ਬਹੁਜਨ ਸਮਾਜ ਪਾਰਟੀ (ਬਸਪਾ) ਦੀ ਪ੍ਰਧਾਨ ਮਾਇਆਵਤੀ ਨੇ ਸਾਰੇ ਭਾਰਤੀਆਂ ਦਾ ਡੀ. ਐੱਨ. ਏ. ਇਕ ਹੋਣ ਦੇ ਰਾਸ਼ਟਰੀ ਸਵੈਮ ਸੇਵਕ ਸੰਘ ਦੇ ਮੁਖੀ ਮੋਹਨ ਭਾਗਵਤ ਦੇ ਬਿਆਨ ਨੂੰ ਕਿਸੇ ਦੇ ਗਲੇ ਨਾ ਉਤਰਨ ਵਾਲਾ ਕਰਾਰ ਦਿੰਦੇ ਹੋਏ ਮੰਗਲਵਾਰ ਨੂੰ ਕਿਹਾ ਕਿ ਸੰਘ ਤੇ ਭਾਜਪਾ ਦੀ ਕਥਨੀ ਤੇ ਕਰਨੀ ’ਚ ਅੰਤਰ ਜੱਗ-ਜ਼ਾਹਿਰ ਹੈ। ਮਾਇਆਵਤੀ ਨੇ ਇਕ ਬਿਆਨ ਵਿਚ ਕਿਹਾ ਕਿ ਸੰਘ ਮੁਖੀ ਮੋਹਨ ਭਾਗਵਤ ਵੱਲੋਂ ਕੱਲ ਗਾਜ਼ੀਆਬਾਦ ਵਿਚ ਆਯੋਜਿਤ ਇਕ ਪ੍ਰੋਗਰਾਮ ਵਿਚ ਭਾਰਤ ਵਿਚ ਸਾਰੇ ਧਰਮਾਂ ਦੇ ਲੋਕਾਂ ਦਾ ਡੀ. ਐੱਨ. ਏ. ਇਕ ਹੋਣ ਅਤੇ ਹਿੰਸਾ ਦੇ ਹਿੰਦੂਤਵ ਦੇ ਵਿਰੁੱਧ ਹੋਣ ਦੀ ਜੋ ਗੱਲ ਕਹੀ ਗਈ ਹੈ, ਉਹ ਕਿਸੇ ਦੇ ਵੀ ਗਲੇ ਨਹੀਂ ਉਤਰ ਰਹੀ ਹੈ ਕਿਉਂਕਿ ਸੰਘ, ਭਾਜਪਾ ਐਂਡ ਕੰਪਨੀ ਦੇ ਲੋਕਾਂ ਤੇ ਸਰਕਾਰ ਦੀ ਕਥਨੀ ਤੇ ਕਰਨੀ ’ਚ ਫਰਕ ਸਾਰੇ ਦੇਖ ਰਹੇ ਹਨ। ਮਾਇਆਵਤੀ ਨੇ ਕਿਹਾ ਕਿ ਸੰਘ ਮੁਖੀ ਦਾ ਬਿਆਨ ‘ਮੂੰਹ ਮੇਂ ਰਾਮ-ਰਾਮ, ਬਗਲ ਮੇਂ ਛੁਰੀ’ ਵਰਗਾ ਹੈ। ਉਨ੍ਹਾਂ ਕਿਹਾ ਕਿ ਭਾਗਵਤ ਦੇਸ਼ ਦੀ ਸਿਆਸਤ ਨੂੰ ਵੰਡਕਾਰੀ ਦੱਸ ਕੇ ਕੋਸ ਰਹੇ ਹਨ, ਉਹ ਠੀਕ ਨਹੀਂ ਹੈ। ਬਸਪਾ ਮੁਖੀ ਨੇ ਕਿਹਾ ਕਿ ਸੰਘ ਮੁਖੀ ਨੇ ਆਪਣੇ ਬਿਆਨ ’ਚ ਵੱਡੀਆਂ-ਵੱਡੀਆਂ ਗੱਲਾਂ ਤਾਂ ਕਹੀਆਂ ਪਰ ਸੰਘ ਦੇ ਸਹਿਯੋਗ ਤੇ ਸਮਰਥਨ ਤੋਂ ਬਿਨਾਂ ਭਾਜਪਾ ਦੀ ਹੋਂਦ ਕੁਝ ਵੀ ਨਹੀਂ ਹੈ, ਫਿਰ ਵੀ ਸੰਘ ਆਪਣੀਆਂ ਕਹੀਆਂ ਗਈਆਂ ਗੱਲਾਂ ਨੂੰ ਭਾਜਪਾ ਤੇ ਉਸ ਦੀਆਂ ਸਰਕਾਰਾਂ ਤੋਂ ਲਾਗੂ ਕਿਉਂ ਨਹੀਂ ਕਰਵਾ ਪਾ ਰਿਹਾ ਹੈ