ਸੀਨੀਅਰ ਭਾਜਪਾ ਨੇਤਾ ਨੇ ਮੁੱਖ ਮੰਤਰੀ ਨੂੰ ਮੇਲ ਕਰ ਕੇ ਖੋਲ੍ਹੀ ਸਰਕਾਰੀ ਹਸਪਤਾਲ ਦੀ ਪੋਲ

0
307

 ਭਾਜਪਾ ਪੰਜਾਬ ਦੇ ਵਾਈਸ ਪ੍ਰਧਾਨ ਪ੍ਰਵੀਨ ਬਾਂਸਲ ਨੇ ਸਰਕਾਰ ਦੇ ਦਾਅਵਿਆਂ ਨੂੰ ਖੋਖਲਾ ਦੱਸਦੇ ਹੋਏ ਸਰਕਾਰੀ ਹਸਪਤਾਲ ਦੀ ਕਾਰਜਸ਼ੈਲੀ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ। ਉਨ੍ਹਾਂ ਨੇ ਇਸ ਸਬੰਧੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਈ-ਮੇਲ ਰਾਹੀਂ ਅਤੇ ਪੱਤਰ ਭੇਜ ਕੇ ਦੱਸਿਆ ਕਿ ਲੁਧਿਆਣਾ ਦੇ ਸਰਕਾਰੀ ਹਸਪਤਾਲ ‘ਚ ਕਿਵੇਂ ਆਮ ਜਨਤਾ ਨੂੰ ਕੋਰੋਨਾ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ। ਸੀਨੀਅਰ ਭਾਜਪਾ ਦੇ ਨੇਤਾ ਪ੍ਰਵੀਨ ਬਾਂਸਲ ਨੇ ਦੱਸਿਆ ਕਿ ਉਹ 23 ਜੁਲਾਈ ਨੂੰ ਆਪਣਾ ਟੈਸਟ ਕਰਵਾਉਣ ਲਈ ਸਿਵਲ ਹਸਪਤਾਲ ਗਏ ਸਨ, ਜਿੱਥੇ ਪਹਿਲਾਂ ਤੋਂ ਟੈਸਟ ਕਰਵਾਉਣ ਵਾਲਿਆਂ ਦੀਆਂ ਲੰਬੀਆਂ ਲਾਈਨਾਂ ਲੱਗੀਆਂ ਹੋਈਆਂ ਸਨ। ਉਹ ਵੀ ਆਮ ਜਨਤਾ ਵਾਂਗ ਖੁਦ ਲਾਈਨ ‘ਚ ਲੱਗੇ ਅਤੇ ਪਹਿਲਾਂ ਪਰਚੀ ਕਟਵਾਈ। ਉਨ੍ਹਾਂ ਦਾ ਕਹਿਣਾ ਹੈ ਕਿ ਹਸਪਤਾਲ ‘ਚ ਪਹਿਲਾਂ ਪਰਚੀ ਕੱਟੀ ਜਾਂਦੀ ਹੈ ਅਤੇ ਫਿਰ ਟੈਸਟ ਕਰਵਾਉਣ ਲਈ ਦੁਪਹਿਰ ਤੱਕ ਇੰਤਜ਼ਾਰ ਕਰਨਾ ਪੈਂਦਾ ਹੈ। ਦੁਪਹਿਰ ਇਕ ਵਜੇ ਪਰਚੀ ਕਾਊਂਟਰ ਬੰਦ ਕਰ ਦਿੱਤਾ ਜਾਂਦਾ ਹੈ, ਜਿਸ ਤੋਂ ਬਾਅਦ ਲਾਈਨ ‘ਚ ਲੱਗੇ ਬਾਕੀ ਲੋਕਾਂ ਦਾ ਟੈਸਟ ਨਹੀਂ ਹੁੰਦਾ ਅਤੇ ਪਰਚੀ ਕਟਵਾ ਚੁੱਕੇ ਲੋਕਾਂ ਦੀ ਸੈਂਪਲਿੰਗ ਕੀਤੀ ਜਾਂਦੀ ਹੈ। ਪਰਚੀ ਕਟਵਾਉਣ ਅਤੇ ਸੈਂਪਲਿੰਗ ਦੌਰਾਨ ਦੋ ਤੋਂ ਤਿੰਨ ਘੰਟੇ ਲੱਗ ਜਾਂਦੇ ਹਨ।ਅਜਿਹੇ ਵਿਚ ਉਥੇ ਕਈ ਗਰਭਵਤੀ ਔਰਤਾਂ, ਬਜ਼ੁਰਗ ਅਤੇ ਕਈ ਲੋਕ ਖੜ੍ਹੇ ਹੁੰਦੇ ਹਨ। ਉਨ੍ਹਾਂ ਲਈ ਨਾ ਪੀਣ ਲਈ ਪਾਣੀ ਦੀ ਸਹੂਲਤ, ਨਾ ਬੈਠਣ ਲਈ ਕੋਈ ਸਹੂਲਤ ਸੀ। ਇੰਨੀਆਂ ਪ੍ਰੇਸ਼ਾਨੀਆਂ ਵਿਚ ਲੋਕਾਂ ਦਾ ਕੋਰੋਨਾ ਟੈਸਟ ਹੁੰਦਾ ਹੈ। ਇਸ ਤੋਂ ਬਾਅਦ ਉਨ੍ਹਾਂ ਦੀ ਰਿਪੋਰਟ 6 ਦਿਨਾਂ ਬਾਅਦ ਆਈ। ਹਾਲਾਂਕਿ ਉਨ੍ਹਾਂ ਦੀ ਰਿਪੋਰਟ ਨੈਗੇਟਿਵ ਸੀ ਪਰ ਉਨ੍ਹਾਂ ਨੂੰ ਟੈਸਟ ਕਰਵਾਉਣ ਤੋਂ ਬਾਅਦ ਪਤਾ ਲੱਗਾ ਕਿ ਕਿਵੇਂ ਸਰਕਾਰ ਦਾਅਵੇ ਤਾਂ ਵੱਡੇ-ਵੱਡੇ ਕਰ ਰਹੀ ਹੈ ਪਰ ਜ਼ਮੀਨੀ ਪੱਧਰ ‘ਤੇ ਜ਼ੀਰੋ ਹੈ।ਪ੍ਰਵੀਨ ਬਾਂਸਲ ਨੇ ਕਿਹਾ ਕਿ ਸਿਹਤ ਮਹਿਕਮੇ ਦੀ ਇਕ ਹੋਰ ਵੱਡੀ ਲਾਪਰਵਾਹੀ ਹੈ। ਦੁੱਗਰੀ ਇਲਾਕੇ ‘ਚ ਰਹਿਣ ਵਾਲਾ ਇਕ ਵਿਅਕਤੀ ਕੋਰੋਨਾ ਪਾਜ਼ੇਟਿਵ ਆਇਆ ਸੀ। ਉਸ ਨੂੰ ਪੂਰੀ ਸਾਵਧਾਨੀ ਨਾਲ ਕੁਆਰੰਟਾਈਨ ਕਰਨ ਦੀ ਬਜਾਏ ਉਸ ਨੂੰ ਕਾਲ ਕਰ ਕੇ ਕਿਹਾ ਗਿਆ ਕਿ ਉਹ ਖੁਦ ਆਈਸੋਲੇਸ਼ਨ ਵਾਰਡ ਪੁੱਜ ਜਾਣ। ਇਕ ਹੋਰ ਕੇਸ ਵਿਚ ਕਾਰੋਬਾਰੀ ਸੰਜੀਵ ਨਾਗਪਾਲ ਦੀ ਵੱਡੇ ਹਸਪਤਾਲ ‘ਚ ਬੈੱਡ ਨਾ ਮਿਲਣ ਕਾਰਨ ਮੌਤ ਹੋ ਗਈ। ਬਾਂਸਲ ਨੇ ਮੁੱਖ ਮੰਤਰੀ ਨੂੰ ਕੁੱਝ ਸੁਝਾਅ ਵੀ ਦਿੱਤੇ ਅਤੇ ਕਿਹਾ ਕਿ ਸਿਆਸਤ ਤੋਂ ਉੱਪਰ ਉੱਠ ਕੇ ਹੋਰ ਵੱਡੀਆਂ-ਵੱਡੀਆ ਗੱਲਾਂ ਕਰਨ ਦੀ ਬਜਾਏ ਪੰਜਾਬ ਦੀ ਜਨਤਾ ਦੀ ਜ਼ਿੰਦਗੀ ਦੀ ਪ੍ਰਵਾਹ ਕਰਨ, ਨਾ ਕਿ ਲੋਕਾਂ ਦੀ ਜ਼ਿੰਦਗੀ ਨਾਲ ਖੇਡਣ, ਨਹੀਂ ਤਾਂ ਇਹ ਮਹਾਮਾਰੀ ਵਧਦੀ ਹੀ ਜਾਵੇਗੀ।

LEAVE A REPLY

Please enter your comment!
Please enter your name here