ਰਾਜਸਥਾਨ ਵਿਚ ਸਿਆਸੀ ਤੂਫ਼ਾਨ ਤੋਂ ਬਾਅਦ ਸਾਬਕਾ ਉੱਪ ਮੁੱਖ ਮੰਤਰੀ ਅਤੇ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸਚਿਨ ਪਾਇਲਟ ਨੇ ਚੁੱਪੀ ਤੋੜ ਦਿੱਤੀ ਹੈ। ਉਨ੍ਹਾਂ ਕਿਹਾ ਕਿ ਉਹ ਭਾਜਪਾ ਵਿਚ ਸ਼ਾਮਲ ਨਹੀਂ ਹੋ ਰਹੇ ਹਨ। ਪਾਇਲਟ ਨੇ ਇਕ ਨਿਊਜ਼ ਏਜੰਸੀ ਨਾਲ ਵਿਸ਼ੇਸ਼ ਗੱਲਬਾਤ ਵਿਚ ਇਹ ਵੀ ਕਿਹਾ ਕਿ ਉਨ੍ਹਾਂ ਨੇ ਕਾਂਗਰਸ ਨੂੰ ਰਾਜਸਥਾਨ ਦੀ ਸੱਤਾ ਵਿਚ ਵਾਪਸ ਲਿਆਉਣ ਲਈ ਬਹੁਤ ਮਿਹਨਤ ਕੀਤੀ ਸੀ। ਇਹ ਪੁੱਛੇ ਜਾਣ ‘ਤੇ ਕਿ ਉਹ ਭਾਜਪਾ ‘ਚ ਸ਼ਾਮਲ ਹੋ ਰਹੇ ਹਨ ਤਾਂ ਉਨ੍ਹਾਂ ਨੇ ਕਿਹਾ ਕਿ ਮੈਂ ਭਾਜਪਾ ਵਿਚ ਸ਼ਾਮਲ ਨਹੀਂ ਹੋ ਰਿਹਾ ਹਾਂ। ਪਾਇਲਟ ਦਾ ਕਹਿਣਾ ਸੀ ਕਿ ਰਾਜਸਥਾਨ ਦੇ ਕੁਝ ਨੇਤਾ ਇਨ੍ਹਾਂ ਅਫਵਾਹਾਂ ਨੂੰ ਹਵਾ ਦੇ ਰਹੇ ਹਨ ਕਿ ਮੈਂ ਭਾਜਪਾ ‘ਚ ਸ਼ਾਮਲ ਹੋਣ ਜਾ ਰਿਹਾ ਹਾਂ, ਜਦਕਿ ਇਹ ਸੱਚ ਨਹੀਂ ਹੈ।ਦੋਹਾਂ ਮੁੱਖ ਅਹੁਦਿਆਂ ਤੋਂ ਹਟਾਏ ਜਾਣ ਤੋਂ ਬਾਅਦ ਪਾਇਲਟ ਨੇ ਪਹਿਲੀ ਵਾਰ ਜਨਤਕ ਰੂਪ ਨਾਲ ਇੰਨੀ ਵਿਸਥਾਰਪੂਰਵਕ ਟਿੱਪਣੀ ਕੀਤੀ ਹੈ। ਮੰਨਿਆ ਜਾ ਰਿਹਾ ਹੈ ਕਿ ਉਹ ਛੇਤੀ ਹੀ ਆਪਣੇ ਅਗਲੇ ਕਦਮ ਬਾਰੇ ਕੋਈ ਫੈਸਲਾ ਕਰਨਗੇ। ਜ਼ਿਕਰਯੋਗ ਹੈ ਕਿ ਅਸ਼ੋਕ ਗਹਿਲੋਤ ਸਰਕਾਰ ਵਿਰੁੱਧ ਬਗਾਵਤੀ ਰੁਖ਼ ਅਪਣਾਉਣ ਵਾਲੇ ਪਾਇਲਟ ਅਤੇ ਉਨ੍ਹਾਂ ਦੇ ਸਾਥੀ ਨੇਤਾਵਾਂ ਵਿਰੁੱਧ ਕਾਂਗਰਸ ਨੇ ਮੰਗਲਵਾਰ ਨੂੰ ਸਖਤ ਕਾਰਵਾਈ ਕੀਤੀ। ਪਾਇਲਟ ਨੂੰ ਉੱਪ ਮੁੱਖ ਮੰਤਰੀ ਅਹੁਦੇ ਦੇ ਨਾਲ-ਨਾਲ ਪਾਰਟੀ ਦੇ ਪ੍ਰਦੇਸ਼ ਪ੍ਰਧਾਨ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ। ਦੋ ਸਮਰਥਕ ਮੰਤਰੀਆਂ ਨੂੰ ਵੀ ਉਨ੍ਹਾਂ ਦੇ ਅਹੁਦਿਆਂ ਤੋਂ ਹਟਾ ਦਿੱਤਾ ਗਿਆ।