ਰਾਸ਼ਟਰਪਤੀ ਬਣਿਆ ਤਾਂ ਟਰੰਪ ਵੱਲੋਂ ਲਗਾਈ H-1B ਵੀਜ਼ਾ ਪਾਬੰਦੀ ਕਰ ਦੇਵਾਂਗਾ ਰੱਦ : ਬਿਡੇਨ

0
311

ਅਮਰੀਕਾ ਵਿਚ ਡੈਮੋਕ੍ਰੈਟਿਕ ਪਾਰਟੀ ਵੱਲੋਂ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਜੋ ਬਿਡੇਨ ਨੇ ਕਿਹਾ ਹੈ ਕਿ ਜੇਕਰ ਉਹ ਨਵੰਬਰ ਵਿਚ ਚੋਣਾਂ ਵਿਚ ਜਿੱਤ ਹਾਸਲ ਕਰਦੇ ਹਨ ਤਾਂ ਉਹ ਭਾਰਤੀ ਆਈ.ਟੀ. ਪੇਸ਼ੇਵਰਾਂ ਦੇ ਵਿਚ ਸਭ ਤੋਂ ਵੱਧ ਲੋਕਪ੍ਰਿਅ ਐੱਚ-1ਬੀ ਵੀਜ਼ਾ ‘ਤੇ ਲਾਗੂ ਅਸਥਾਈ ਮੁਅੱਤਲੀ ਨੂੰ ਖਤਮ ਕਰ ਦੇਣਗੇ। ਟਰੰਪ ਪ੍ਰਸ਼ਾਸਨ 23 ਜੂਨ ਨੂੰ ਐੱਚ-1ਬੀ ਵੀਜ਼ਾ ਅਤੇ ਹੋਰ ਵਿਦੇਸ਼ੀ ਕਾਰਜ ਵੀਜ਼ਾ ਨੂੰ 2020 ਦੇ ਅਖੀਰ ਤੱਕ ਮੁਅੱਤਲ ਕਰ ਚੁੱਕਾ ਹੈ।ਬਿਡੇਨ ਨੇ ਐੱਨ.ਬੀ.ਸੀ. ਨਿਊਜ਼ ਵੱਲੋਂ ਏਸ਼ੀਆਈ ਅਮਰੀਕੀ ਅਤੇ ਪ੍ਰਸ਼ਾਂਤ ਟਾਪੂ ਸਮੂਹ ਦੇ ਲੋਕਾਂ (AAPI) ਦੇ ਮੁੱਦਿਆਂ ‘ਤੇ ਆਯੋਜਿਤ ਇਕ ਡਿਜੀਟਲ ਟਾਊਨ ਹਾਲ ਬੈਠਕ ਵਿਚ ਐੱਚ-1 ਬੀ ਵੀਜ਼ਾ ਧਾਰਕਾਂ ਦੇ ਯੋਗਦਾਨ ਦੀ ਤਾਰੀਫ ਕੀਤੀ।ਬਿਡੇਨ ਨੇ ਕਿਹਾ ਕਿ ਰਾਸ਼ਟਰਪਤੀ ਟਰੰਪ ਨੇ ਇਸ ਸਾਲ ਦੇ ਬਾਕੀ ਸਮੇਂ ਵਿਚ ਐੱਚ-1 ਬੀ ਵੀਜ਼ਾ ਨੂੰ ਖਤਮ ਕਰ ਦਿੱਤਾ ਹੈ ਪਰ ਅਜਿਹਾ ਮੇਰੇ ਪ੍ਰਸ਼ਾਸਨ ਵਿਚ ਨਹੀਂ ਹੋਵੇਗਾ। ਉਹਨਾਂ ਨੇ ਕਿਹਾ,”ਕੰਪਨੀ ਵੀਜ਼ਾ ‘ਤੇ ਆਏ ਲੋਕਾਂ ਨੇ ਇਸ ਦੇਸ਼ ਦਾ ਨਿਰਮਾਣ ਕੀਤਾ ਹੈ।” ਉਹਨਾਂ ਨੇ ਕਿਹਾ ਕਿ ਪਹਿਲੇ ਦਿਨ ਦੇ ਕਾਰਜਕਾਲ ਵਿਚ ਮੈਂ 1.1 ਕਰੋੜ ਦਸਤਾਵੇਜ਼ ਰਹਿਤ ਗੈਰ ਪ੍ਰਵਾਸੀਆਂ ਦੀ ਨਾਗਰਿਕਤਾ ਦਾ ਰਸਤਾ ਆਸਾਨ ਕਰਨ ਲਈ ਕਾਂਗਰਸ ਵਿਚ ਵਿਧਾਨਿਕ ਇਮੀਗ੍ਰੇਸ਼ਨ ਸੁਧਾਰ ਬਿੱਲ ਭੇਜਾਂਗਾ।’ਉਹਨਾਂ ਨੇ ਟਰੰਪ ਦੀਆਂ ਇਮੀਗ੍ਰੇਸ਼ਨ ਨੀਤੀਆਂ ਨੂੰ ਬੇਰਹਿਮ ਕਿਹਾ। ਬਿਡੇਨ ਨੇ ਭਾਰਤ ਨੂੰ ਕੁਦਰਤੀ ਹਿੱਸੇਦਾਰ ਦੱਸਦਿਆਂ ਇਹ ਵੀ ਕਿਹਾ ਕਿ ਜੇਕਰ ਉਹ ਚੋਣਾਂ ਜਿੱਤਦੇ ਹਨ ਤਾਂ ਭਾਰਤ ਦੇ ਨਾਲ ਰਿਸ਼ਤੇ ਮਜ਼ਬੂਤ ਕਰਨਗੇ ਅਤੇ ਇਹ ਮੇਰੀ ਉੱਚ ਤਰਜੀਹ ਹੋਵੇਗੀ। ਬਿਡੇਨ ਤੋਂ ਜਦੋਂ ਪੁੱਛਿਆ ਗਿਆ ਕੀ ਭਾਰਤ ਅਮਰੀਕਾ ਦੀ ਰਾਸ਼ਟਰੀ ਸੁਰੱਖਿਆ ਦੇ ਲਈ ਮਹੱਤਵਪੂਰਨ ਹੈ ਤਾਂ ਉਹ ਬੋਲੇ,”ਸਾਡੀ ਸੁਰੱਖਿਆ ਵਿਚ ਇਹ ਰਣਨੀਤਕ ਹਿੱਸੇਦਾਰੀ ਜ਼ਰੂਰੀ ਅਤੇ ਮਹੱਤਵਪੂਰਨ ਹੈ।” ਉਪ ਰਾਸ਼ਟਰਪਤੀ ਦੇ ਤੌਰ ‘ਤੇ ਆਪਣੇ 8 ਸਾਲਾਂ ਦਾ ਜ਼ਿਕਰ ਕਰਦਿਆਂ ਉਹਨਾਂ ਨੇ ਕਿਹਾ ਕਿ ਕਰੀਬ ਇਕ ਦਹਾਕੇ ਪਹਿਲਾਂ ਸਾਡੇ ਪ੍ਰਸ਼ਾਸਨ ਵਿਚ ਅਮਰੀਕਾ-ਭਾਰਤ ਵਿਚ ਗੈਰ ਮਿਲਟਰੀ ਪਰਮਾਣੂ ਸਮਝੌਤਾ ਕਰਾਉਣ ਵਿਚ ਨਿਭਾਈ ਭੂਮਿਕਾ ‘ਤੇ ਮੈਨੂੰ ਮਾਣ ਹੈ।’ 

LEAVE A REPLY

Please enter your comment!
Please enter your name here