ਮੁਰਾਲੇਵਾਲੇ ਭਾਵ ਮੁਰਾਲਾ

0
447

ਸੰਤ ਪ੍ਰੇਮ ਸਿੰਘ ਜੀ ਦੇ ਨਾਂਅ ਪਿੱਛੇ ਮੁਰਾਲਾ ਕਿਸ ਤਰਾਂ ਲੱਗਾ। ਆਉ ਅੱਜ ਆਪਾਂ ਅਪਣੀ ਜਾਣਕਾਰੀ ਲਈ ਇਹ ਤਾਂ ਜਾਣ ਜਾਈਏ। ਕਿਤੇ ਕੋਈ ਪੁੱਛ ਲਵੇ ਤਾਂ ਉਸ ਨੂੰ ਦੱਸ ਸਕੀਏ, ਕਿ ਮੁਰਾਲਾ ਕਿਉ ਤੇ ਕਿਵੇਂ ਸੰਤਾਂ ਦੇ ਨਾਂਅ ਨਾਲ ਜੁੜਿਆ। ਮੁਰਾਲਾ ਪਿੰਡ ਪਾਕਿਸਤਾਨ ਵਿੱਚ ਪੈਂਦਾ ਹੈ। ਇਸ ਪਿੰਡ ਦੇ ਸੰਤ ਬਿਸ਼ਨ ਸਿੰਘ ਜੀ ਦੇ ਡੇਰੇ ਤੇ ਛੋਟੀ ਉਮਰੇ ਹੀ ਮਾਂ ਦੇ ਦਿਹਾਂਤ ਤੋਂ ਬਾਅਦ ਸੰਤ ਪ੍ਰੇਮ ਸਿੰਘ ਜੀ ਦੇ ਦਾਦਾ ਅਰਜਨ ਸਿੰਘ ਜੀ ਨੇ ਸੰਤ ਜੀ ਨੂੰ ਉਹਨਾਂ ਦੇ ਡੇਰੇ ਨਾਲ ਸੇਵਾ ਕਰਨ ਲਈ ਜੋੜ ਦਿੱਤਾ ਸੀ। ਉੱਥੇ ਹੀ ਇਹਨਾਂ ਨੇ ਕੀਰਤਨ ਤੇ ਗੁਰੂ ਜੀ ਦੀ ਬਾਣੀ ਦੀ ਉਟ ਲੈਕੇ ਸੰਤ ਬਿਸ਼ਨ ਸਿੰਘ ਜੀ ਦਾ ਦਿਲ ਜਿੱਤ ਲਿਆ, ਤੇ ਉਹਨਾਂ ਦੇ ਦਿਹਾਂਤ ਤੋਂ ਬਾਅਦ ਸੰਤ ਪ੍ਰੇਮ ਸਿੰਘ ਜੀ ਨੂੰ ਡੇਰਾ ਮੁਰਾਲਾ ਜੀ ਦੀ ਸੇਵਾ ਸੌਂਪ ਦਿੱਤੀ ਗਈ। ਇੱਥੋ ਹੀ ਸੰਤਾਂ ਨੇ ਸਿੱਖੀ ਦਾ ਪ੍ਰਚਾਰ ਸ਼ੁਰੂ ਕੀਤਾ। ਸਭ ਤੋਂ ਪਹਿਲਾ ਸਕੂਲ ਸੰਤਾਂ ਨੇ ਮੁਰਾਲਾ ਵਿੱਚ ਖੁਲਵ੍ਹਾਇਆ, ਜੋ ਅੱਜ ਵੀ ਕਹਿੰਦੇ ਉੱਥੇ ਚੱਲਦਾ ਹੈ। ਉਸ ਸਕੂਲ ਦਾ ਨਾਂਅ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦੇ ਨਾਂਅ ਤੇ ਰੱਖਿਆ ਗਿਆ ਸੀ। ਇਹ ਜਾਣਕਾਰੀ ਪਾਕਿਸਤਾਨ ਦੇ ਕਿਸੇ ਨਾਗਰਿਕ ਨੇ ਫੇਸਬੁੱਕ ਤੇ ਪਾਈ ਹੋਈ ਸੀ। ਉਸ ਦੇ ਅਧਾਰ ਤੇ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਕਿੰਨੀ ਸੱਚੀ ਹੈ ਇਸ ਦੀ ਸਾਨੂੰ ਕੋਈ ਜਾਣਕਾਰੀ ਨਹੀਂ।
ਸੱਭ ਵਿਸ਼ਵਾਸ ਦੀਆਂ ਗੱਲਾਂ ਹਨ। ਤੇ ਵਿਸ਼ਵਾਸ ਕਰਨਾ ਬਹੁਤ ਜ਼ਰੂਰੀ ਹੈ। 1947 ਦੀ ਜੰਗ ਤੋਂ ਬਾਅਦ ਬਹੁਤ ਸਾਰੇ ਸਿੱਖਾਂ ਤੇ ਹਿੰਦੂਆਂ ਨੂੰ ਪਾਕਿਸਤਾਨ ਤੋਂ ਭਾਰਤ ਭੇਜ ਦਿੱਤਾ ਗਿਆ, ਅਤੇ ਭਾਰਤ ਤੋਂ ਮੁਸਲਮਾਨਾਂ ਨੂੰ ਪਾਕਿਸਤਾਨ ਜਾਣਾ ਪਿਆ। ਸੰਤਾਂ ਨੂੰ ਜਿਹੜੀ ਗੌਰਮਿੰਟ ਨੇ ਰਹਿਣ ਲਈ ਜਗਾ ਦਿੱਤੀ ਸੀ। ਉਹ ਹਰਿਆਣਾ ਵਿੱਚ ਪੈਂਦੇ ਪਿੰਡ ਪਿਹੋਵਾ ਦੇ ਨੇੜੇ ਤੇੜੇ ਦਿੱਤੀ ਗਈ ਸੀ। ਪਰ ਸਿੱਖ ਲੁਬਾਣਾ ਬਰਾਦਰੀ ਜ਼ਿਲ੍ਹਾ ਕਪੂਰਥਲਾ ਤੇ ਹੁਸ਼ਿਆਰਪੁਰ ਵਿੱਚ ਹੋਣ ਕਰਕੇ ਉੱਥੇ ਦੇ ਪਿੰਡਾਂ ਵਿੱਚ ਰਿਸ਼ਤੇਦਾਰੀਆਂ ਵੀ ਸਨ। ਜਿਸ ਕਰਕੇ ਆਪਸੀ ਰਿਸ਼ਤੇਦਾਰੀਆਂ ਦੇ ਮੁੱਖ ਸਲਾਹਕਾਰ ਤੇ ਸੂਝਵਾਨ ਗਿਆਨੀ ਹਰਚਰਨ ਸਿੰਘ ਨੰਗਲ ਲੁਬਾਣਾ ਵਾਲ਼ਿਆਂ ਨੇ ਸੰਤਾਂ ਨਾਲ ਰਿਸ਼ਤੇਦਾਰ ਦੇ ਤੌਰ ਤੇ ਬੇਨਤੀ ਕੀਤੀ ,ਕਿ ਤੁਸੀ ਇੱਥੇ ਦੀ ਵਜਾਏ ਅਪਨੀ ਬਰਾਦਰੀਆਂ ਦੇ ਪਿੰਡਾਂ ਕੋਲ ਡੇਰਾ ਲਾਉ। ਚੇਤੇ ਰਹੇ ਹਰਿਆਣਾ ਉਸ ਵੇਲੇ ਪੰਜਾਬ ਦਾ ਹੀ ਇੱਕ ਅੰਗ ਸੀ। ਗਿਆਨੀ ਹਰਚਰਨ ਸਿੰਘ ਜੀ ਸੰਤ ਪ੍ਰੇਮ ਸਿੰਘ ਜੀ ਦੇ ਬਹੁਤ ਨਜਦੀਕੀ ਸਨ।
ਇਹ ਦੋਨੋ ਧਰਮ ਦੇ ਨਾਲ ਨਾਲ ਰਾਜਨੀਤੀ ਵਿੱਚ ਵੀ ਜਾਣੇ ਜਾਣ ਵਾਲੇ ਸਿੱਖ ਲੁਬਾਣਾ ਬਰਾਦਰੀ ਦੇ ਮਹੱਤਵਪੂਰਨ ਨਾਂਅ ਸਨ।ਇਸ ਤਰਾਂ ਸੰਤਾ ਨੇ ਅਪਣਾ ਡੇਰਾ ਬੇਗੋਵਾਲ ਵਿੱਚ ਲਾਇਆ। ਕਿਉਂਕਿ ਸੰਤ ਪ੍ਰੇਮ ਸਿੰਘ ਜੀ ਉਸ ਵੇਲੇ ਐੱਮ ਐੱਲ ਏ ਵੀ ਰਹਿ ਚੁੱਕੇ ਸਨ। ਗੱਲਾਂ ਜ਼ਿਆਦਾ ਪੁਰਾਣੀਆਂ ਨਹੀਂ ਹਨ, ਪਰ ਸੋਚ ਲੋਕਾਂ ਦੀ ਬਹੁਤ ਛੋਟੀ ਸੀ। ਲੋਕ ਅੰਧਕਾਰ ਵਿੱਚ ਫਸੇ ਹੋਏ ਸਨ। ਵਿੱਦਿਅਕ ਖੇਤਰ ਵਿੱਚ ਕੋਈ ਟਾਵਾਂ ਟਾਵਾਂ ਹੀ ਪੜਿਆ ਹੋਇਆ ਸੀ। ਸਰਕਾਰੀ ਸਕੂਲ ਬਹੁਤ ਦੂਰ ਦੂਰ ਸਨ। ਮਾਹੌਲ ਦੇਸ਼ ਦੇ ਠੀਕ ਨਾ ਹੋਣ ਕਾਰਨ ਮਾਂ ਬਾਪ ਬੱਚਿਆਂ ਨੂੰ ਦੁਰ ਪੜ੍ਹਨ ਲਈ ਨਹੀਂ ਭੇਜਦੇ ਸਨ। ਇਸ ਕਰਕੇ ਸੰਤਾਂ ਨੇ ਵਿੱਦਿਆ ਨੂੰ ਮਹੱਤਵ ਦਿੰਦਿਆਂ ਜਗਾ ਜਗਾ ਸਕੂਲ ਖੋਲ੍ਹਣ ਲਈ ਲੋਕਾਂ ਨੂੰ ਪ੍ਰੇਰਿਤ ਕੀਤਾ। ਦਹੇਜ ਪ੍ਰਤੀ ਗਿਆਨੀ ਹਰਚਰਨ ਸਿੰਘ ਨੂੰ ਨਾਲ ਲੈਕੇ ਮੁਹਿੰਮ ਚਲਾਈ ਜਿਸ ਨੇ ਪੁਰੇ ਦੇਸ਼ ਵਿੱਚ ਜ਼ੋਰ ਫੜ ਲਿਆ ਤੇ ਲੋਕਾਂ ਨੇ ਦਹੇਜ ਲੈਣੇ ਬੰਦ ਕਰ ਦਿੱਤੇ। ਜਿਹੜਾ ਸੱਭ ਤੋਂ ਵੱਡਾ ਕੰਮ ਸੰਤਾਂ ਨੇ ਕੀਤਾ।
ਉਹ ਸੀ ਹੁੱਕਾ ਪੀਣ ਵਾਲ਼ਿਆਂ ਦੇ ਹੁੱਕੇ ਬੰਦ ਕਰਵਾਉਣੇ। ਸੰਤਾ ਨੇ ਜਿਹੜੇ ਵੀ ਸਮਾਜ ਸੁਧਾਰ ਕੰਮ ਕੀਤੇ। ਸੱਭ ਹੀ ਕਾਵਿਲੇਤਾਰੀਫ ਹੈ। ਪਰ ਅਸੀਂ ਅੱਜ ਉਹਨਾਂ ਦੇ ਪਾਏ ਹੋਏ ਪੂਰਨਿਆਂ ਤੋਂ ਭਟਕ ਗਏ ਹਾਂ। ਅਸੀਂ ਪਤਾ ਨਹੀਂ ਕਿੱਧਰ ਨੂੰ ਤੁਰ ਪਏ ਹਾਂ। ਲੱਗਦਾ ਅਸੀਂ ਉਹਨਾਂ ਨੂੰ ਸਮਝ ਹੀ ਨਹੀਂ ਪਾਏ। ਇਸ ਲਈ ਉਹਨਾਂ ਦੇ ਉਲੀਕੇ ਹੋਏ ਕੰਮਾਂ ਤੋਂ ਉਲਟ ਚੱਲ ਰਹੇ ਹਾਂ। ਚਲੋ ਤੁਹਾਡੇ ਨਾਲ ਪਿੰਡਾਂ ਦੇ ਨਾਂਅ ਸਾਂਝੇ ਕਰੀਏ। ਜਿੱਥੇ ਪਾਕਿਸਤਾਨ ਤੋਂ ਆਏ ਲੋਕਾਂ ਨੂੰ ਸ਼ਰਣ ਦਿੱਤੀ ਗਈ ਸੀ। ਇਹ ਪਿੰਡ ਅੱਜ ਵੀ ਉਹੀ ਨਾਵਾਂ ਨਾਲ ਜਾਣੇ ਜਾਂਦੇ ਹਨ।
ਸੰਤ ਪ੍ਰੇਮ ਸਿੰਘ ਜੀ ਦਾ ਡੇਰਾ ਬੇਗੋਵਾਲ ਨਾਂਅ ਨਾਲ ਜਾਣਿਆਂ ਜਾਣ ਵਾਲਾ ਕਿਸੇ ਬੇਗਮ ਦੇ ਨਾਂਅ ਤੋਂ ਸੀ। ਏਸੇ ਤਰਾਂ ਛੋਟੀ ਮਿਆਣੀ, ਵੱਡੀ ਮਿਆਣੀ, ਮਕਸੂਦਪੁਰ, ਰਾਏਪੁਰਪੀਰਬਖਸ, ਜਲਾਲਪੁਰ, ਸਲੇਮਪੁਰ, ਇਬਰਾਹੀਮਵਾਲ, ਇਹਨਾਂ ਪਿੰਡਾਂ ਵਿੱਚ ਬਹੁਤ ਘੱਟ ਗਿਣਤੀ ਵਿੱਚ ਸਿੱਖ ਰਹਿੰਦੇ ਸਨ। ਇਹਨਾਂ ਸਾਰਿਆਂ ਪਿੰਡਾਂ ਵਿੱਚੋਂ ਸਿੱਖਾਂ ਦੇ ਦੋ ਪਿੰਡ ਬਹੁਤ ਵੱਡੇ ਸਨ। ਜਿਹੜੇ ਸਿਰਫ ਤੇ ਸਿਰਫ ਲੁਬਾਣਾ ਬਰਾਦਰੀ ਵਾਲੇ ਪਿੰਡ ਮੰਨੇ ਜਾਂਦੇ ਹਨ। ਇਕ ਪਿੰਡ ਨੰਗਲ ਲੁਬਾਣਾ ਜਿਹੜਾ ਬਾਬਾ ਦਲੀਪ ਸਿੰਘ ਜੀ ਦੁਆਰਾ ਕੋਈ ਸਤਾਰ੍ਹਵੀਂ ਅਠਾਰਵੀਂ ਸਦੀ ਦੇ ਨੇੜੇ ਵਸਾਇਆ ਹੋਇਆ ਸੀ। ਇਸ ਪਿੰਡ ਵਿੱਚ ਦੋ ਸਰਕਾਰੀ ਹਾਈ ਸਕੂਲ ਸਨ। ਇੱਕ ਕੁੜੀਆਂ ਅਤੇ ਦੂਜਾ ਮੁੰਡਿਆ ਦਾ। ਦੂਜਾ ਪਿੰਡ ਪਟਨੁਰਾ ਲੁਬਾਣਾ।
ਇਸ ਤਰਾਂ ਇਸ ਇਲਾਕਿਆਂ ਵਿੱਚ ਲੁਬਾਣਾ ਬਰਾਦਰੀ ਦਾ ਗੜ੍ਹ ਹੈ। ਇੱਥੇ ਹੀ ਦੂਜਾ ਡੇਰਾ ਹੋਤੀ ਮਰਦਾਨ ਸੰਤ ਬਾਬਾ ਮਾਝਾ ਸਿੰਘ ਜੀ ਦਾ ਹੈ। ਇਸੇ ਹੀ ਡੇਰੇ ਦਾ ਇੱਕ ਗੁਰਦਵਾਰਾ ਰਿੱਚਮਿੰਡ ਹਿੱਲ ਵਿਖੇ ਹੈ। ਸੰਤ ਪ੍ਰੇਮ ਸਿੰਘ ਜੀ ਦੇ ਨਕਸ਼ੇ ਕਦਮ ਤੇ ਚੱਲਣ ਦੀ ਵਜਾਏ ਕੁੱਝ ਕੋ ਲੋਕ ਸੰਤਾਂ ਦੇ ਨਾਂਅ ਨੂੰ ਲੋਕਾਂ ਵਿੱਚ ਗਲਤ ਤਾਰੀਕੇ ਨਾਲ ਪੇਸ਼ ਕਰ ਰਹੇ ਹਨ। ਕਹਿਣ ਨੂੰ ਤਾਂ ਇਹ ਸੰਤਾ ਦੇ ਅਪਨੇ ਆਪ ਨੂੰ ਸੱਚੇ ਸੇਵਕ ਕਹਿੰਦੇ ਹਨ। ਪਰ ਇਹਨਾਂ ਦੇ ਸੇਵਾ ਭਾਵਨਾ ਪਿੱਛੇ ਇਹਨਾਂ ਦੀਆਂ ਯੋਜਨਾਵਾਂ ਕੁੱਝ ਹੋਰ ਹੀ ਹੁੰਦੀਆਂ ਹਨ।
ਕਿਉਂਕਿ ਪਿੱਛੇ ਜਿਹੇ ਸਾਡੇ ਵੱਲੋਂ ਇੱਕ ਐਡੀਟੋਰੀਅਲ ਸੰਗਤਾਂ ਦੇ ਰੂਬਰੂ ਕੀਤਾ ਗਿਆ ਸੀ। ਜਿਸਨੇ ਕੌਮ ਨੂੰ ਜੋੜਣ ਵਿੱਚ ਇੱਕ ਬਹੁਤ ਵੱਡਾ ਰੋਲ ਅਦਾ ਕੀਤਾ ਸੀ। ਉਹ ਆਰਟੀਕਲ ਤੋਂ ਬਾਅਦ ਦੋ ਧੜਿਆਂ ਵਿੱਚ ਵੰਡੀ ਸੰਤ ਪ੍ਰੇਮ ਸਿੰਘ ਜਥੇਬੰਦੀ ਇੱਕ ਹੋ ਗਈ ਸੀ। ਪਰ ਕੁੱਝ ਹੀ ਮਹੀਨਿਆਂ ਬਾਅਦ ਉਹੀ ਫੁੱਟ ਪਾਉ ਲੋਕਾਂ ਨੇ ਕੁੱਝ ਕੋ ਮੈਂਬਰਾਂ ਨੂੰ ਅਪਨੇ ਹੱਥਾਂ ਵਿੱਚ ਕਰਕੇ ਇੱਕ ਨਵੀਂ ਧਿਰ ਬਣਾ ਲਈ। ਜਿਸ ਤੋਂ ਸਾਫ਼ ਸਾਬਤ ਹੋ ਗਿਆ ਕਿ ਕਿਹੜੇ ਲੋਕ ਕੌਮ ਦਾ ਘਾਣ ਕਰ ਰਹੇ ਹਨ। ਜਲਦ ਤੋਂ ਜਲਦ ਸੰਗਤਾਂ ਦੀ ਅਦਾਲਤ ਵਿੱਚ ਸੁਸਾਇਟੀ ਨੂੰ ਚਾਹੀਦਾ ਹੈ ਉਹਨਾਂ ਨੂੰ ਪੇਸ਼ ਕੀਤਾ ਜਾਵੇ। ਸਾਡੇ ਲੋਕ ਇਹ ਭੁੱਲ ਬੈਠੇ ਹਨ। ਜਿਸ ਦੇ ਸਿਰ ਤੇ ਪੱਗ ਵੱਜੀ ਹੁੰਦੀ ਹੈ। ਉਹ ਸਰਦਾਰ ਹੁੰਦਾ ਹੈ ਤੇ ਸਰਦਾਰ ਦਾ ਦੂਜਾ ਵਰਜਨ ਪ੍ਰਧਾਨ ਦਾ ਮਤਲਬ ਵੀ ਸਰਦਾਰ ਹੁੰਦਾ ਹੈ। ਪਰ ਕੁੱਝ ਲੋਕ ਵਾਹਿਗੁਰੂ ਵੱਲੋਂ ਬਖ਼ਸ਼ੀ ਸਰਦਾਰੀ ਨੂੰ ਘੱਟ ਤੇ ਚਾਰ ਕੁ ਲੋਕਾਂ ਵੱਲੋਂ ਨਿਵਾਜੀ ਗਈ ਪ੍ਰਧਾਨਗੀ (ਸਰਦਾਰੀ) ਨੂੰ ਜ਼ਿਆਦਾ ਅਹਿਮੀਅਤ ਦੇਣ ਲੱਗ ਪਏ ਹਨ। ਜਿਸ ਤਰਾਂ ਸੰਤਾਂ ਦੇ ਨਾਂਅ ਨੂੰ ਇਹ ਚੈਨ ਨਹੀਂ ਲੈਣ ਦੇਣ ਦਏ।
ਇਸੇ ਤਰਾਂ ਹੀ ਇਹ ਕੌਮ ਦਾ ਚੈਨ ਵੀ ਖੋ ਰਹੇ ਹਨ। ਕਿਉਂਕਿ ਜ਼ਿਆਦਾ ਜਥੇਬੰਦੀਆਂ ਦਾ ਇੱਕੋ ਨਾਂਅ ਹੇਠ ਚੱਲਣਾ ਕਿਤੇ ਨ ਕਿਤੇ ਸੰਤਾਂ ਦੇ ਸੇਵਕਾਂ ਅਤੇ ਸਰਧਾਲੂ ਸੰਗਤਾਂ ਵਿੱਚ ਵੀ ਪ੍ਰਸ਼ਨ ਖੜਾ ਕਰਦਾ ਹੈ। ਇਸ ਕਰਕੇ ਸਾਡਾ ਫਰਜ ਬਣਦਾ ਹੈ। ਅਸੀਂ ਸੰਗਤਾਂ ਤੱਕ ਸਹੀ ਸੁਨੇਹਾਂ ਪੁੱਜਦਾ ਕਰੀਏ। ਅੱਗੇ ਨਵੀਂਆਂ ਸੁਸਾਇਟੀਆਂ ਬਣਾਉਣ ਵਾਲੇ ਇਸ ਸੱਚਾਈ ਤੇ ਕਿੰਨਾ ਅਮਲ ਕਰਦੇ ਹਨ। ਇਹ ਉਹਨਾਂ ਤੇ ਨਿਰਭਰ ਕਰਦਾ ਹੈ।
-ਤਜਿੰਦਰ ਸਿੰਘ, ਮੁੱਖ ਸੰਪਾਦਕ

LEAVE A REPLY

Please enter your comment!
Please enter your name here