ਮਿਸਰ : ਦੁਨੀਆ ਦੀ ਖੂਬਸੂਰਤ ਰਾਣੀ ਦੇ ਰਾਜ਼ ਖੋਲ੍ਹਣਗੇ 2000 ਸਾਲ ਪੁਰਾਣੇ ਸਿੱਕੇ

0
202

ਕਲੀਓਪੇਟ੍ਰਾ ਨੂੰ ਮਿਸਰ ਦੀ ਸਭ ਤੋਂ ਮਸ਼ਹੂਰ ਰਾਣੀ ਵੀ ਕਿਹਾ ਜਾਂਦਾ ਹੈ। ਉਸ ਦੀ ਖੂਬਸੂਰਤੀ ਦੀ ਤਾਰੀਫ ਪੂਰੀ ਦੁਨੀਆ ਵਿਚ ਹੁੰਦੀ ਸੀ ਪਰ ਹਜ਼ਾਰਾਂ ਸਾਲਾਂ ਤੱਕ ਲੋਕ ਉਸ ਦਾ ਮਕਬਰਾ ਨਹੀਂ ਖੋਜ ਪਾਏ ਸਨ ਕਿਉਂਕਿ ਉਸ ਦੀ ਮੌਤ ਅਤੇ ਉਸ ਦਾ ਮਕਬਰਾ ਇਕ ਰਹੱਸ ਸਨ। ਹੁਣ 2000 ਸਾਲ ਬਾਅਦ ਪੁਰਾਤੱਤਵ ਵਿਗਿਆਨੀਆਂ ਨੇ ਕਲੀਓਪ੍ਰੇਟਾ ਦੇ ਮਕਬਰੇ ਨੂੰ ਖੋਜਣ ਦਾ ਦਾਅਵਾ ਕੀਤਾ ਹੈ।ਇਹ ਮੰਨਿਆ ਜਾਂਦਾ ਹੈ ਕਿ ਮਿਸਰ ਵਿਚ 365 ਏਡੀ ਵਿਚ ਭਿਆਨਕ ਭੂਚਾਲ ਆਇਆ ਸੀ ਜਿਸ ਵਿਚ ਕਲੀਓਪ੍ਰੇਟਾ ਦਾ ਮਕਬਰਾ ਨਸ਼ਟ ਹੋ ਗਿਆ ਸੀ ਪਰ ਪੁਰਾਤੱਤਵ ਵਿਗਿਆਨੀ ਕੈਥਲੀਨ ਮਾਰਟੀਨੇਜ਼ ਨੇ ਕਿਹਾ ਕਿ ਉਹਨਾਂ ਨੂੰ ਅਲੈਗਜੈਂਡਰੀਆ ਸ਼ਹਿਰ ਤੋਂ ਕਰੀਬ 30 ਮੀਲ ਮਤਲਬ 48 ਕਿਲੋਮੀਟਰ ਦੂਰ ਕੁਝ ਅਜਿਹੇ ਸਬੂਤ ਮਿਲੇ ਹਨ ਜੋ ਇਹ ਦੱਸਦੇ ਹਨ ਕਿ ਕਲੀਓਪ੍ਰੇਟਾ ਦਾ ਮਕਬਰਾ ਕਿੱਥੇ ਹੈ।ਕੈਥਲੀਨ ਨੇ ਦੱਸਿਆ ਕਿ ਇਹ ਮਕਬਰਾ ਟੈਪੋਸਿਰਿਸ ਮੈਗਨਾ ਮੰਦਰ ਦੇ ਨੇੜੇ ਹੈ। ਇਸ ਮੰਦਰ ਵਿਚ ਆਇਸਿਸ ਦੇਵੀ ਦੀ ਪੂਜਾ ਹੁੰਦੀ ਸੀ। ਕੈਥਲੀਨ ਨੇ ਇਸ ਮੰਦਰ ਦੇ ਨੇੜੇ ਖੋਦਾਈ ਕੀਤੀ ਤਾਂ ਉਹਨਾਂ ਨੂੰ 200 ਸ਼ਾਹੀ ਸਿੱਕੇ ਮਿਲੇ। ਇਹਨਾਂ ‘ਤੇ ਕਲੀਓਪ੍ਰੇਟਾ ਦਾ ਚਿਹਰਾ ਬਣਿਆ ਹੋਇਆ ਸੀ। ਮਿਸਰ ਦੇ ਵਿਗਿਆਨੀ ਡਾਕਟਰ ਗਲੇਨ ਗਾਡੇਨਹੋ ਨੇ ਕਿਹਾ ਕਿ ਸਿੱਕੇ ਪੁਰਾਣੀਆਂ ਚੀਜ਼ਾਂ ਨੂੰ ਪ੍ਰਮਾਣਿਤ ਕਰਨ ਵਿਚ ਸਮਰੱਥ ਹੁੰਦੇ ਹਨ। ਕੈਥਲੀਨ ਨੂੰ ਮਿਲੇ ਸਿੱਕਿਆਂ ਨਾਲ ਇਹ ਗੱਲ ਤਾਂ ਪ੍ਰਮਾਣਿਤ ਹੁੰਦੀ ਹੈ ਕਿ ਉਸ ਸਮੇਂ ਕਲੀਓਪ੍ਰੇਟਾ ਦਾ ਸ਼ਾਸਨ ਸੀ ਅਤੇ ਮੰਦਰ ਵਿਚ ਦੇਵੀ ਆਇਸਿਸ ਦੀ ਪੂਜਾ ਹੁੰਦੀ ਸੀ।ਐਕਸਪ੍ਰੈੱਸ ਡਾਟ ਨੂੰ ਡਾਟ ਯੂਕੇ ਵਿਚ ਪ੍ਰਕਾਸ਼ਿਤ ਖਬਰ ਦੇ ਮੁਤਾਬਕ ਡਾਕਟਰ ਗਾਡੇਨਹੋ ਨੇ ਕਿਹਾ ਕਿ ਹੁਣ ਕੈਥਲੀਨ ਨੇ ਇਹ ਗੱਲ ਪ੍ਰਮਾਣਿਤ ਕਰਨੀ ਹੈ ਕਿ ਕਲੀਓਪ੍ਰੇਟਾ ਦਾ ਦੇਵੀ ਆਇਸਿਸ ਦੇ ਮੰਦਰ ਨਾਲ ਨਿੱਜੀ ਜੁੜਾਵ ਸੀ। ਸਿੱਕਿਆਂ ਦੇ ਇਕ ਪਾਸੇ ਕਲੀਓਪੇਟ੍ਰਾ ਦੀ ਸ਼ਕਲ ਬਣੀ ਹੈ, ਦੂਜੇ ਪਾਸੇ ਗ੍ਰੀਕ ਭਾਸ਼ਾ ਵਿਚ ਕਲੀਓਪ੍ਰੇਟਾ ਦਾ ਨਾਮ ਖੁਦਿਆ ਹੈ। ਮਿਸਰ ਵਿਚ ਕਲੀਓਪ੍ਰੇਟਾ ਦੀ ਸ਼ਕਲ ਦੇ ਸਿੱਕੇ ਮਿਲਣ ਦੇ ਬਾਅਦ ਇਸ ਗੱਲ ਦਾ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਉਸ ਜਗ੍ਹਾ ਦੇ ਨੇੜੇ ਹੀ ਕਲੀਓਪ੍ਰੇਟਾ ਦਾ ਮਕਬਰਾ ਹੋਵੇਗਾ, ਜਿੱਥੇ ਉਸ ਦੀ ਮਮੀ ਰੱਖੀ ਹੋ ਸਕਦੀ ਹੈ। ਮਿਸਰ ਦੇ ਪਹਿਲੇ ਮੰਦਰਾਂ ਦੇ ਪੁਜਾਰੀ ਰਾਜਾ ਜਾਂ ਰਾਣੀ ਵੱਲੋਂ ਜਦੋਂ ਪੂਜਾ ਕਰਦੇ ਸਨ ਉਦੋਂ ਉਹ ਦੇਵੀ ਆਇਸਿਸ ਨੂੰ ਰਾਜਾ-ਰਾਣੀ ਦੀ ਸ਼ਕਲ ਵਾਲੇ ਸਿੱਕੇ ਚੜ੍ਹਾਉਂਦੇ ਸਨ। ਇਹ ਪਰੰਪਰਾ ਮਿਸਰ ਵਿਚ ਸੈਂਕੜੇ ਸਾਲਾਂ ਤੱਕ ਚੱਲੀ ਸੀ। ਹੁਣ ਪੁਰਾਤੱਤਵ ਵਿਗਿਆਨੀ ਇਸ ਕੋਸ਼ਿਸ਼ ਵਿਚ ਲੱਗੇ ਹਨ ਕਿ ਇਹਨਾਂ ਸਿੱਕਿਆਂ ਦੀ ਮਦਦ ਨਾਲ ਕਲੀਓਪ੍ਰੇਟਾ ਦੀ ਸਹੀ ਸ਼ਕਲ ਬਣਾਉਣ ਤਾਂ ਜੋ ਉਸ ਦੀ ਸੁੰਦਰਤਾ ਬਾਰੇ ਪਤਾ ਲਗਾਇਆ ਜਾ ਸਕੇ। ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਕਲੀਓਪ੍ਰੇਟਾ ‘ਤੇ ਹਾਲੀਵੁੱਡ ਵਿਚ ਕਈ ਫਿਲਮਾਂ ਬਣ ਚੁੱਕੀਆਂ ਹਨ, ਜਿਸ ਵਿਚ ਕਈ ਅਦਾਕਾਰਾਂ ਕੰਮ ਕਰ ਚੁੱਕੀਆਂ ਹਨ।

LEAVE A REPLY

Please enter your comment!
Please enter your name here