ਸੁਖਬੀਰ ਨੇ ਮੋਦੀ ਨੂੰ ਤੇਲ ਦੀਆਂ ਕੀਮਤਾਂ ‘ਤੇ ਕੇਂਦਰੀ ਆਬਕਾਰੀ ਡਿਊਟੀ ਘਟਾਉਣ ਲਈ ਕੀਤੀ ਅਪੀਲ

0
175

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਕਿ ਪੈਟਰੋਲ ਅਤੇ ਡੀਜ਼ਲ ‘ਤੇ ਕੇਂਦਰੀ ਆਬਕਾਰੀ ਡਿਊਟੀ ਘਟਾਈ ਜਾਵੇ ਤਾਂ ਜੋ ਤੇਲ ਕੀਮਤਾਂ ਘੱਟ ਸਕਣ ਅਤੇ ਕਿਸਾਨਾਂ, ਟਰਾਂਸਪੋਰਟ ਸੈਕਟਰ ਤੇ ਆਮ ਆਦਮੀ ਨੂੰ ਬਹੁਤ ਲੋੜੀਂਦੀ ਰਾਹਤ ਮਿਲ ਸਕੇ। ਪ੍ਰਧਾਨ ਮੰਤਰੀ ਨੂੰ ਲਿਖੇ ਇਕ ਪੱਤਰ ‘ਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਉਨ੍ਹਾਂ ਨੂੰ ਅਪੀਲ ਕੀਤੀ ਕਿ ਉਹ ਪੈਟਰੋਲੀਅਮ ਮੰਤਰਾਲਾ ਨੂੰ ਕੇਂਦਰੀ ਆਬਕਾਰੀ ਡਿਊਟੀ ਘਟਾਉਣ ਲਈ ਹਦਾਇਤ ਕਰਨ ਤਾਂ ਜੋ ਤੇਲ ਕੀਮਤਾਂ ਵਿਚ ਕਟੌਤੀ ਕੀਤੀ ਜਾ ਸਕੇ।
ਸੁਖਬੀਰ ਸਿੰਘ ਬਾਦਲ ਨੇ ਪ੍ਰਧਾਨ ਮੰਤਰੀ ਨੂੰ ਦੱਸਿਆ ਕਿ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਿਚ ਹੋਏ ਵੱਡੇ ਵਾਧੇ ਕਾਰਨ ਕਿਸਾਨ ਜੋ ਕਿ ਸਾਉਣੀ ਦੀ ਫਸਲ ਬੀਜ ਰਹੇ ਹਨ ਅਤੇ ਪਹਿਲਾਂ ਹੀ ਦੇਸ਼ ਭਰ ਵਿਚ ਸਾਜ਼ੋ ਸਮਾਨ ਦੀ ਟਰਾਂਸਪੋਰਟੇਸ਼ਨ ‘ਤੇ ਖਰਚ ਵਿਚ ਹੋਏ ਵਾਧੇ ਕਾਰਨ ਜ਼ਰੂਰੀ ਵਸਤਾਂ ਦੀਆਂ ਕੀਮਤਾਂ ਵਿਚ ਵਾਧੇ ਨਾਲ ਪ੍ਰਭਾਵਤ ਹਨ, ਨੂੰ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਅਣਕਿਆਸੇ ਵਾਧੇ ਕਾਰਨ ਆਮ ਆਦਮੀ ਨੂੰ ਵੀ ਬਹੁਤ ਮਾਰ ਪਈ ਹੈ।ਬਾਦਲ ਨੇ ਪ੍ਰਧਾਨ ਮੰਤਰੀ ਨੂੰ ਕਿਹਾ ਕਿ ਮੌਜੂਦਾ ਹਾਲਾਤ ਵਿਚ ਇਹ ਸਮਾਜ ਦੇ ਹਿੱਤ ਵਿਚ ਹੋਵੇਗਾ ਕਿ ਤੇਲ ਕੀਮਤਾਂ ਵਿਚ ਨਿਰੰਤਰ ਵਾਧੇ ਦੇ ਰੁਝਾਨ ਨੂੰ ਪੁੱਠਾ ਮੋੜਿਆ ਜਾਵੇ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਵੀ ਇਸ ਸਬੰਧ ਵਿਚ ਕਈ ਵਰਗਾਂ ਨੇ ਮੰਗ ਪੱਤਰ ਦਿੱਤੇ ਹਨ ਤੇ ਇਹ ਮਹਿਸੂਸ ਕੀਤਾ ਜਾ ਰਿਹਾ ਹੈ ਕਿ ਤੇਲ ਕੀਮਤਾਂ ਘਟਾਈਆਂ ਜਾਣੀਆਂ ਚਾਹੀਦੀਆਂ ਹਨ ਤਾਂ ਕਿ ਆਮ ਆਦਮੀ ਨੂੰ ਮਹਿੰਗਾਈ ਦੀ ਮਾਰ ਤੋਂ ਬਚਾਇਆ ਜਾ ਸਕੇ ਕਿਉਂਕਿ ਤੇਲ ਕੀਮਤਾਂ ਵਿਚ ਵਾਧੇ ਨਾਲ ਮਹਿੰਗਾਈ ਵਧਦੀ ਹੈ। ਉਨ੍ਹਾਂ ਕਿਹਾ ਕਿ ਤੇਲ ਕੀਮਤਾਂ ਵਿਚ ਕਟੌਤੀ ਨਾਲ ਇੰਡਸਟਰੀ ਨੂੰ ਵੀ ਸਹਾਇਤਾ ਮਿਲੇਗੀ ਤੇ ਇਹ ਆਪਣਾ ਲਾਗਤ ਖਰਚ ਘਟਾ ਕੇ ਆਪਣੇ ਪੈਰਾਂ ਸਿਰ ਖੜ੍ਹੀ ਹੋ ਸਕੇਗੀ। ਇਸ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਲਿਖੇ ਇਕ ਵੱਖਰੇ ਪੱਤਰ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਉਨ੍ਹਾਂ ਨੂੰ ਬੇਨਤੀ ਕੀਤੀ ਕਿ ਪੈਟਰੋਲ ਅਤੇ ਡੀਜ਼ਲ ‘ਤੇ ਸੂਬੇ ਦੇ ਟੈਕਸਾਂ ਵਿਚ ਵੀ ਵੱਡੀ ਕਟੌਤੀ ਕੀਤੀ ਜਾਵੇ ਤਾਂ ਕਿ ਕਿਸਾਨਾਂ, ਟਰਾਂਸਪੋਰਟ ਸੈਕਟਰ ਤੇ ਆਮ ਆਦਮੀ ਨੂੰ ਰਾਹਤ ਦਿੱਤੀ ਜਾ ਸਕੇ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਹਾਲਾਤ ਅਜਿਹੇ ਹਨ ਕਿ ਪੈਟਰੋਲ ‘ਤੇ ਸੂਬੇ ਦਾ ਟੈਕਸ 27.27 ਫੀਸਦੀ ਹੋ ਗਿਆ ਹੈ ਜਦਕਿ ਡੀਜ਼ਲ ‘ਤੇ ਸੂਬੇ ਦਾ ਟੈਕਸ ਇਸਦੀ ਕੀਮਤ ਦਾ 17.53 ਫੀਸਦੀ ਹੋ ਗਿਆ ਹੈ।

LEAVE A REPLY

Please enter your comment!
Please enter your name here