ਦੁਨੀਆ ਭਰ ਵਿਚ ਕੋਰੋਨਾ ਵਾਇਰਸ ਦੀ ਵੈਕਸੀਨ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ। ਜਿਥੇ ਕੁਝ ਦੇਸ਼ ਕੋਰੋਨਾ ਵੈਕਸੀਨ ਬਣਾ ਲੈਣ ਦਾ ਦਾਅਵਾ ਕਰ ਰਹੇ ਹਨ ਉਥੇ ਹੀ ਕੁਝ ਦੇਸ਼ ਵੈਕਸੀਨ ਦਾ ਟਰਾਇਲ ਆਖਰੀ ਪੜਾਅ ਵਿਚ ਦੱਸ ਰਹੇ ਹਨ। ਪਰ ਕੈਨੇਡਾ ਦੇ ਵਿਗਿਆਨੀਆਂ ਦਾ ਮੰਨਣਾ ਹੈ ਕਿ ਅਜੇ ਦੇਸ਼ ਵਿਚ ਅਗਲੇ ਸਾਲ ਦੇ ਅਖੀਰ ਤੱਕ ਕੋਰੋਨਾ ਵੈਕਸੀਨ ਆਉਣ ਦੀ ਆਸ ਘੱਟ ਹੀ ਦਿਖ ਰਹੀ ਹੈ। ਇਹ ਜਾਣਕਾਰੀ ਵੈਕਸੀਨ ਵਿਕਸਿਤ ਕਰ ਰਹੇ ਵਿਗਿਆਨੀਆਂ ਨੂੰ ਲੈ ਕੇ ਕੀਤੇ ਗਏ ਇਕ ਸਰਵੇ ‘ਚ ਸਾਹਮਣੇ ਆਈ ਹੈ।
ਜਰਨਲ ਆਫ ਜਨਰਲ ਇੰਟਰਨਲ ਮੈਡੀਸਿਨ ‘ਚ ਪ੍ਰਕਾਸ਼ਿਤ ਅਧਿਐਨ ਦੀ ਰਿਪੋਰਟ ਮੁਤਾਬਕ ਬਹੁਤ ਤੇਜ਼ੀ ਨਾਲ ਕੰਮ ਕੀਤਾ ਗਿਆ ਤਾਂ ਵੀ ਅਗਲੇ ਸਾਲ ਜੂਨ ਤੋਂ ਪਹਿਲਾਂ ਆਮ ਲੋਕਾਂ ਲਈ ਵੈਕਸੀਨ ਆਉਣ ਦੀ ਸੰਭਾਵਨਾ ਨਹੀਂ ਹੈ। ਉਂਝ 2022 ਤਕ ਵੈਕਸੀਨ ਆਉਣ ਦੀ ਜ਼ਿਆਦਾ ਉਮੀਦ ਪ੍ਰਗਟਾਈ ਜਾ ਰਹੀ ਹੈ। ਅਧਿਐਨ ਕਰਨ ਵਾਲੀ ਟੀਮ ਨੇ ਇਸ ਸਾਲ ਜੂਨ ‘ਚ ਇਹ ਸਰਵੇਖਣ ਕੀਤਾ, ਜਿਸ ‘ਚ ਵੈਕਸੀਨ ਵਿਕਸਿਤ ਕਰ ਰਹੇ 28 ਵਿਗਿਆਨੀਆਂ ਨੂੰ ਸ਼ਾਮਲ ਕੀਤਾ ਗਿਆ।
ਅਧਿਐਨ ਰਿਪੋਰਟ ਦੇ ਲੇਖਕ ਕੈਨੇਡਾ ਦੇ ਮੈਕਗਿਲ ਯੂਨੀਵਰਸਿਟੀ ਦੇ ਜੋਨਾਥਨ ਕਿਮਮੇਲਮੈਨ ਨੇ ਕਿਹਾ ਕਿ ਸਰਵੇ ਦੌਰਾਨ ਮਾਹਰਾਂ ਨੇ ਕਿਹਾ ਕਿ ਉਨ੍ਹਾਂ ਨੂੰ ਅਗਲੇ ਸਾਲ ਦੀ ਸ਼ੁਰੂਆਤ ‘ਚ ਵੈਕਸੀਨ ਤਿਆਰ ਹੋਣ ਦੀ ਉਮੀਦ ਬਹੁਤ ਘੱਟ ਹੈ, ਜਿਵੇਂ ਕਿ ਅਮਰੀਕੀ ਅਧਿਕਾਰੀ ਕਹਿ ਰਹੇ ਹਨ।
ਸਰਵੇ ਦੌਰਾਨ ਵਿਗਿਆਨੀਆਂ ਤੋਂ ਸੰਭਾਵਿਤ ਸਮੇਂ ਬਾਰੇ ਪੁੱਛਿਆ ਗਿਆ, ਜਦੋਂ ਆਮ ਲੋਕਾਂ ਲਈ ਵੈਕਸੀਨ ਆ ਸਕਦੀ ਹੈ ਤਾਂ ਵਿਗਿਆਨੀਆਂ ਨੇ ਕਿਹਾ ਕਿ ਬਹੁਤ ਤੇਜ਼ੀ ਨਾਲ ਵੀ ਕੰਮ ਕੀਤਾ ਗਿਆ ਤਾਂ ਇਹ ਵੈਕਸੀਨ 2022 ਤੱਕ ਵੀ ਜਾ ਸਕਦੀ ਹੈ।