਾਂ ਇਹ ਕਹਿਣ ਵਿਚ ਕੋਈ ਸੰਕੋਚ ਨਹੀਂ ਹੋਵੇਗਾ ਕਿ ਅਕਾਲੀ ਦਲ (ਬ) ਨਾਲੋਂ ਇਕ-ਇਕ ਕਰਕੇ ਕਈ ਦਿੱਗਜ ਟਕਸਾਲੀ ਅਕਾਲੀ ਲੀਡਰ ਵੱਖ ਹੋ ਗਏ, ਜਿਨ੍ਹਾਂ ਨੇ ਮੁੜ ਅਕਾਲੀ ਦਲ ਵੱਲ ਮੂੰਹ ਤੱਕ ਨਹੀਂ ਕੀਤਾ। ਇਸ ਲਈ ਇਸ ਸਭ ਨੂੰ ਮੁਖ ਰੱਖਦਿਆਂ ਸੁਖਬੀਰ ਬਾਦਲ ਨੂੰ ਆਪਣੇ ਪਿਤਾ ਦੇ ਉਮਰ ਅਕਾਲੀ ਦਲ ਦੇ ਦਿੱਗਜ ਅਤੇ ਪੁਰਾਣੇ ਟਕਸਾਲੀ ਅਕਾਲੀਆਂ ਨੂੰ ਹਰ ਹੀਲੇ ਮੁੜ ਪਾਰਟੀ ਵਿਚ ਲਿਆਉਣ ਲਈ ਇਕ ਵਾਰ ਤਾਂ ਉਨ੍ਹਾਂ ਨਾਲ ਮੁਲਾਕਾਤ ਕਰਨੀ ਹੀ ਪੈਣੀ ਹੈ। ਹਾਲ ਹੀ ਵਿਚ ਹੋਈਆਂ ਨਗਰ ਕੌਂਸਲਾਂ ਅਤੇ ਨਗਰ ਨਿਗਮ ਦੀਆਂ ਚੋਣਾਂ ਵਿਚ, ਜਿਸ ਤਰ੍ਹਾਂ ਅਕਾਲੀ ਦਲ ਨੂੰ ਕਾਂਗਰਸ ਪਾਰਟੀ ਦੇ ਉਮੀਦਵਾਰ ਵਲੋਂ ਕਰਾਰੀ ਹਾਰ ਦਿੱਤੀ ਗਈ ਹੈ, ਉਸ ਦੇ ਮੱਦੇਨਜ਼ਰ ਅਗਾਮੀ ਵਰ੍ਹੇ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਅਕਾਲੀ ਦਲ ਨੂੰ ਆਪਣੀ ਸ਼ਾਖ ਬਚਾਉਣ ਲਈ ਇਨ੍ਹਾਂ ਟਕਸਾਲੀਆਂ ਨੂੰ ਪਾਰਟੀ ਵਿਚ ਲਿਆਉਣਾ ਪਵੇਗਾ। ਅਜਿਹਾ ਨਾ ਹੋਣ ’ਤੇ ਕਾਂਗਰਸ ਪਾਰਟੀ ਸਿਆਸਤ ਵਿਚ ਅਕਾਲੀ ਦਲ ਨੂੰ ਅਜਿਹਾ ਧੋਬੀ ਪਟਕਨ ਦੇਵੇਗੀ ਕਿ ਮੁੜ ਤੋਂ ਅਕਾਲੀ ਦਲ ਨੂੰ ਆਪਣੇ ਪੈਰਾਂ ’ਤੇ ਖੜ੍ਹਾ ਹੋਣ ’ਚ ਮੁਸ਼ਕਲ ਹੋ ਸਕਦੀ ਹੈ। ਇਸ ਲਈ ਆਓ ਇਕ ਨਜ਼ਰ ਮਾਰਦੇ ਹਾਂ ਅਕਾਲੀ ਦਲ ’ਤੇ:ਪੰਜਾਬ ਵਿਚ ਲਗਾਤਾਰ 10 ਸਾਲ ਤੱਕ ਰਾਜ ਕਰਨ ਵਾਲੀ ਅਕਾਲੀ ਸਰਕਾਰ ਦੇ ਸਮੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੂਬੇ ਭਰ ਵਿਚ ਵੱਖ-ਵੱਖ ਜਗ੍ਹਾ ’ਤੇ ਵਾਪਰੇ ਬੇਅਦਬੀ ਦੇ ਮਾਮਲਿਆਂ ਨੂੰ ਲੈ ਜਦੋਂ ਬਾਦਲਕਿਆਂ ਦਾ ਨਾਮ ਸਾਹਮਣੇ ਆਇਆ ਤਾਂ ਉਸ ਵੇਲੇ ਸਿੱਖੀ ਨਾਲ ਪਿਆਰ ਕਰਨ ਵਾਲੇ ਅਕਾਲੀ ਦਲ ਦੇ ਕਈ ਲੀਡਰ ਨਾਰਾਜ਼ ਹੋ ਗਏ। ਲੀਡਰਾਂ ਨੇ ਨਾਰਾਜ਼ ਹੋ ਕੇ ਅਕਾਲੀ ਦਲ ਬਾਦਲ ਨੂੰ ਛੱਡਣਾ ਹੀ ਬਿਹਤਰ ਸਮਝਿਆ, ਕਿਉਂਕਿ ਉਨ੍ਹਾਂ ਦਾ ਮੰਨਣਾ ਸੀ ਕਿ ਅਕਾਲੀ ਦਲ, ਜੋ ਖੁਦ ਪੰਥ ਹਿਤੈਸ਼ੀ ਪਾਰਟੀ ਕਹਿੰਦੀ ਹੈ, ਦੀ ਸਰਕਾਰ ਵਿਚ ਬੇਅਦਬੀ ਮਾਮਲਿਆਂ ਦਾ ਸਾਹਮਣੇ ਆਉਣਾ ਬਹੁਤ ਮੰਦਭਾਗੀ ਗੱਲ ਹੈ। ਇਸੇ ਕਰਕੇ ਅਕਾਲੀ ਆਕਾਵਾਂ ਨੇ ਅਕਾਲੀ ਦਲ ਨਾਲੋਂ ਵੱਖ ਹੋ ਕੇ ਆਪਣੀਆਂ-ਆਪਣੀਆਂ ਸਿਆਸੀ ਪਾਰਟੀਆਂ ਬਣਾ ਲਈਆਂ ਪਰ ਕਈ ਅਕਾਲੀਆਂ ਨੇ ਬਾਦਲਕਿਆਂ ਨਾਲ ਜੁੜੇ ਰਹਿਣਾ ਆਪਣੀ ਭਲਾਈ ਸਮਝੀ। ਇਸ ਤੋਂ ਇਲਾਵਾ ਦੂਜਾ ਮੁਖ ਕਾਰਨ ਇਹ ਵੀ ਮੰਨਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬੇਅਦਬੀ ਦੇ ਮਾਮਲਿਆਂ ਨੂੰ ਠੱਲ੍ਹ ਪਾਉਣ ਲਈ ਪਿਛਲੀ ਅਕਾਲੀ ਸਰਕਾਰ ਸਮੇਂ ਕੁਝ ਠੋਸ ਕਦਮ ਨਹੀਂ ਚੁੱਕੇ ਗਏ।

LEAVE A REPLY

Please enter your comment!
Please enter your name here