ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਦੀ ਹਾਲਤ ਗੰਭੀਰ ਬਣੀ ਹੋਈ। ਫ਼ੌਜੀ ਹਸਪਤਾਲ ਨੇ ਅੱਜ ਭਾਵ ਸੋਮਵਾਰ ਸਵੇਰੇ ਜਾਰੀ ਸਿਹਤ ਬੁਲੇਟਿਨ ਵਿਚ ਦੱਸਿਆ ਕਿ ਮੁਖਰਜੀ ਦੀ ਹਾਲਤ ਅਜੇ ਵੀ ਗੰਭੀਰ ਬਣੀ ਹੋਈ ਹੈ ਅਤੇ ਉਨ੍ਹਾਂ ਦੀ ਨਿਗਰਾਨੀ ਕੀਤੀ ਜਾ ਰਹੀ ਹੈ। ਦਿੱਲੀ ਕੈਂਟ ਸਥਿਤ ਆਰਮੀ ਰਿਸਰਚ ਐਂਡ ਰੈਫਰਲ ਹਸਪਤਾਲ ਦੇ ਸਿਹਤ ਬੁਲੇਟਿਨ ’ਚ ਦੱਸਿਆ ਗਿਆ ਕਿ ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਦੀ ਹਾਲਤ ਗੰਭੀਰ ਬਣੀ ਹੋਈ ਹੈ ਅਤੇ ਉਹ ਵੈਂਟੀਲੇਟਰ ’ਤੇ ਹਨ। ਦੱਸਣਯੋਗ ਹੈ ਕਿ 84 ਸਾਲ ਦੇ ਮੁਖਰਜੀ ਦੇ ਸਿਹਤ ਵਿਗੜਨ ਤੋਂ ਬਾਅਦ ਉਨ੍ਹਾਂ ਨੂੰ 10 ਅਗਸਤ ਨੂੰ ਫ਼ੌਜ ਦੇ ਰਿਸਰਚ ਐਂਡ ਰੈਫਰਲ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਸੀ। ਉਨ੍ਹਾਂ ਦੇ ਦਿਮਾਗ ’ਚ ਖੂਨ ਦਾ ਥੱਕਾ ਹਟਾਉਣ ਲਈ ਆਪਰੇਸ਼ਨ ਕੀਤਾ ਗਿਆ। ਪ੍ਰਣਬ ਮੁਖਰਜੀ ਦੀ ਕੋਰੋਨਾ ਰਿਪੋਰਟ ਵੀ ਪਾਜ਼ੇਟਿਵ ਹੈ। ਉਨ੍ਹਾਂ ਦੇ ਪੁੱਤਰ ਅਭਿਜੀਤ ਮੁਖਰਜੀ ਨੇ ਐਤਵਾਰ ਨੂੰ ਟਵੀਟ ਕਰ ਕੇ ਕਿਹਾ ਕਿ ਉਨ੍ਹਾਂ ਦੀ ਸਿਹਤ ਪਿਛਲੇ ਦਿਨਾਂ ਦੀ ਤੁਲਨਾ ਵਿਚ ਕਾਫੀ ਚੰਗੀ ਅਤੇ ਸਥਿਰ ਹੈ। ਇਲਾਜ ਦਾ ਅਸਰ ਦਿੱਸ ਰਿਹਾ ਹੈ। ਸਾਨੂੰ ਪੂਰਾ ਵਿਸ਼ਵਾਸ ਹੈ ਕਿ ਉਹ ਛੇਤੀ ਹੀ ਫਿਰ ਸਾਡੇ ਦਰਮਿਆਨ ਹੋਣਗੇ।