ਮਿਆਂਮਾਰ ਵਿਚ ਫੌਜੀ ਤਖਤਾਪਲਟ ਵਿਰੁੱਧ ਸੜਕਾਂ ‘ਤੇ ਉਤਰੇ ਵਿਖਾਵਾਕਾਰੀਆਂ ‘ਤੇ ਸੁਰੱਖਿਆ ਫੋਰਸਾਂ ਨੇ ਸ਼ੁੱਕਰਵਾਰ ਮੁੜ ਫਾਇਰਿੰਗ ਕੀਤੀ। ਇਸ ਕਾਰਣ 9 ਵਿਅਕਤੀ ਮਾਰੇ ਗਏ। ਦੇਸ਼ ਵਿਚ ਇਸ ਸਾਲ 1 ਫਰਵਰੀ ਨੂੰ ਹੋਏ ਤਖ਼ਤਾਪਲਟ ਵਿਰੁੱਧ ਵਿਰੋਧ ਵਿਖਾਵਿਆਂ ਵਿਚ ਸ਼ੁੱਕਰਵਾਰ ਰਾਤ ਤੱਕ 233 ਵਿਅਕਤੀਆਂ ਦੀ ਮੌਤ ਹੋ ਚੁੱਕੀ ਸੀ।ਅਹੁਦਿਓਂ ਲੱਥੀ ਸਰਬ ਉੱਚ ਨੇਤਾ ਆਂਗ ਸਾਨ ਸੂ ਕੀ ਦੀ ਪਾਰਟੀ ਨੈਸ਼ਨਲ ਲੀਗ ਫਾਰ ਡੈਮੋਕ੍ਰੇਸੀ ਦੇ ਇਕ ਬੁਲਾਰੇ ਨੂੰ ਸ਼ੁੱਕਰਵਾਰ ਗ੍ਰਿਫਤਾਰ ਕਰ ਲਿਆ ਗਿਆ। ਓਧਰ ਇੰਡੋਨੇਸ਼ੀਆ ਨੇ ਮਿਆਂਮਾਰ ਦੀ ਫੌਜ ਨੂੰ ਹਿੰਸਾ ਬੰਦ ਕਰਨ ਅਤੇ ਲੋਕਰਾਜ ਨੂੰ ਬਹਾਲ ਕਰਨ ਦੀ ਅਪੀਲ ਕੀਤੀ ਹੈ। ਇਸ ਦੇ ਨਾਲ ਹੀ ਤੁਹਾਨੂੰ ਦੱਸ ਦੇਈਏ ਕਿ ਮਿਆਂਮਾਰ ‘ਚ ਸ਼ੁੱਕਰਵਾਰ ਨੂੰ ਦੋ ਹੋਰ ਪੱਤਰਕਾਰਾਂ ਨੂੰ ਹਿਰਾਸਤ ‘ਚ ਲੈ ਲਿਆ ਗਿਆ।ਅਜਿਹਾ ਪਿਛਲੇ ਮਹੀਨੇ ਦੇ ਤਖਤਾਪਲਟ ਦੇ ਵਿਰੋਧ ਸੰਬੰਧੀ ਜਾਣਕਾਰੀ ਦੇ ਪ੍ਰਵਾਹ ‘ਤੇ ਰੋਕ ਲਾਉਣ ਦੇ ਜੁੰਟਾਂ ਦੀਆਂ ਕੋਸ਼ਿਸ਼ਾਂ ਤਹਿਤ ਕੀਤਾ ਗਿਆ ਹੈ। ਇਕ ਨਿਊਜ਼ ਏਜੰਸੀ ਮੁਤਾਬਕ ਉਸ ਦੇ ਇਕ ਸਾਬਕਾ ਪੱਤਰਕਾਰ ਥਾਨ ਹਤਿਕੇ ਆਂਗ ਅਤੇ ਆਂਗ ਥੁਰਾ ਨੂੰ ਉਨ੍ਹਾਂ ਲੋਕਾਂ ਵੱਲੋਂ ਹਿਰਾਸਤ ‘ਚ ਲੈ ਲਿਆ ਗਿਆ ਜੋ ਰਾਜਧਾਨੀ ਨੇਪੀਤਾ ਦੀ ਰਾਜਧਾਨੀ ‘ਚ ਇਕ ਅਦਾਲਤ ਦੇ ਬਾਹਰ ਬਿਨ੍ਹਾਂ ਵਰਦੀ ਦੇ ਸੁਰੱਖਿਆ ਮੁਲਾਜ਼ਮ ਪ੍ਰਤੀਤ ਹੋ ਰਹੇ ਸਨ। ਪੱਤਰਕਾਰ ਪਾਰਟੀ ‘ਨੈਸ਼ਨਲ ਲੀਗ ਫਾਰ ਡੈਮੋਕ੍ਰੇਸੀ’ ਦੇ ਹਿਰਾਸਤ ‘ਚ ਲਏ ਗਏ ਇਕ ਸੀਨੀਅਰ ਅਹੁਦਾ ਅਧਿਕਾਰੀ ਵਿਨ ਹੇਤਿਨ ਵਿਰੁੱਧ ਕਾਨੂੰਨੀ ਕਾਰਵਾਈ ਨੂੰ ਕਵਰ ਕਰਨ ਲਈ ਉਥੇ ਗਏ ਸਨ।