ਸੁਖਪਾਲ ਖਹਿਰਾ ਨੇ ਸੁਣਾਈ ਕੋਰੋਨਾ ਬਾਰੇ ਹੱਡਬੀਤੀ

0
120

ਪੰਜਾਬ ‘ਚ ਫੈਲੇ ਕੋਰੋਨਾ ਵਾਇਰਸ ਨੇ ਵੱਡੇ ਸਿਆਸੀ ਆਗੂਆਂ ਸਮੇਤ ਕਈ ਵਿਧਾਇਕਾਂ ਨੂੰ ਵੀ ਆਪਣੀ ਚਪੇਟ ‘ਚ ਲੈਣਾ ਸ਼ੁਰੂ ਕਰ ਦਿੱਤਾ ਹੈ। ਦੱਸਣਯੋਗ ਹੈ ਕਿ ਪੰਜਾਬ ਏਕਤਾ ਪਾਰਟੀ ਦੇ ਸਰਪ੍ਰਸਤ ਅਤੇ ਭੁਲੱਥ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਵੀ ਕੋਰੋਨਾ ਵਾਇਰਸ ਦੇ ਸ਼ਿਕਾਰ ਹੋ ਚੁੱਕੇ ਹਨ। ਇਸ ਦੀ ਜਾਣਕਾਰੀ ਖੁਦ ਸੁਖਪਾਲ ਖਹਿਰਾ ਨੇ ਆਪਣੇ ਫੇਸਬੁੱਕ ਪੇਜ ‘ਤੇ ਦਿੱਤੀ ਹੈ। ਹਾਲਾਂਕਿ ਉਨ੍ਹਾਂ ਦਾ ਕਹਿਣਾ ਹੈ ਕਿ ਉਹ ਠੀਕ ਹੋ ਚੁੱਕੇ ਹਨ ਪਰ ਉਹ ਇਕ ਹੋਰ ਹਫ਼ਤਾ ਇਕਾਂਤਵਾਸ ‘ਚ ਰਹਿਣਗੇ। ਉਨ੍ਹਾਂ ਦਾ ਪਰਿਵਾਰ ਵੀ ਕੋਰੋਨਾ ਪਾਜ਼ੇਟਿਵ ਸੀ, ਜੋ ਹੁਣ ਠੀਕ ਹੋ ਚੁੱਕਾ ਹੈ।ਸੁਖਪਾਲ ਸਿੰਘ ਖਹਿਰਾ ਨੇ ਫੇਸਬੁੱਕ ਪੋਸਟ ਪਾ ਕੇ ਕੋਰੋਨਾ ਸਬੰਧੀ ਹੱਡਬੀਤੀ ਸੁਣਾਉਂਦੇ ਉਨ੍ਹਾਂ ਦੱਸਿਆ, ”ਦਿੱਲੀ ਤੋਂ ਇਕ ਫਲਾਈਟ ਲੈਣ ਵਾਸਤੇ ਮੈਂ ਅਤੇ ਮੇਰੇ ਬੇਟੇ ਨੇ 14 ਅਗਸਤ ਨੂੰ ਪ੍ਰਾਈਵੇਟ ਲੈਬ ਤੋਂ ਕੋਰੋਨਾ ਟੈਸਟ ਕਰਵਾਇਆ ਸੀ, ਜੋ ਕਿ ਨੈਗੇਟਿਵ ਆਇਆ ਸੀ। ਇਸ ਤੋਂ ਬਾਅਦ 16 ਅਗਸਤ ਨੂੰ ਮੈਨੂੰ ਅਤੇ ਮੇਰੇ ਬੇਟੇ ਮਹਿਤਾਬ ਨੂੰ ਖੰਘ ਅਤੇ ਬੁਖਾਰ ਹੋਣ ਲੱਗ ਗਿਆ। ਅਸੀਂ 21 ਅਗਸਤ ਨੂੰ ਵਾਪਸ ਪੰਜਾਬ ਆ ਗਏ ਅਤੇ ਅਗਲੇ ਦਿਨ ਇਕ ਪ੍ਰਾਈਵੇਟ ਲੈਬ ਤੋਂ ਕਰਵਾਏ ਟੈਸਟ ‘ਚ ਮੇਰੇ ਬੇਟੇ ਦਾ ਟੈਸਟ ਪਾਜ਼ੇਟਿਵ ਆਇਆ। ਇਸ ਸਮੇਂ ਤੱਕ ਮੇਰੇ ਸਾਰੇ ਪਰਿਵਾਰ ਨੂੰ ਕੋਰੋਨਾ ਦੇ ਲੱਛਣ ਮਹਿਸੂਸ ਹੋਣੇ ਸ਼ੁਰੂ ਹੋ ਗਏ ਸਨ। ਫਿਰ ਅਸੀਂ 28 ਅਗਸਤ ਨੂੰ ਹੋਣ ਵਾਲੇ ਵਿਧਾਨ ਸਭਾ ਸੈਸ਼ਨ ਕਾਰਨ ਐੱਮ. ਐੱਲ. ਏ. ਹੋਸਟਲ ਚੰਡੀਗੜ੍ਹ ਦੀ ਸਰਕਾਰੀ ਲੈਬ ਤੋਂ ਸਾਡਾ ਸਾਰਿਆਂ ਦਾ ਕੋਰੋਨਾ ਟੈਸਟ ਕਰਵਾਇਆ ਗਿਆ। ਤੁਸੀਂ ਹੈਰਾਨ ਹੋਵੋਗੇ ਕਿ ਉਸੇ ਦਿਨ ਦੀ ਰੈਪਿਡ ਐਂਟੀਜਨ (Rapid 1ntigen) ਟੈਸਟ ਰਿਪੋਰਟ ਅਤੇ ਫਿਰ 48 ਘੰਟਿਆਂ ਬਾਅਦ ਵਾਲੇ ਫੁੱਲ RT-PCR ਟੈਸਟ ਵਿੱਚ ਅਸੀਂ ਸਾਰੇ ਮੁੜ ਕੋਰੋਨਾ ਨੈਗੇਟਿਵ ਪਾਏ ਗਏ। ਮੈਂ ਖੁਦ ਨੂੰ ਬੀਮਾਰ ਮਹਿਸੂਸ ਕਰਨ ਕਰਕੇ ਵਿਧਾਨ ਸਭਾ ਸੈਸ਼ਨ ‘ਚ ਸ਼ਾਮਲ ਨਹੀਂ ਹੋਇਆ। ਮੇਰੇ ਸਾਰੇ ਪਰਿਵਾਰਕ ਮੈਂਬਰ ਰਿਕਵਰ ਕਰ ਚੁੱਕੇ ਸਨ ਪਰ ਮੇਰੀ ਖਾਂਸੀ ਅਤੇ ਬੁਖਾਰ ਠੀਕ ਨਾ ਹੋਣ ਕਾਰਨ ਮੈਂ 30 ਅਗਸਤ ਨੂੰ ਆਪਣਾ ਛਾਤੀ ਦਾ ਸੀ. ਟੀ. ਸਕੈਨ ਕਰਵਾਇਆ, ਜਿਸ ‘ਚ ਮੇਰੇ ਕੋਵਿਡ ਪਾਜ਼ੇਟਿਵ ਹੋਣ ਦੇ ਸੰਕੇਤ ਮਿਲੇ।ਅੱਗੇ ਲਿਖਦੇ ਉਨ੍ਹਾਂ ਕਿਹਾ ਕਿ ਇਸ ਤੋਂ ਬਾਅਦ ਮੈਂ 31 ਅਗਸਤ ਨੂੰ ਆਪਣਾ ਐਂਟੀ ਬਾਡੀ (Anti Body) ਟੈਸਟ ਕਰਵਾਇਆ, ਜਿਸ ਵਿੱਚ ਮੇਰਾ ਕੋਵਿਡ ਪੋਜਟਿਵ ਪਾਇਆ ਜਾਣਾ ਕਨਫਰਮ ਹੋਇਆ ਪਰ 18 antibody ਆਉਣਾ ਇਕ ਚੰਗਾ ਸੰਕੇਤ ਸੀ ਕਿ ਮੇਰੇ ਅੰਦਰ ਇਸ ਵਾਇਰਸ ਨਾਲ ਲੜਣ ਦੀ ਸ਼ਕਤੀ ਕਾਫ਼ੀ ਵੱਧ ਚੁੱਕੀ ਸੀ। ਜਿਸ ਕਰਕੇ ਮੇਰੇ ਫੇਫੜਿਆਂ ਤੱਕ ਖ਼ਤਰਨਾਕ ਵਾਇਰਸ ਦੇ ਪਹੁੰਚ ਜਾਣ ਦੇ ਬਾਵਜੂਦ ਵੀ ਵਾਹਿਗੁਰੂ ਦੀ ਕ੍ਰਿਪਾ ਸਦਕਾ ਮੈਂ ਹੁਣ ਪੂਰੀ ਤਰਾ ਨਾਲ ਠੀਕ ਹੋ ਚੁੱਕਿਆ ਹਾਂ। ਅਸੀਂ ਸਾਰੇ ਇਕ ਹਫ਼ਤਾ ਹੋਰ ਇਕਾਂਤਵਾਸ ਰਹਾਂਗੇ। ਜਨਤਾ ਨੂੰ ਬੇਨਤੀ ਕਰਦੇ ਖਹਿਰਾ ਨੇ ਕਿਹਾ ਕਿ ਮੇਰੀ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਕਿ ਬੇਲੋੜੇ ਜਨਤਕ ਸੰਪਰਕ ਤੋਂ ਗੁਰੇਜ ਕਰੋ ਅਤੇ ਲੋੜੀਂਦਾ ਪਰਹੇਜ਼ ਰੱਖੋ ਕਿਉਂਕਿ ਇਹ ਬੀਮਾਰੀ ਬਹੁਤ ਹੀ ਜ਼ਿਆਦਾ ਖ਼ਤਰਨਾਕ ਹੈ।

LEAVE A REPLY

Please enter your comment!
Please enter your name here