ਮਜ਼ਦੂਰ ਸਪੈਸ਼ਲ ਟਰੇਨਾਂ ‘ਚ 60 ਲੱਖ ਲੋਕਾਂ ਨੇ ਕੀਤਾ ਸਫਰ, ਰੇਲਵੇ ਨੇ ਕਮਾਏ 360 ਕਰੋੜ ਰੁਪਏ

0
196

ਭਾਰਤੀ ਰੇਲ ਨੇ ਸੋਮਵਾਰ ਨੂੰ ਕਿਹਾ ਕਿ ਮਜ਼ਦੂਰ ਸਪੈਸ਼ਲ ਟਰੇਨ ਵਿਚ ਪ੍ਰਤੀ ਵਿਅਕਤੀ ਔਸਤ ਕਿਰਾਇਆ 600 ਰੁਪਏ ਵਸੂਲਿਆ ਗਿਆ। 1 ਮਈ ਤੋਂ ਚਲਾਈ ਜਾ ਰਹੀ ਇਸ ਟਰੇਨ ਤੋਂ ਕਰੀਬ 60 ਲੱਖ ਮਜ਼ਦੂਰਾਂ ਨੂੰ ਉਨ੍ਹਾਂ ਦੀ ਮੰਜ਼ਿਲ ਤੱਕ ਪਹੁੰਚਾਇਆ ਗਿਆ। ਇਸ ਤੋਂ ਕਰੀਬ 360 ਕਰੋੜ ਰੁਪਏ ਦਾ ਮਾਲੀਆ ਪ੍ਰਾਪਤ ਹੋਇਆ। ਰੇਲਵੇ ਬੋਰਡ ਦੇ ਚੇਅਰਮੈਨ ਵੀ. ਕੇ. ਯਾਦਵ ਨੇ ਕਿਹਾ ਕਿ ਭਾਰਤੀ ਰੇਲ ਨੇ ਪ੍ਰਵਾਸੀ ਮਜਦੂਰਾਂ ਨੂੰ ਉਨ੍ਹਾਂ ਦੇ ਮੰਜ਼ਿਲ ਤੱਕ ਪਹੁੰਚਾਉਣ ਲਈ ਹੁਣ ਤੱਕ 4,450 ਮਜ਼ਦੂਰ ਸਪੈਸ਼ਲ ਟਰੇਨਾਂ ਚਲਾਈਆਂ। ਯਾਦਵ ਨੇ ਕਿਹਾ, ਮਜ਼ਦੂਰ ਸਪੈਸ਼ਲ ਟਰੇਨ ਲਈ ਔਸਤ ਕਿਰਾਇਆ 600 ਰੁਪਏ ਪ੍ਰਤੀ ਯਾਤਰੀ ਰਿਹਾ। ਇਹ ਮੇਲ, ਐਕਸਪ੍ਰੈਸ ਟਰੇਨ ਦਾ ਸਾਧਾਰਨ ਕਿਰਾਇਆ ਹੈ ਨਾ ਕਿ ਸਪੈਸ਼ਲ ਟਰੇਨ ਲਈ ਵਸੂਲਿਆ ਜਾਣ ਵਾਲਾ ਉੱਚਾ ਕਿਰਾਇਆ। ਇਨ੍ਹਾਂ ਟਰੇਨਾਂ ਜ਼ਰੀਏ ਅਸੀਂ ਕਰੀਬ 60 ਲੱਖ ਲੋਕਾਂ ਨੂੰ ਉਨ੍ਹਾਂ ਦੀ ਮੰਜ਼ਿਲ ਤੱਕ ਪਹੁੰਚਾਇਆ। ਇਨ੍ਹਾਂ ਦੇ ਸੰਚਾਲਨ ‘ਤੇ ਆਈ ਲਾਗਤ ਦਾ ਕਰੀਬ 15 ਫ਼ੀਸਦੀ ਹੀ ਵਸੂਲ ਕੀਤਾ ਗਿਆ । ਜਦੋਂਕਿ 85 ਫ਼ੀਸਦੀ ਰਾਸ਼ੀ ਦਾ ਭੁਗਤਾਨ ਕੇਂਦਰ ਸਰਕਾਰ ਵੱਲੋਂ ਕੀਤਾ ਗਿਆ।

ਅਧਿਕਾਰੀ ਨੇ ਕਿਹਾ ਕਿ ਇਕ ਪ੍ਰਵਾਸੀ ਮਜ਼ਦੂਰ ਟਰੇਨ ਦਾ ਸੰਚਾਲਨ ਖ਼ਰਚਾ ਕਰੀਬ 75 ਤੋਂ 80 ਲੱਖ ਰੁਪਏ ਹੈ । ਯਾਦਵ ਨੇ ਕਿਹਾ ਕਿ ਜ਼ਿਆਦਾਤਰ ਪ੍ਰਵਾਸੀ ਮਜ਼ਦੂਰ ਆਪਣੀ ਮੰਜ਼ਿਲ ਤੱਕ ਪਹੁੰਚ ਚੁੱਕੇ ਹਨ। ਬਹੁਤ ਘੱਟ ਅਜਿਹੇ ਮਜ਼ਦੂਰ ਬਚੇ ਹਨ ਜੋ ਹੁਣ ਵਾਪਸ ਆਪਣੇ ਘਰਾਂ ਨੂੰ ਜਾਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਬਚੇ ਹੋਏ ਪ੍ਰਵਾਸੀ ਮਜਦੂਰਾਂ ਲਈ ਵੀ ਅਸੀਂ ਸੂਬਾ ਸਰਕਾਰਾਂ ਨਾਲ ਤਾਲਮੇਲ ਕਰ ਰਹੇ ਹਾਂ। ਅਸੀਂ ਉਨ੍ਹਾਂ ਨੂੰ 3 ਜੂਨ ਤੱਕ ਉਨ੍ਹਾਂ ਦੀ ਜ਼ਰੂਰਤ ਦੇ ਹਿਸਾਬ ਨਾਲ ਟਰੇਨਾਂ ਦੀ ਮੰਗ ਦੱਸਣ ਲਈ ਕਿਹਾ ਸੀ। ਹੁਣ ਤੱਕ ਸਾਨੂੰ 171 ਮਜ਼ਦੂਰ ਸਪੈਸ਼ਲ ਟਰੇਨਾਂ ਉਪਲੱਬਧ ਕਰਾਉਣ ਲਈ ਕਿਹਾ ਗਿਆ ਹੈ। ਯਾਦਵ ਨੇ ਕਿਹਾ, ’14 ਜੂਨ ਤੱਕ ਅਸੀਂ 222 ਮਜ਼ਦੂਰ ਸਪੈਸ਼ਲ ਟਰੇਨਾਂ ਦਾ ਸੰਚਾਲਨ ਕੀਤਾ। ਸੁਪਰੀਮ ਕੋਰਟ ਦੇ ਹੁਕਮ ਤੋਂ ਬਾਅਦ ਅਸੀਂ ਸੂਬਾ ਸਰਕਾਰਾਂ ਤੋਂ ਫਿਰ ਤੋਂ ਵਾਧੂ ਟਰੇਨਾਂ ਦੀ ਮੰਗ ਦੱਸਣ ਨੂੰ ਕਿਹਾ ਹੈ। ਜਦੋਂ ਤੱਕ ਸੂਬਿਆਂ ਵੱਲੋਂ ਮੰਗ ਦੀ ਜਾਂਦੀ ਰਹੇਗੀ ਅਸੀਂ ਟਰੇਨਾਂ ਦਾ ਸੰਚਾਲਨ ਕਰਦੇ ਰਹਾਂਗੇ।’ ਰੇਲਵੇ ਬੋਰਡ ਦੇ ਚੇਅਰਮੈਨ ਨੇ ਦੁਹਰਾਇਆ ਕਿ ਇਨ੍ਹਾਂ ਟਰੇਨਾਂ ਦਾ ਸੰਚਾਲਨ 85-15 ਫ਼ੀਸਦੀ ਦੀ ਕੇਂਦਰ – ਰਾਜ ਭਾਗੀਦਾਰੀ ‘ਤੇ ਕੀਤਾ ਗਿਆ।

LEAVE A REPLY

Please enter your comment!
Please enter your name here