ਰਵਨੀਤ ਬਿੱਟੂ, ਦਿਲਜੀਤ ਦੁਸਾਂਝ ਤੇ ਜੈਜ਼ੀ-ਬੀ ਵਿਵਾਦ ‘ਤੇ ਆਮ ਆਦਮੀ ਪਾਰਟੀ ਦਾ ਵੱਡਾ ਬਿਆਨ

0
143

ਖਾਲਿਸਤਾਨ ਦੇ ਮੁੱਦੇ ‘ਤੇ ਕਾਂਗਰਸੀ ਸਾਂਸਦ ਰਵਨੀਤ ਸਿੰਘ ਬਿੱਟੂ ਪੰਜਾਬੀ ਗਾਇਕ ਦਿਲਜੀਤ ਦੁਸਾਂਝ ਅਤੇ ਜੈਜ਼ੀ-ਬੀ ਵਿਚਾਲੇ ਚੱਲ ਰਹੇ ਵਿਵਾਦ ‘ਚ ਹੁਣ ਆਮ ਆਦਮੀ ਪਾਰਟੀ ਨੇ ਵੀ ਦਸਤਕ ਦਿੱਤੀ ਹੈ। ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਮਨ ਅਰੋੜਾ ਦਾ ਕਹਿਣਾ ਹੈ ਕਿ ਪੰਜਾਬ ਪਹਿਲਾਂ ਹੀ ਕਾਲੇ ਦੌਰ ‘ਚੋਂ ਲੰਘ ਚੁੱਕਾ ਹੈ ਅਤੇ 35000 ਤੋਂ ਵੱਧ ਪਰਿਵਾਰ ਇਸ ਕਾਲੇ ਦੌਰ ਦਾ ਸੰਤਾਪ ਹੰਢਾਅ ਚੁੱਕੇ ਹਨ। ਲਿਹਾਜ਼ਾ ਲੋਕਾਂ ਨੂੰ ਅਜਿਹੇ ਗੀਤ ਅਤੇ ਅਜਿਹੇ ਬਿਆਨਾਂ ਵੱਲ ਧਿਆਨ ਨਹੀਂ ਦੇਣਾ ਚਾਹੀਦਾ ਜਿਹੜੇ ਕਿ ਭੜਕਾਉਣ ਦਾ ਕੰਮ ਕਰਨ। ‘ਜਗ ਬਾਣੀ’ ਨਾਲ ਗੱਲਬਾਤ ਦੌਰਾਨ ਅਰੋੜਾ ਨੇ ਕਿਹਾ ਕਿ ਖਾਲਿਸਤਾਨ ਦੇ ਮੁੱਦੇ ‘ਤੇ ਆਮ ਆਦਮੀ ਪਾਰਟੀ ਦਾ ਸਟੈਂਡ ਬੜਾ ਸਪੱਸ਼ਟ ਹੈ ਅਤੇ ਕਿਸੇ ਵੀ ਕੀਮਤ ‘ਤੇ ਪੰਜਾਬ ਦਾ ਮਾਹੌਲ ਖ਼ਰਾਬ ਨਹੀਂ ਕਰਨ ਦੇਵਾਂਗੇ। ‘ਆਪ’ ਵਿਧਾਇਕ ਨੇ ਕਿਹਾ ਕਿ ਪੰਜਾਬ ਵਿਚ ਖਾਲਿਸਤਾਨ ਦਾ ਹੁਣ ਕੋਈ ਮੁੱਦਾ ਨਹੀਂ ਹੈ, ਸਿਰਫ਼ ਗੁਰਪਤਵੰਤ ਸਿੰਘ ਪੰਨੂ ਵਰਗੇ ਸ਼ਖ਼ਸ ਪੰਜਾਬ ਵਿਚ ਅੱਗ ਲਗਾਉਣ ਦਾ ਯਤਨ ਕਰ ਰਹੇ ਹਨ। ਅਰੋੜਾ ਨੇ ਕਿਹਾ ਕਿ ਜੇਕਰ ਕੋਈ ਗੀਤਾਂ ਰਾਹੀਂ ਜਾਂ ਬਿਆਨਾਂ ਰਾਹੀਂ ਖਾਲਿਸਤਾਨ ਵੱਲ ਲੈ ਕੇ ਜਾਣਾ ਚਾਹੁੰਦਾ ਹੈ ਤਾਂ ਉਹ ਪੰਜਾਬ ਦਾ ਦੁਸ਼ਮਣ ਹੈ, ਇਸ ਲਈ ਲੋਕਾਂ ਨੂੰ ਅਜਿਹੇ ਵਿਅਕਤੀਆਂ ਨੂੰ ਸੁਨਣ ਤੋਂ ਗੁਰੇਜ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜਿੰਨਾਂ ਅਸੀਂ ਇਨ੍ਹਾਂ ਵਿਚ ਦਿਲਚਸਪੀ ਲਵਾਂਗੇ ਉਨਾਂ 2020 ਰੈਫਰੈਂਡਮ ਨੂੰ ਹੁਲਾਰਾ ਮਿਲੇਗਾ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ‘ਤੇ ਹਮਲਾ ਬੋਲਦਿਆਂ ਅਰੋੜਾ ਨੇ ਕਿਹਾ ਕਿ ਜਿਵੇਂ ਕੇਂਦਰ ‘ਚ ਨਰਿੰਦਰ ਮੋਦੀ ਕਿਸੇ ਦੀ ਨਹੀਂ ਸੁਣਦੇ, ਇਸੇ ਤਰ੍ਹਾਂ ਪੰਜਾਬ ਵਿਚ ਕੈਪਟਨ ਅਰਿੰਦਰ ਸਿੰਘ ਵੀ ਕਿਸੇ ਦੀ ਨਹੀਂ ਸੁਣਦੇ। ਉਨ੍ਹਾਂ ਕਿਹਾ ਕਿ ਲੋਕ ਤਾਂ ਹੁਣ ਮਹਿਜ਼ ਤਿੰਨ ਮਹੀਨਿਆਂ ਤੋਂ ਇਕਾਂਤਵਾਸ ਹੋਏ ਹਨ ਜਦਕਿ ਕੈਪਟਨ ਅਮਰਿੰਦਰ ਸਿੰਘ ਪਿਛਲੇ ਤਿੰਨ ਸਾਲਾਂ ਤੋਂ ਇਕਾਂਤਵਾਸ ਹਨ। ਉਨ੍ਹਾਂ ਕਿਹਾ ਕਿ ਕਿਸਾਨਾਂ ਲਈ ਆਮ ਆਦਮੀ ਪਾਰਟੀ ਦਾ ਜਿਹੜਾ ਸਟੈਂਡ ਪੰਜਾਬ ਵਿਚ ਹੈ, ਉਹੀ ਦਿੱਲੀ ਵਿਚ ਹੈ। ਇਹ ਸਿਰਫ ਉਨ੍ਹਾਂ ਦਾ ਨਹੀਂ ਸਗੋਂ ਪੂਰੀ ਆਮ ਆਦਮੀ ਪਾਰਟੀ ਦਾ ਬਿਆਨ ਹੈ।

LEAVE A REPLY

Please enter your comment!
Please enter your name here