ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੱਲੋਂ ਬਾਦਲਾਂ ਨੂੰ ਨਸੀਹਤ

0
148

 ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਹੈ ਕਿ ਪੰਥਕ ਸੰਸਥਾਵਾਂ ‘ਤੇ ਕਾਬਜ਼ ਧਿਰ ਨੂੰ ਸਵੈ-ਪੜਚੋਲ ਕਰਨ ਅਤੇ ਦੂਜੀਆਂ ਧਿਰਾਂ ਦੇ ਸ਼ੰਕੇ ਦੂਰ ਕਰਨ ਦੇ ਯਤਨ ਕਰਨੇ ਚਾਹੀਦੇ ਹਨ। ਇੱਥੇ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਵਿਖੇ ਆਲ ਇੰਡੀਆ ਸਿੱਖ ਸਟੂਡੈਂਟਸ ਫੈੱਡਰੇਸ਼ਨ ਵੱਲੋਂ ਸਰਪ੍ਰਸਤ ਕਰਨੈਲ ਸਿੰਘ ਪੀਰਮੁਹੰਮਦ ਤੇ ਪ੍ਰਧਾਨ ਜਗਰੂਪ ਸਿੰਘ ਚੀਮਾ ਦੀ ਅਗਵਾਈ ਹੇਠ ਕਰਵਾਏ ਗਏ 76ਵੇਂ ਸਥਾਪਨਾ ਦਿਵਸ ਸਮਾਗਮ ਨੂੰ ਸੰਬੋਧਨ ਕਰਦਿਆਂ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ 1920 ਤੋਂ 1984 ਤੱਕ ਦੇ ਦੌਰ ਦੌਰਾਨ ਭਾਵੇਂ ਸਿਆਸੀ ਧਿਰਾਂ ਵੱਖ-ਵੱਖ ਸਨ ਅਤੇ ਆਪੋ-ਆਪਣਾ ਉਮੀਦਵਾਰ ਪ੍ਰਧਾਨ ਬਣਾਉਣ ਲਈ ਜ਼ੋਰ ਲਾਉਂਦੀਆਂ ਸਨ। ਜਨਰਲ ਇਜਲਾਸ ਦੌਰਾਨ ਜਿਹੜਾ ਵੀ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਬਣਦਾ ਸੀ, ਉਹ ਸਾਰਿਆਂ ਦਾ ਪ੍ਰਧਾਨ ਹੁੰਦਾ ਸੀ ਅਤੇ ਮੈਂਬਰ ਸਾਰਿਆਂ ਦੇ ਮੈਂਬਰ ਹੁੰਦੇ ਸਨ। ਉਦੋਂ ਸੰਗਤ ਕਦੇ ਸੁਫ਼ਨਿਆਂ ‘ਚ ਵੀ ਸ੍ਰੀ ਅਕਾਲ ਤਖਤ ਸਾਹਿਬ ਖ਼ਿਲਾਫ਼ ਨਹੀਂ ਸੋਚਦੀ ਸੀ। ਉਨ੍ਹਾਂ ਕਿਹਾ ਕਿ 1984 ਤੱਕ ਸਿੱਖਾਂ ‘ਚ ਆਪਸੀ ਏਕਾ ਸੀ ਅਤੇ ਲੜਾਈ ਦਿੱਲੀ ਦੇ ਤਖ਼ਤ ਨਾਲ ਸੀ। ਇਸ ਮਗਰੋਂ ਏਜੰਸੀਆਂ ਨੇ ਸਿੱਖਾਂ ਨੂੰ ਆਪਸ ‘ਚ ਲੜਵਾ ਦਿੱਤਾ ਤੇ ਜਿਹੜੀਆਂ ਸ਼ਬਦੀ ਬੰਦੂਕਾਂ ਦਿੱਲੀ ਵੱਲ ਕੇਂਦਰਿਤ ਸਨ, ਉਹ ਇਕ-ਦੂਜੇ ਵੱਲ ਕੇਂਦਰਿਤ ਹੋ ਗਈਆਂ ਤੇ ਬੇਵਿਸਾਹੀ ਦੇ ਇਕ ਦੌਰ ਦੀ ਸ਼ੁਰੂਆਤ ਹੋਈ।ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਅੱਜ ਬੇਵਿਸਾਹੀ ਦਾ ਮਾਹੌਲ ਬਣ ਗਿਆ ਹੈ। ਬਾਦਲਾਂ ਦਾ ਨਾਂ ਲਏ ਬਗੈਰ ਉਨ੍ਹਾਂ ਕਿਹਾ ਕਿ ਇਹ ਪੰਥਕ ਸੰਸਥਾਵਾਂ ‘ਤੇ ਕਾਬਜ਼ ਧਿਰ ਲਈ ਇਹ ਸੁਨਹਿਰੀ ਮੌਕਾ ਹੈ ਕਿ ਉਹ ਸਵੈ-ਪੜਚੋਲ ਕਰੇ। ਜਿੱਥੇ-ਜਿੱਥੇ ਕੋਈ ਕਮੀਆਂ ਨੇ ਸੰਗਤੀ ਸੁਝਾਅ ਦੇ ਨਾਲ ਉਹ ਦੂਰ ਕਰਨ ਦੇ ਯਤਨ ਕਰੇ ਤਾਂ ਜੋ ਕਿ ਗੈਰ-ਸਥਾਪਿਤ ਧੜਿਆਂ ਦੇ ਅੰਦਰ ਜੋ ਬੇਵਿਸਾਹੀ ਦੀ ਭਾਵਨਾ ਹੈ, ਉਹ ਦੂਰ ਹੋਵੇ। ਉਨ੍ਹਾਂ ਕਿਹਾ ਕਿ ਗੈਰ-ਸਥਾਪਿਤ ਧੜਿਆਂ ਦੇ ਅੰਦਰ ਜੋ ਬੇਵਿਸਵਾਸੀ ਦੀ ਭਾਵਨਾ ਹੈ, ਉਸ ਨੂੰ ਦੂਰ ਕਰਨ ਲਈ ਸਥਾਪਿਤ ਧਿਰ ਗੈਰ-ਸਥਾਪਿਤ ਧਿਰਾਂ ਨੂੰ ਆਪਣੇ ਕੋਲ ਬੁਲਾਵੇ, ਉਨ੍ਹਾਂ ਦੇ ਪ੍ਰਸ਼ਨਾਂ ਦਾ ਪਾਰਦਰਸ਼ੀ ਢੰਗ ਨਾਲ ਉੱਤਰ ਦੇਵੇ। ਇਹੀ ਇਕੋ ਤਰੀਕਾ ਹੈ, ਜਿਸ ਨਾਲ ਏਕਾ ਸੰਭਵ ਹੈ। ਸ੍ਰੀ ਅਕਾਲ ਤਖਤ ਸਾਹਿਬ ਸਾਡਾ ਸਾਰਿਆਂ ਦਾ ਹੈ।ਜੰਮੂ ‘ਚ ਪੰਜਾਬੀ ਭਾਸ਼ਾ ਨੂੰ ਲਾਜ਼ਮੀ ਭਾਸ਼ਾ ਵਜੋਂ ਹਟਾਉਣ ਬਾਰੇ ਬੋਲਦਿਆਂ ਇਕ ਪੁਸਤਕ ਦਾ ਹਵਾਲਾ ਦਿੰਦਿਆਂ ਗਿਆਨੀ ਹਰਪ੍ਰੀਤ ਸਿੰਘ ਕਿਹਾ ਕਿ ਇਕ ਦੌਰ ਸੀ, ਜਦੋਂ ਹਰਿਆਣਾ ‘ਚ ਸਿੱਖਾਂ ਨੂੰ ਖ਼ਤਮ ਕਰਨ ਲਈ ਪੰਜਾਬੀ ਨੂੰ ਖ਼ਤਮ ਕਰਨ ਦੀ ਜੁਗਤ ਲੜਾਈ ਗਈ ਸੀ। ਇਹੀ ਸਾਜ਼ਿਸ਼ ਹੁਣ ਜੰਮੂ ‘ਚ ਸਿੱਖਾਂ ਨੂੰ ਖ਼ਤਮ ਕਰਨ ਲਈ ਰਚੀ ਗਈ ਹੈ। ਉਨ੍ਹਾਂ ਕਿਹਾ ਕਿ ਹਰਿਆਣਾ ‘ਚ ਵੀ ਸਿੱਖ ਖਤਮ ਹੋਣ ਦੀ ਥਾਂ ਵੱਧ ਗਏ ਤੇ ਜੰਮੂ ਦੇ 7 ਲੱਖ ਸਿੱਖ ਵੀ ਕੇਂਦਰ ਦੇ ਇਸ ਕਦਮ ਨਾਲ ਖ਼ਤਮ ਨਹੀਂ ਹੋਣ ਵਾਲੇ ਪਰ ਕੇਂਦਰ ਸਰਕਾਰ ਦੇ ਇਸ ਕਦਮ ਨਾਲ ਸਿੱਖਾਂ ‘ਚ ਬੇਗਾਨਗੀ ਦੀ ਭਾਵਨਾ ਜ਼ਰੂਰ ਆਈ ਹੈ।ਉਨ੍ਹਾਂ ਕਿਹਾ ਕਿ ਇਕ ਦਿੱਲੀ ਦਾ ਤਖ਼ਤ ਹੈ ਅਤੇ ਇਕ ਸ੍ਰੀ ਅਕਾਲ ਤਖ਼ਤ ਸਾਹਿਬ ਹੈ। ਸਮੁੱਚੀ ਕੌਮ ਵਾਸਤੇ ਸ੍ਰੀ ਅਕਾਲ ਤਖ਼ਤ ਸਾਹਿਬ ਸਤਿਕਾਰਯੋਗ ਹੈ ਅਤੇ ਸਰਵਉੱਚ ਹੈ। ਉਨ੍ਹਾਂ ਨੇ ਆਲ ਇੰਡੀਆ ਸਿੱਖ ਸਟੂਡੈਂਟਸ ਫੈੱਡਰੇਸ਼ਨ ਦਾ ਸਥਾਪਨਾ ਦਿਵਸ ਮਨਾਉਣ ‘ਤੇ ਪ੍ਰਬੰਧਕਾਂ ਨੂੰ ਵਧਾਈ ਦਿੱਤੀ ਪਰ ਨਾਲ ਹੀ ਫੈੱਡਰੇਸ਼ਨ ਦੇ ਬਾਕੀ ਧੜਿਆਂ ਨਾਲ ਏਕੇ ਦੀ ਨਸੀਹਤ ਵੀ ਦਿੱਤੀ।

LEAVE A REPLY

Please enter your comment!
Please enter your name here