ਵਿਨਸੇਂਟ ਨੂੰ ਹਰਾ ਕੇ ਕਾਰਲਸਨ ਸਾਂਝੀ ਬੜ੍ਹਤ ’ਤੇ

0
8

ਸ਼ਤਰੰਜ ਦਾ ਵਿੰਬਲਡਨ ਕਹੇ ਜਾਣ ਵਾਲੇ ਟਾਟਾ ਸਟੀਲ ਮਾਸਟਰਸ ਸ਼ਤਰੰਜ ਟੂਰਨਾਮੈਂਟ ਦੇ 85ਵੇਂ ਸੈਸ਼ਨ ਦੇ ਦੂਜੇ ਰਾਊਂਡ ਵਿਚ ਵਿਸ਼ਵ ਚੈਂਪੀਅਨ ਨਾਰਵੇ ਦੇ ਮੈਗਨਸ ਕਾਰਲਸਨ ਨੇ ਜਰਮਨੀ ਦੇ ਵਿਨਸੇਂਟ ਕੇਮਰ ਨੂੰ ਕਾਲੇ ਮੋਹਰਿਆਂ ਨਾਲ ਹਰਾਉਂਦੇ ਹੋਏ ਪ੍ਰਤੀਯੋਗਿਤਾ ਵਿਚ ਆਪਣੀ ਪਹਿਲੀ ਜਿੱਤ ਦਰਜ ਕਰ ਲਈ। ਇਸ ਜਿੱਤ ਦੇ ਨਾਲ ਕਾਰਲਸਨ ਨੀਦਰਲੈਂਡ ਦੇ ਅਨੀਸ਼ ਗਿਰੀ ਤੇ ਉਜਬੇਕਿਸਤਾਨ ਦੇ ਅਬਦੁਸੱਤਾਰੋਵ ਨੋਦਿਰਬੇਕ ਦੇ ਨਾਲ 1.5 ਅੰਕ ਬਣਾ ਕੇ ਸਾਂਝੀ ਬੜ੍ਹਤ ’ਤੇ ਪਹੁੰਚ ਗਿਆ ਹੈ।

ਅਨੀਸ਼ ਗਿਰੀ ਨੇ ਭਾਰਤ ਦੇ ਡੀ. ਗੁਕੇਸ਼ ਨੂੰ ਕਿਊ. ਜੀ. ਡੀ. ਓਪਨਿੰਗ ਵਿਚ ਸਿਰਫ 27 ਚਾਲਾਂ ਵਿਚ ਹਰਾਇਆ ਜਦਕਿ ਪਹਿਲੇ ਦਿਨ ਜਿੱਤਣ ਵਾਲੇ ਅਬਦੁਸੱਤਾਰੋਵ ਨੋਦਿਰਬੇਕ ਨੇ ਯੂ. ਐੱਸ.ਏ. ਦੇ ਫਬਿਆਨੋ ਕਰੂਆਨਾ ਵਿਰੁੱਧ ਬਾਜ਼ੀ ਡਰਾਅ ਖੇਡੀ। ਭਾਰਤ ਦੇ ਆਰ. ਪ੍ਰਗਿਆਨੰਦਾ ਨੇ ਕਾਲੇ ਮੋਹਰਿਆਂ ਨਾਲ ਧਾਕੜ ਯੂ. ਐੱਸ. ਏ. ਦੇ ਖਿਡਾਰੀ ਲੇਵੋਨ ਅਰੋਨੀਅਨ ਨਾਲ ਤੇ ਅਰਜੁਨ ਐਰਗਾਸੀ ਨੇ ਯੂ. ਐੱਸ. ਏ. ਦੇ ਵੇਸਲੀ ਸੋ ਨੂੰ ਬਰਾਬਰੀ ’ਤੇ ਰੋਕਦੇ ਹੋਏ ਲਗਾਤਾਰ ਦੂਜਾ ਮੁਕਾਬਲਾ ਡਰਾਅ ਖੇਡਿਆ। ਹੋਰਨਾਂ ਨਤੀਜਿਆਂ ਵਿਚ ਚੀਨ ਦੇ ਡਿੰਗ ਲੀਰੇਨ ਨੇ ਈਰਾਨ ਦੇ ਪਰਹਮ ਮਘਸੂਦਲੂ ਨਾਲ ਤੇ ਰੋਮਾਨੀਆ ਦੇ ਰਿਚਰਡ ਰਾਪਰੋਟ ਨੇ ਨੀਦਰਲੈਂਡ ਦੇ ਜੌਰਡਨ ਫੋਰੈਸਟ ਨਾਲ ਬਾਜ਼ੀ ਡਰਾਅ ਖੇਡੀ।

LEAVE A REPLY

Please enter your comment!
Please enter your name here