ਪੰਜਾਬ ਵਿਧਾਨ ਸਭਾ ਚੋਣਾਂ ’ਚ ਕਾਂਗਰਸ ਦੇ ਕੁਝ ਮੌਜੂਦਾ ਵਿਧਾਇਕਾਂ ਦੀ ਟਿਕਟਾਂ ਕੱਟੀਆਂ ਜਾਣਗੀਆਂ ਅਤੇ ਨਵੇਂ ਚਿਹਰਿਆਂ ਨੂੰ ਵੀ ਸ਼ਾਮਲ ਕੀਤਾ ਜਾਵੇਗਾ। ਆਉਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ’ਚ ਜਿੱਤ ਬਾਰੇ ਕਿਸੇ ਗ਼ਲਤਫ਼ਹਿਮੀ ਤੋਂ ਬਚਣ ਲਈ ਕਾਂਗਰਸ ਵੱਖ-ਵੱਖ 4 ਸਰਵੇ ਕਰਵਾ ਰਹੀ ਹੈ, ਜਿਸ ’ਚ ਪ੍ਰਸ਼ਾਂਤ ਕਿਸ਼ੋਰ ਵੱਲੋਂ ਕਰਵਾਇਆ ਜਾ ਰਿਹਾ ਸਰਵੇ ਵੀ ਸ਼ਾਮਲ ਹੈ। ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਇਸ ਦੀ ਪੁਸ਼ਟੀ ਕਰਦੇ ਹੋਏ ਕਿਹਾ ਹੈ ਕਿ ਵਿਧਾਨ ਸਭਾ ਚੋਣਾਂ ’ਚ ‘ਵਿਨੇਬਿਲਟੀ’ ਆਧਾਰ ਰਹੇਗਾ।ਪੰਜਾਬ ਵਿਧਾਨ ਸਭਾ ਚੋਣਾਂ ’ਚ ਜਿੱਤ ਦੇ ਮਕਸਦ ਨਾਲ ਪੰਜਾਬ ਸਰਕਾਰ ’ਚ ਨਿਯੁਕਤ ਕੀਤੇ ਗਏ ਪ੍ਰਸ਼ਾਂਤ ਕਿਸ਼ੋਰ (ਪੀ. ਕੇ.) ਚੋਣਾਂ ਦੀ ਰਣਨੀਤੀ ’ਤੇ ਪਹਿਲੀ ਬੈਠਕ ਕਰਕੇ ਦਿੱਲੀ ਪਰਤ ਚੁੱਕੇ ਹਨ। ਅਗਲੀ ਬੈਠਕ ਅਪ੍ਰੈਲ ਦੇ ਦੂਜੇ ਹਫ਼ਤੇ ’ਚ ਹੋ ਸਕਦੀ ਹੈ। ਪੀ. ਕੇ. ਦੀ ਟੀਮ ਨੇ ਪੰਜਾਬ ’ਚ ਸਰਵੇ ਸ਼ੁਰੂ ਕਰ ਦਿੱਤਾ ਹੈ। ਇਸ ਦੇ ਨਾਲ ਸੱਤਾਧਾਰੀ ਕਾਂਗਰਸ ਨੇ ਖੁਫ਼ੀਆ ਵਿਭਾਗ ਤੋਂ ਸਰਵੇ ਸ਼ੁਰੂ ਕਰਵਾਇਆ ਹੈ। ਕਾਂਗਰਸ ਹਾਈ ਕਮਾਨ ਵੱਲੋਂ ਆਪਣੇ ਪੱਧਰ ’ਤੇ ਪੰਜਾਬ ਚੋਣਾਂ ਨੂੰ ਲੈ ਕੇ ਸਰਵੇ ਸ਼ੁਰੂ ਕਰਵਾਇਆ ਹੈ, ਜਦਕਿ ਪੰਜਾਬ ਕਾਂਗਰਸ ਵੱਲੋਂ ਵੱਖ-ਵੱਖ ਸੀਟਾਂ ਲਈ ਸਰਵੇ ਕਰਵਾਇਆ ਜਾ ਰਿਹਾ ਹੈ।ਫਿਲਹਾਲ ਕਾਂਗਰਸ ਇਸ ਵਿਚਾਰ ’ਚ ਹੈ ਕਿ ਬੀਤੀਆਂ ਵਿਧਾਨ ਸਭਾ ਚੋਣਾਂ ’ਚ ਪਾਰਟੀ ਦੇ ਉਮੀਦਵਾਰ, ਜਿਥੋਂ ਚੋਣ ਹਾਰੇ ਸਨ, ਉਥੇ ਨਵੇਂ ਉਮੀਦਵਾਰਾਂ ਨੂੰ ਪ੍ਰਾਜੈਕਟ ਕੀਤਾ ਜਾਵੇ। ਇਸ ’ਚ ਕੁਝ ਸੀਟਾਂ ’ਤੇ ਉਮੀਦਵਾਰ ਪੁਰਾਣੇ ਵਾਲੇ ਹੋ ਸਕਦੇ ਹਨ ਪਰ ਜ਼ਿਆਦਾਤਰ ਚਿਹਰੇ ਨਵੇਂ ਹੋਣਗੇ। ਮੌਜੂਦਾ ਸਮੇਂ ’ਚ ਜੋ ਕਾਂਗਰਸ ਵਿਧਾਇਕ ਹਨ, ਉਨ੍ਹਾਂ ’ਚੋਂ ਕੁਝ ਦਾ ਪੱਤਾ ਕਟਣ ਦੀ ਤਿਆਰੀ ਹੈ। ਮਤਲਬ ਸਾਫ਼ ਹੈ ਕਿ ਸਾਰੇ 4 ਸਰਵਿਆਂ ’ਤੇ ਵਿਚਾਰ ਹੋਵੇਗਾ ਅਤੇ ਇਸ ਤੋਂ ਬਾਅਦ ਉਮੀਦਵਾਰ ਦਾ ਫ਼ੈਸਲਾ ਹੋਵੇਗਾ। ਇਸ ਦੌਰਾਨ ਪੰਜਾਬ ਕਾਂਗਰਸ ਸਾਰੇ ਵਿਧਾਨ ਸਭਾ ਖੇਤਰਾਂ ’ਚ, ਬਲਾਕ ਅਤੇ ਜ਼ਿਲ੍ਹਾ ਕਾਂਗਰਸ ਕਮੇਟੀਆਂ ਵੱਲੋਂ ਟਿਕਟਾਂ ਦੇ ਦਾਅਵੇਦਾਰਾਂ ਤੋਂ ਅਰਜ਼ੀਆਂ ਮੰਗਣ ਦਾ ਪ੍ਰੋਸੈੱਸ ਸ਼ੁਰੂ ਕਰੇਗੀ।ਆਮ ਆਦਮੀ ਪਾਰਟੀ ’ਤੇ ਤੰਜ਼ ਕਰਦੇ ਹੋਏ ਉਨ੍ਹਾਂ ਕਿਹਾ ਕਿ ‘ਆਪ’ 15 ਦਿਨਾਂ ’ਚ ਮੁੱਖ ਮੰਤਰੀ ਦਾ ਚਿਹਰਾ ਐਲਾਨ ਕਰਨ ਦੀ ਗੱਲ ਕਰ ਰਹੀ ਸੀ ਪਰ 2 ਮਹੀਨੇ ਲੰਘ ਜਾਣ ਤੋਂ ਬਾਅਦ ਵੀ ਪਾਰਟੀ ਅਜੇ ਤੱਕ ਨਾਂ ਹੀ ਤੈਅ ਨਹੀਂ ਕਰ ਸਕੀ। ਇਕ ਦਿਨ ਪਹਿਲਾਂ ਬਾਘਾਪੁਰਾਨਾ ’ਚ ਆਮ ਆਦਮੀ ਪਾਰਟੀ ਦੀ ਕਥਿਤ ਕਿਸਾਨ ਰੈਲੀ ’ਚ ਮੰਚ ’ਤੇ ਪੰਜਾਬ ਦੇ ਸੀਨੀਅਰ ਨੇਤਾ ਮੌਜੂਦ ਸਨ ਪਰ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਕੋਈ ਯੋਗ ਚਿਹਰਾ ਨਜ਼ਰ ਨਹੀਂ ਆਇਆ। ਜਾਖੜ ਨੇ ‘ਆਪ’ ਦੀ ਰੈਲੀ ’ਚ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਹੋਏ ਕੋਰੋਨਾ ’ਤੇ ਕੀਤੀ ਕਥਿਤ ਟਿੱਪਣੀ ਨੂੰ ਮੰਦਭਾਗਾ ਦੱਸਿਆ ਅਤੇ ਕਿਹਾ ਕਿ ਪੰਜਾਬ ਦੀ ਅਜਿਹੀ ਪਰੰਪਰਾ ਨਹੀਂ ਹੈ ਅਤੇ ਕੇਜਰੀਵਾਲ ਨੂੰ ਪੰਜਾਬ ਦੀਆਂ ਪਰੰਪਰਾਵਾਂ ਦਾ ਪਤਾ ਹੀ ਨਹੀਂ ਹੈ।