8 ਵਾਰ ਦੇ ਚੈਂਪੀਅਨ ਸਵਿਟਜ਼ਰਲੈਂਡ ਦੇ ਰੋਜਰ ਫੈਡਰਰ ਨੇ ਸਾਲ ਦੇ ਤੀਜੇ ਗ੍ਰੈਂਡ ਸਲੈਮ ਵਿੰਬਲਡਨ ਟੈਨਿਸ ਟੂਰਨਾਮੈਂਟ ਦੇ ਤੀਜੇ ਦੌਰ ਵਿਚ ਜਗ੍ਹਾ ਬਣਾ ਲਈ ਜਦਕਿ ਮਹਿਲਾਵਾਂ ਵਿਚ ਦੂਜੀ ਸੀਡ ਬੇਲਾਰੂਸ ਦੀ ਆਰਾਨਯਾ ਸਬਾਲੇਂਕਾ ਤੀਜੇ ਦੌਰ ਦਾ ਮੁਕਾਬਲਾ ਆਸਾਨੀ ਨਾਲ ਜਿੱਤ ਕੇ ਰਾਊਂਡ-16 ਵਿਚ ਪਹੁੰਚ ਗਈ ਹੈ। ਸਾਬਕਾ ਨੰਬਰ ਇਕ ਅਤੇ ਇਸ ਵਾਰ 6ਵਾਂ ਦਰਜਾ ਪ੍ਰਾਪਤ 39 ਸਾਲਾ ਫੈਡਰਰ ਨੇ ਫਰਾਂਸ ਦੇ ਰਿਚਰਡ ਗਾਸਕੇ ਨੂੰ ਇਕ ਘੰਟਾ 51 ਮਿੰਟ ਵਿਚ ਟੈਨਿਸ ਦਾ ਪਾਠ ਪੜ੍ਹਾਉਂਦੇ ਹੋਏ 7-6, 6-1, 6-4 ਨਾਲ ਹਰਾ ਕੇ ਤੀਜੇ ਦੌਰ ਵਿਚ ਪ੍ਰਵੇਸ਼ ਕਰ ਲਿਆ। ਸਬਾਲੇਂਕਾ ਨੇ ਤੀਜੇ ਰਾਊਂਡ ਵਿਚ ਕੋਲੰਬੀਆ ਦੀ 19 ਸਾਲਾ ਖਿਡਾਰਨ ਮਾਰੀਆ ਕੈਮਿਲਾ ਓਸੋਰਿਓ ਸੇਰਰਨੋ ਨੂੰ ਇਕ ਘੰਟਾ 15 ਮਿੰਟ ਵਿਚ 6-0, 6-3 ਨਾਲ ਹਰਾ ਕੇ ਰਾਊਂਡ-16 ਵਿਚ ਪਹਿਲੀ ਵਾਰ ਜਗ੍ਹਾ ਬਣਾਈ, ਜਿੱਥੇ ਉਸਦਾ ਮੁਕਾਬਲਾ ਕਜ਼ਾਕਿਸਤਾਨ ਦੀ ਏਲੇਨਾ ਰਿਬਾਕਿਨਾ ਨਾਲ ਹੋਵੇਗਾ। ਜਿਸ ਨੇ ਤੀਜੇ ਦੌਰ ਵਿਚ ਅਮਰੀਕਾ ਦੀ ਸ਼ੇਲਬੀ ਰੋਜਰਸ ਨੂੰ 6-1, 6-4 ਨਾਲ ਹਰਾਇਆ। ਸਾਬਕਾ ਫ੍ਰੈਂਚ ਓਪਨ ਚੈਂਪੀਅਨ ਪੋਲੈਂਡ ਦੀ 20 ਸਾਲਾ ਇਗਾ ਸਵੀਯਤੇਕ ਤੇ 8ਵੀਂ ਸੀਡ ਚੈੱਕ ਗਣਰਾਜ ਦੀ ਕੈਰੋਲਿਨਾ ਪਿਲਸਕੋਵਾ ਅਤੇ ਪੁਰਸ਼ਾਂ ਵਿਚ 5ਵੀਂ ਸੀਡ ਰੂਸ ਦਾ ਆਂਦ੍ਰੇਈ ਰੂਬਲੇਵ ਵੀ ਰਾਊਡ-16 ਵਿਚ ਪਹੁੰਚ ਗਿਆ।