ਹਰੀਕੇਨ ‘ਲੌਰਾ’ ਨੇ ਅਮਰੀਕਾ ਦੇ ਲੂਜੀਆਨਾ ਸੂਬੇ ‘ਚ ਮਚਾਈ ਤਬਾਹੀ

0
305

ਅਮਰੀਕਾ ਦੇ ਕੋਸਟਲ ਇਲਾਕੇ ਵਿਚ ਹਰ ਸਾਲ ਖਤਰਨਾਕ ਚੱਕਰਵਰਤੀ ਸਮੁੰਦਰੀ ਤੂਫਾਨ ਆਉਂਦੇ ਹਨ ਜਿਨ੍ਹਾਂ ਨੂੰ ਹਰੀਕੇਨ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਪਿਛਲੇ ਕਈ ਦਿਨਾਂ ਤੋਂ ਹਰੀਕੇਨ ‘ਲੌਰਾ’ ‘ਤੇ ਮੌਸਮ ਵਿਭਾਗ ਦੀ ਨਜ਼ਰ ਬਣੀ ਹੋਈ ਸੀ। ਇਹ ਤੂਫਾਨ ਗਲਫ ਆਫ ਮੈਕਸੀਕੋ ਵਿਚੋਂ ਹੁੰਦਾ ਹੋਇਆ ਵੀਰਵਾਰ ਸਵੇਰੇ ਦੱਖਣ-ਪੱਛਮੀ ਲੂਜੀਆਨਾ ਸਟੇਟ ਵਿਚ ਗਰਜਿਆ ਤੇ ਭਾਰੀ ਤਬਾਈ ਮਚਾਉਂਦਾ ਛੇ ਲੋਕਾਂ ਨੂੰ ਸਦਾ ਦੀ ਨੀਂਦ ਸਵਾਉਂਦਾ ਟੈਕਸਾਸ ਸਟੇਟ ਵਿਚ ਦਾਖਲ ਹੁੰਦਾ ਅੱਗੇ ਨਿਕਲ ਗਿਆ। ਤੂਫਾਨ ਲੌਰਾ ਨੇ ਲੂਜੀਆਨਾ ਦੇ ਸ਼ਹਿਰ ਲੇਕ ਚਾਰਲਸ ਦੇ ਰੀਜਨਲ ਏਅਰਪੋਰਟ ‘ਤੇ ਵੀ ਭਾਰੀ ਤਬਾਹੀ ਮਚਾਈ। ਹਵਾਈ ਅੱਡੇ ਦੇ ਉੱਤਰੀ ਸਿਰੇ ‘ਤੇ ਜਹਾਜ਼ਾਂ ਦੇ ਹੈਂਗਰਾਂ ਨੂੰ ਬਹੁਤ ਨੁਕਸਾਨ ਪਹੁੰਚਿਆ ਤੇ ਬਹੁਤ ਸਾਰੀਆਂ ਇਮਾਰਤਾਂ ਦੀਆਂ ਛੱਤਾਂ ਦੇ ਵੱਡੇ ਹਿੱਸੇ ਨੁਕਸਾਨੇ ਗਏ ਹਨ। ਜਾਣਕਾਰੀ ਮੁਤਾਬਿਕ ਚਾਰਲਜ਼ ਮੈਮੋਰੀਅਲ ਹਸਪਤਾਲ ਦੀ ਛੱਤ ਅਤੇ ਹਸਪਤਾਲ ਦੇ ਪੱਛਮ ਵਿਚਲੇ ਘਰਾਂ ਨੂੰ ਵੀ ਬਹੁਤ ਨੁਕਸਾਨ ਹੋਇਆ ਹੈ ਤੇ ਪੂਰੇ ਖੇਤਰ ਵਿਚ ਬਿਜਲੀ ਗੁੱਲ ਹੈ।ਸੈਟੇਲਾਈਟ ਦੀਆਂ ਤਸਵੀਰਾਂ ਤੋਂ ਪਤਾ ਲੱਗਦਾ ਹੈ ਕਿ ਹਾਈਵੇ 384 ਦੇ ਦੋਵੇਂ ਪਾਸੇ, ਹਾਈ ਸਕੂਲ ਦੇ ਨੇੜੇ ਬਹੁਤ ਸਾਰੀਆਂ ਇਮਾਰਤਾਂ ਦੀਆਂ ਛੱਤਾਂ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ ਹਨ। ਕੈਮਰੂਨ ਪੈਰਿਸ, ਆਦਿ ਸ਼ਹਿਰਾਂ ਵਿਚ ਹੜ੍ਹ ਦੀ ਸਥਿਤੀ ਬਣੀ ਹੋਈ ਹੈ। ਲੂਜੀਆਨਾ ਹਾਈਵੇਅ 27 ਦੇ ਹਿੱਸੇ ਅਜੇ ਵੀ ਪਾਣੀ ਦੇ ਹੇਠਾਂ ਜਾਪਦੇ ਹਨ, ਜਿਵੇਂ ਕਿ ਰੂਬੀ ਲੇਨ ਅਤੇ ਜਿੰਮੀ ਸੇਵੋਈ ਰੋਡ ਵਰਗੇ ਬਹੁਤੇ ਰੋਡਵੇਜ ਬੰਦ ਪਏ ਹਨ। ਲੂਜੀਆਨਾ ਕੋਸਟ ਤੇ ਇਸ ਸਮੇਂ ਬੀਚ ਅਤੇ ਸਮੁੰਦਰ ਇੱਕ-ਮਿੱਕ ਹੋਏ ਜਾਪਦੇ ਹਨ। ਇਸ ਸਮੇਂ ਰਾਹਤ ਕਰਮਚਾਰੀ ਤੂਫਾਨ ਵਿਚ ਫਸੇ ਲੋਕਾਂ ਦੀ ਮਦਦ ਵਿਚ ਲੱਗੇ ਹੋਏ ਹਨ।

LEAVE A REPLY

Please enter your comment!
Please enter your name here