ਸ਼ਰਧਾਲੂਆਂ ਲਈ ਖੁਸ਼ਖ਼ਬਰੀ: ਹੁਣ ਆਨਲਾਈਨ ਮਿਲੇਗਾ ਮਾਤਾ ਚਿੰਤਪੂਰਨੀ ਮੰਦਰ ਦਾ ‘ਪ੍ਰਸਾਦ’

0
174

ਕੋਰੋਨਾ ਕਾਲ ਕਾਰਨ ਹਿਮਾਚਲ ਪ੍ਰਦੇਸ਼ ਦੇ ਪ੍ਰਸਿੱਧ ਮਾਤਾ ਚਿੰਤਪੂਰਨੀ ਮੰਦਰ ਵਿਚ ਆਨਲਾਈਨ ਦਰਸ਼ਨ ਵਿਵਸਥਾ ਸ਼ੁਰੂ ਕੀਤੇ ਜਾਣ ਮਗਰੋਂ ਮੰਦਰ ਪ੍ਰਸ਼ਾਸਨ ਨੇ ਹੁਣ ਪ੍ਰਸਾਦ ਦੀ ਹੋਮ ਡਿਲਿਵਰੀ ਸ਼ੁਰੂ ਕੀਤੀ ਹੈ। ਅਧਿਕਾਰਤ ਬੁਲਾਰੇ ਨੇ ਬੁੱਧਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ। ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈਰਾਮ ਠਾਕੁਰ ਨੇ ਇਸ ਸਹੂਲਤ ਦੀ ਬੀਤੇ ਦਿਨੀਂ ਸ਼ੁਰੂਆਤ ਕੀਤੀ। ਆਪਣੇ ਟਵਿੱਟਰ ਹੈਂਡਲ ‘ਤੇ ਉਨ੍ਹਾਂ ਲਿਖਿਆ ਕਿ ਕੋਵਿਡ-19 ਮਹਾਮਾਰੀ ਨੂੰ ਦੇਖਦਿਆਂ ਅੱਜ ਅਸੀਂ ਸ਼ਿਮਲਾ ਤੋਂ ਆਨਲਾਈਨ ਊਨਾ ਸਥਿਤ ਮਾਤਾ ਚਿੰਤਪੂਰਨੀ ਮੰਦਰ ਤੋਂ ‘ਆਨਲਾਈਨ ਪ੍ਰਸਾਦ’ ਪ੍ਰੋਗਰਾਮ ਦਾ ਸ਼ੁੱਭ ਆਰੰਭ ਕੀਤਾ। ਇਸ ਸਹੂਲਤ ਦਾ ਲਾਭ ਜ਼ਰੂਰ ਚੁੱਕੋ। ਮਾਂ ਚਿੰਤਪੂਰਨੀ ਦਾ ਆਸ਼ੀਰਵਾਦ ਪ੍ਰਦੇਸ਼ ਵਾਸੀਆਂ ‘ਤੇ ਹਮੇਸ਼ਾ ਬਣਿਆ ਰਹੇ ਅਤੇ ਕੋਰੋਨਾ ਆਫ਼ਤ ਨਾਲ ਹਿਮਾਚਲ ਛੇਤੀ ਬਾਹਰ ਨਿਕਲੇ, ਅਜਿਹੀ ਕਾਮਨਾ ਕਰਦਾ ਹਾਂ। ਇਸ ਦੇ ਨਾਲ ਹੀ ਉਨ੍ਹਾਂ ਨੇ ਇਕ ਲਿੰਕ ਵੀ ਜਾਰੀ ਕੀਤਾ ਹੈ, ਜਿਸ ਰਾਹੀਂ ਸ਼ਰਧਾਲੂ ਆਨਲਾਈਨ ਪ੍ਰਸਾਦ ਸੇਵਾ ਦਾ ਲਾਭ ਚੁੱਕ ਸਕਦੇ ਹਨ। ਉਨ੍ਹਾਂ ਨੇ ਸ਼ਰਧਾਲੂਆਂ ਨੂੰ ਪ੍ਰਸਾਦ ਦੀ ਆਨਲਾਈਨ ਡਿਲਿਵਰੀ ਸੇਵਾ ਪ੍ਰਦਾਨ ਕਰਨ ਦੀ ਊਨਾ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਕੋਸ਼ਿਸ਼ਾਂ ਦੀ ਸ਼ਲਾਘਾ ਕੀਤੀ। ਬੁਲਾਰੇ ਨੇ ਦੱਸਿਆ ਕਿ ਸ਼ਰਧਾਲੂ ਹੁਣ ਵੈੱਬਸਾਈਟ ‘ਤੇ ਆਨਲਾਈਨ ਆਰਡਰ ਕਰ ਕੇ ਆਪਣੇ ਘਰ ਵਿਚ ਮੰਦਰ ਦਾ ਪ੍ਰਸਾਦ ਮੰਗਵਾ ਸਕਦੇ ਹਨ। ਇਸ ਵੈੱਬਸਾਈਟ ਦਾ ਲਿੰਕ http://matashrichintpurni.com/online-prasad/ ਹੈ, ਜਿੱਥੇ ਜਾ ਕੇ ਸ਼ਰਧਾਲੂ ਆਰਡਰ ਕਰ ਸਕਦੇ ਹਨ। ਹੋਮ ਡਿਲਿਵਰੀ ਲਈ ਪ੍ਰਸਾਦ ਦੀਆਂ ਤਿੰਨ ਸ਼੍ਰੇਣੀਆਂ ਬਣਾਈਆਂ ਗਈਆਂ ਹਨ। ਇਸ ਲਈ ਸ਼ਰਧਾਲੂਆਂ ਨੂੰ 201 ਰੁਪਏ, 601 ਰੁਪਏ ਜਾਂ 1101 ਰੁਪਏ ਦੇਣੇ ਪੈਣਗੇ। ਬੁਲਾਰੇ ਨੇ ਦੱਸਿਆ ਕਿ ਆਨਲਾਈਨ ਆਰਡਰ ਤੋਂ ਬਾਅਦ ਡਾਕ ਮਹਿਕਮਾ ਅਗਲੇ ਕੁਝ ਦਿਨਾਂ ਵਿਚ ਖੇਪ ਦੀ ਸਪਲਾਈ ਕਰੇਗਾ। ਦੱਸ ਦੇਈਏ ਕਿ ਮਾਤਾ ਚਿੰਤਪੂਰਨੀ ਮੰਦਰ ਹਿਮਾਚਲ ਪ੍ਰਦੇਸ਼ ਦੇ ਊਨਾ ਜ਼ਿਲ੍ਹੇ ਵਿਚ ਸਥਿਤ ਹੈ। ਜਿੱਥੇ ਵੱਡੀ ਗਿਣਤੀ ‘ਚ ਹਰ ਸਾਲ ਸ਼ਰਧਾਲੂ ਮਾਂ ਦੇ ਦਰਬਾਰ ਨਤਮਸਤਕ ਹੋਣ ਜਾਂਦੇ ਹਨ ਪਰ ਕੋਰੋਨਾ ਵਾਇਰਸ ਕਾਰਨ ਸ਼ਰਧਾਲੂਆਂ ਲਈ ਮੰਦਰ ਦਾ ਦੁਆਰ ਅਜੇ ਖੋਲ੍ਹਿਆ ਨਹੀਂ ਗਿਆ ਹੈ ਕਿਉਂਕਿ ਭੀੜ ਜ਼ਿਆਦਾ ਹੋਣ ਜਾਂਦੀ ਹੈ ਅਤੇ ਸ਼ਰਧਾਲੂਆਂ ਦੀ ਸੁਰੱਖਿਆ ਨੂੰ ਦੇਖਦੇ ਹੋਏ ਮੰਦਰ ਅਤੇ ਧਾਰਮਿਕ ਸਥਾਨਾਂ ਨੂੰ ਬੰਦ ਰੱਖਿਆ ਗਿਆ ਹੈ। ਮੁੱਖ ਮੰਤਰੀ ਨੇ ਕਿਹਾ ਕਿ ਪ੍ਰਦੇਸ਼ ਦੇ ਵੱਧ ਤੋਂ ਵੱਧ ਧਾਰਮਿਕ ਸਥਾਨ ਸ਼ਰਧਾਲੂਆਂ ਨੂੰ ਆਨਲਾਈਨ ਦਰਸ਼ਨ ਦੀ ਸਹੂਲਤ ਉਪਲੱਬਧ ਕਰਵਾ ਰਹੀ ਹੈ।

LEAVE A REPLY

Please enter your comment!
Please enter your name here