ਮਿਨੀਆਪੋਲਿਸ ਸਿਟੀ ਕੌਂਸਲ ਨੇ ਸ਼ੁੱਕਰਵਾਰ ਨੂੰ ਜਾਰਜ ਫਲਾਈਡ ਜੋ ਕਿ ਪਿਛਲੇ ਸਾਲ ਪੁਲਸ ਹਿਰਾਸਤ ਵਿੱਚ ਆਪਣੀ ਜਾਨ ਗਵਾ ਬੈਠਾ ਸੀ, ਦੇ ਪਰਿਵਾਰ ਨਾਲ 27 ਮਿਲੀਅਨ ਡਾਲਰ ਦੇ ਸਿਵਲ ਸਮਝੌਤੇ ਨੂੰ ਮਨਜ਼ੂਰੀ ਦੇ ਦਿੱਤੀ ਹੈ। ਸਿਟੀ ਕੌਂਸਲ ਨੇ ਇਸ ਸਮਝੌਤੇ ਨੂੰ ਪ੍ਰਵਾਨਗੀ ਦੇਣ ਲਈ 13-0 ਵੋਟਾਂ ਪਾਈਆਂ।ਜਾਰਜ ਫਲਾਈਡ ਦੀ ਮੌਤ ਦੇ ਦੋਸ਼ੀ ਮਿਨੀਆਪੋਲਿਸ ਦਾ ਸਾਬਕਾ ਪੁਲਸ ਅਧਿਕਾਰੀ ਡੇਰੇਕ ਚੌਵਿਨ ਜਿਸ ਨੇ ਨੌਂ ਮਿੰਟਾਂ ਤੋਂ ਵੱਧ ਸਮੇਂ ਲਈ ਫਲਾਇਡ ਦੀ ਗਰਦਨ ‘ਤੇ ਗੋਡੇ ਰੱਖਿਆ ਸੀ, ‘ਤੇ ਮੁਕੱਦਮਾ ਚੱਲ ਰਿਹਾ ਹੈ।ਇਸ ਦੇ ਇਲਾਵਾ ਇਸ ਘਟਨਾ ਵਿੱਚ ਸ਼ਾਮਿਲ ਤਿੰਨ ਹੋਰ ਸਾਬਕਾ ਅਧਿਕਾਰੀਆਂ ਉੱਪਰ ਸਹਾਇਤਾ ਦੇਣ ਦੇ ਦੋਸ਼ ਲਗਾਏ ਗਏ ਹਨ ਅਤੇ ਇਹਨਾਂ ‘ਤੇ ਅਗਸਤ ਵਿੱਚ ਸਾਂਝੇ ਤੌਰ ‘ਤੇ ਮੁਕੱਦਮਾ ਚਲਾਇਆ ਜਾਵੇਗਾ।ਮਿਨੀਆਪੋਲਿਸ ਦੇ ਮੇਅਰ ਜੈਕਬ ਫਰੇਈ ਅਨੁਸਾਰ ਫਲਾਈਡ ਦੀ ਮੌਤ ਦੇ ਸੰਬੰਧ ਵਿੱਚ ਇਹ ਸਮਝੋਤਾ ਨਸਲੀ ਨਿਆਂ ਨੂੰ ਅੱਗੇ ਵਧਾਉਣ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ। ਫਲਾਈਡ ਦੇ ਪਰਿਵਾਰ ਨੇ ਅਨੁਸਾਰ ਉਹ ਸਮਝੌਤੇ ਲਈ ਧੰਨਵਾਦੀ ਹਨ ਪਰ ਕੋਈ ਵੀ ਰਕਮ ਫਲਾਈਡ ਦੀ ਮੌਤ ਦੇ ਦਰਦ ਨੂੰ ਭੁਲਾ ਨਹੀ ਸਕਦੀ।ਜਾਰਜ ਫਲਾਈਡ ਨਾਲ ਸੰਬੰਧਿਤ ਮੁਕੱਦਮੇ ਵਿੱਚ ਸ਼ਹਿਰ ਨੂੰ ਪੁਲਸ ਵਿਭਾਗ ਵਿੱਚ ਨਸਲਵਾਦ ਪ੍ਰਤੀ ਧਿਆਨ ਦੇਣ ਦੀ ਪ੍ਰਵਾਨਗੀ ਦਿੱਤੀ ਗਈ ਸੀ।ਫਲਾਈਡ ਦੇ ਪਰਿਵਾਰਕ ਮੈਂਬਰਾਂ ਦੀ ਨੁਮਾਇੰਦਗੀ ਕਰ ਰਹੇ ਵਕੀਲਾਂ ਨੇ ਕਿਹਾ ਮਿਨੀਆਪੋਲਿਸ ਪੁਲਿਸ ਵਿਭਾਗ ਵਿੱਚ ਕਾਫ਼ੀ ਸੁਧਾਰ ਹੋਏ ਹਨ ਪਰ ਉਹ ਹੋਰ ਤਬਦੀਲੀ ਲਈ ਜ਼ੋਰ ਪਾਉਣਗੇ।