1983 ‘ਚ ਅੱਜ ਦੇ ਦਿਨ ਭਾਰਤ ਨੇ ਜਿੱਤਿਆ ਸੀ ਪਹਿਲਾ ਕ੍ਰਿਕਟ ਵਿਸ਼ਵ ਕੱਪ

0
195

ਭਾਰਤੀ ਲੋਕ ਕ੍ਰਿਕਟ ਨੂੰ ਬਹੁਤ ਤਰਜੀਹ ਦਿੰਦੇ ਹਨ ਪਰ ਕੀ ਤੁਹਾਨੂੰ ਪਤਾ ਹੈ ਕਿ 37 ਸਾਲ ਪਹਿਲਾਂ ਅੱਜ ਦੇ ਹੀ ਦਿਨ 25 ਜੂਨ 1983 ਨੂੰ ਭਾਰਤ ਨੇ ਆਪਣਾ ਪਹਿਲਾ ਵਿਸ਼ਵ ਕੱਪ ਜਿੱਤਿਆ ਸੀ। ਉਸ ਵੇਲੇ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਕਪਿਲ ਦੇਵ ਸਨ। ਪਹਿਲੇ ਸੈਮੀਫਾਈਨਲ ‘ਚ ਭਾਰਤ ਇੰਗਲੈਂਡ ਨੂੰ 6 ਵਿਕਟਾਂ ਨਾਲ ਹਰਾ ਕੇ ਫਾਈਨਲ ‘ਚ ਪਹੁੰਚਿਆ ਸੀ। ਵਿਸ਼ਵ ਕੱਪ ਦਾ ਫਾਈਨਲ ਮੈਚ ਭਾਰਤ ਅਤੇ ਵੈਸਟ ਇੰਡੀਜ਼ ਵਿਚਾਲੇ ਹੋਇਆ ਸੀ। ਇਹ ਪਹਿਲੀ ਵਾਰ ਸੀ ਜਦੋਂ ਕੋਈ ਏਸ਼ੀਆਈ ਦੇਸ਼ ਵਰਲਡ ਕੱਪ ਦੇ ਫਾਈਨਲ ਵਿੱਚ ਪਹੁੰਚਿਆ ਸੀ। ਇਹ ਫਾਈਨਲ ਮੈਚ ਲੰਡਨ ਦੇ ਲਾਰਡਜ਼ ਕ੍ਰਿਕਟ ਸਟੇਡੀਅਮ ਵਿੱਚ ਖੇਡਿਆ ਗਿਆ ਸੀ। 

ਇਸ ਮੈਚ ਦੀ ਦਿਲਚਸਪ ਗੱਲ ਇਹ ਰਹੀ ਕਿ ਭਾਰਤ ਨੂੰ ਪਹਿਲਾਂ ਬੱਲੇਬਾਜ਼ੀ ਕਰਨ ਦਾ ਮੌਕਾ ਮਿਲਿਆ ਅਤੇ ਸਾਰੀ ਟੀਮ 54 ਕੁ ਓਵਰਾਂ ‘ਚ 183 ਦੌੜਾਂ ਬਣਾ ਕੇ ਆਊਟ ਹੋ ਗਈ। ਇਸ ਗੱਲ ‘ਤੇ ਵੈਸਟ ਇੰਡੀਜ਼ ਦੀ ਮੈਨੇਜਮੈਂਟ ਬਹੁਤ ਖੁਸ਼ ਹੋਈ ਕਿਉਂਕਿ ਉਨ੍ਹਾਂ ਨੂੰ ਲੱਗਦਾ ਸੀ ਕਿ ਅਸੀਂ ਹੀ ਜਿੱਤਾਂਗੇ, ਇਸ ਲਈ ਉਨ੍ਹਾਂ ਨੇ ਜਿੱਤਣ ਤੋਂ ਬਾਅਦ ਜਸ਼ਨ ਮਨਾਉਣ ਲਈ ਚੱਲਦੇ ਮੈਚ ਦੌਰਾਨ ਹੀ ਸ਼ੈਂਪੈਨ ਮੰਗਵਾ ਲਈ ਪਰ ਜਦੋਂ ਭਾਰਤੀ ਟੀਮ ਦੀ ਜਿੱਤ ਹੋਈ ਤਾਂ ਕਪਿਲ ਦੇਵ ਨੇ ਜਾ ਕੇ ਵੈਸਟ ਇੰਡੀਜ਼ ਟੀਮ ਕੋਲੋਂ ਸ਼ੈਂਪੇਨ ਦੀ ਮੰਗ ਕੀਤੀ ਕਿ ਕੀ ਤੁਸੀਂ ਸਾਨੂੰ ਸ਼ੈਂਪੇਨ ਦੇ ਸਕਦੇ ਹੋ ਕਿਉਂਕਿ ਅਸੀਂ ਮੰਗਵਾਈ ਹੀ ਨਹੀਂ ਸੀ। ਉਸ ਰਾਤ ਭਾਰਤੀ ਖਿਡਾਰੀਆਂ ਨੇ ਵੈਸਟ ਇੰਡੀਜ਼ ਵੱਲੋਂ ਮੰਗਵਾਈ ਸ਼ੈਂਪੇਨ ਨਾਲ ਹੀ ਜਸ਼ਨ ਮਨਾਇਆ ਸੀ। 

ਇਸ ਮੈਚ ਦੌਰਾਨ ਕਪਿਲ ਦੇਵ, ਸੁਨੀਲ ਗਾਵਸਕਰ, ਸ੍ਰੀਕਾਂਤ, ਮਦਨ ਲਾਲ ਤੇ ਜਿੰਮੀ ਅਮਰਨਾਥ ਦੀਆਂ ਘਰਵਾਲੀਆਂ ਵੀ ਮੌਜੂਦ ਸਨ। ਜਦੋਂ ਵੀ ਵੈਸਟ ਇੰਡੀਜ਼ ਵੱਲੋਂ ਕੋਈ ਚੌਕਾ ਵੱਜਦਾ ਤਾਂ ਟੀਮ ਦੇ ਪ੍ਰਸ਼ੰਸਕ ਇਨ੍ਹਾਂ ਦੀਆਂ ਘਰਵਾਲੀਆਂ ਨੂੰ ਜਾਣ ਬੁੱਝ ਕੇ ਚਿੜ੍ਹਾਉਂਦੇ। ਇਸ ਲਈ ਇਹ ਸਾਰੀਆਂ ਚੱਲਦਾ ਮੈਚ ਵਿਚਾਲੇ ਛੱਡ ਕੇ ਹੋਟਲ ਚਲੇ ਗਈਆਂ ਅਤੇ ਉਥੋਂ ਹੀ ਮੈਚ ਵੇਖਿਆ। 
ਬਾਅਦ ‘ਚ ਰਾਤ ਨੂੰ ਉਨ੍ਹਾਂ ਦੇ ਹੋਟਲ ਦੇ ਬਾਹਰ ਬਹੁਤ ਸਾਰੇ ਭਾਰਤੀ ਇਕੱਠੇ ਹੋ ਗਏ, ਭੰਗੜਾ ਪੈਂਦਾ ਰਿਹਾ ਲੱਡੂ ਵੰਡੇ ਗਏ ਤੇ ਇਹ ਇਕ ਮਿੰਨੀ ਇੰਡੀਆ ਵਾਂਗ ਲੱਗਦਾ ਸੀ। ਉਸ ਵੇਲੇ ਖੁਦ ਭਾਰਤੀ ਖਿਡਾਰੀਆਂ ਨੂੰ ਵੀ ਯਕੀਨ ਨਹੀਂ ਸੀ ਕਿ ਉਹ ਇਹ ਮੈਚ ਜਿੱਤ ਜਾਣਗੇ ਉਨ੍ਹਾਂ ਲਈ ਇੱਕ ਕ੍ਰਿਸ਼ਮਾ ਸੀ ਕਿਉਂਕਿ ਵੈਸਟ ਇੰਡੀਜ਼ ਦੀ ਟੀਮ ਵਿੱਚ ਬਹੁਤ ਚੋਟੀ ਦੇ ਗੇਂਦਬਾਜ਼ ਅਤੇ ਬੱਲੇਬਾਜ਼ ਖਿਡਾਰੀ ਸਨ। 

ਇਹ ਮੈਚ ਜਿੱਤਣ ਤੋਂ ਬਾਅਦ ਹੀ ਭਾਰਤ ਵਿੱਚ ਕ੍ਰਿਕਟ ਦੀ ਲੋਕਪ੍ਰਿਅਤਾ ਵਧੀ ਸੀ। ਇਹ ਪਹਿਲੀ ਵਾਰ ਸੀ ਜਦੋਂ ਮੈਚ ਦਾ ਰੰਗੀਨ ਟੀ ਵੀ ਸਕਰੀਨ ‘ਤੇ ਪ੍ਰਸਾਰਣ ਹੋਇਆ ਸੀ, ਇਸ ਤੋਂ ਪਹਿਲਾਂ ਲੋਕ ਬਲੈਕਐਂਡ ਵਾਈਟ ਟੀ ਵੀ ‘ਤੇ ਮੈਚ ਵੇਖਦੇ ਰਹੇ ਸਨ। ਮੈਚ ਜਿੱਤਣ ਤੋਂ ਬਾਅਦ ਜਦੋਂ ਟੀਮ ਵਾਪਸ ਭਾਰਤ ਪਹੁੰਚੀ ਤਾਂ ਰਾਜ ਨੇਤਾਵਾਂ, ਉਦਯੋਗਪਤੀਆਂ ਤੇ ਹੋਰ ਵੱਡੀਆਂ ਸ਼ਖ਼ਸੀਅਤਾਂ ਵੱਲੋਂ ਉਨ੍ਹਾਂ ਨੂੰ ਬਹੁਤ ਮਾਣ ਸਨਮਾਨ ਮਿਲਿਆ। ਲਤਾ ਮੰਗੇਸ਼ਕਰ ਨੇ ਵੀ ਇਹ ਮੈਚ ਵੇਖਿਆ ਸੀ। ਉਨ੍ਹਾਂ ਨੇ ਜੇਤੂ ਟੀਮ ਲਈ ਦਿੱਲੀ ਵਿੱਚ ਇੱਕ ਕੰਸਰਟ ਰੱਖਿਆ। ਅਤੇ ਇਸ ਤੋਂ ਜਿੰਨੇ ਵੀ ਪੈਸੇ ਆਏ ਉਹ ਸਾਰੇ ਭਾਰਤੀ ਕ੍ਰਿਕਟ ਟੀਮ ਨੂੰ ਦੇ ਦਿੱਤੇ ਸਨ। ਇਹ 1983 ਦੇ ਵਰਲਡ ਕੱਪ ‘ਤੇ ਹੀ “1983” ਨਾਮਕ ਹਿੰਦੀ ਫ਼ਿਲਮ ਆ ਰਹੀ ਹੈ। ਇਸਦਾ ਨਿਰਦੇਸ਼ਣ ਕਬੀਰ ਖਾਨ ਨੇ ਕੀਤਾ ਹੈ ਅਤੇ ਕਪਿਲ ਦੇਵ ਦੇ ਰੋਲ ਵਿੱਚ ਰਣਵੀਰ ਸਿੰਘ ਵੇਖਣ ਨੂੰ ਮਿਲਣਗੇ।

LEAVE A REPLY

Please enter your comment!
Please enter your name here