ਮਹਾਰਾਸ਼ਟਰ ‘ਚ 107 ਸਾਲਾ ਬਜ਼ੁਰਗ ਬੀਬੀ ਅਤੇ ਉਨ੍ਹਾਂ ਦੀ 78 ਸਾਲਾ ਧੀ ਨੇ ਕੋਰਨਾ ਵਾਇਰਸ ਇਨਫੈਕਸ਼ਨ ਨੂੰ ਮਾਤ ਦੇ ਕੇ ਲੋਕਾਂ ਦੇ ਸਾਹਮਣੇ ਇਕ ਮਿਸਾਲ ਪੇਸ਼ ਕੀਤੀ ਹੈ। ਇਕ ਅਧਿਕਾਰੀ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਜਾਲਨਾ ਸ਼ਹਿਰ ਦੇ ਇਕ ਹਸਪਤਾਲ ‘ਚ ਦਾਖ਼ਲ ਬਜ਼ੁਰਗ ਬੀਬੀ, ਉਨ੍ਹਾਂ ਦੀ ਬਜ਼ੁਰਗ ਧੀ ਅਤੇ ਉਨ੍ਹਾਂ ਦੇ ਪਰਿਵਾਰ ਦੇ 3 ਮੈਂਬਰਾਂ ਨੂੰ ਵੀਰਵਾਰ ਨੂੰ ਛੁੱਟੀ ਦੇ ਦਿੱਤੀ ਗਈ। ਜ਼ਿਲ੍ਹਾ ਸਿਵਲ ਸਰਜਨ ਅਰਚਨਾ ਭੋਂਸਲੇ ਨੇ ਦੱਸਿਆ ਕਿ ਬਜ਼ੁਰਗ ਬੀਬੀ, ਉਨਾਂ ਦੀ ਧੀ, 65 ਸਾਲਾ ਉਨ੍ਹਾਂ ਦੇ ਬੇਟੇ ਅਤੇ 27 ਅਤੇ 17 ਸਾਲ ਦੇ ਉਨ੍ਹਾਂ ਦੇ ਪਰਿਵਾਰ ਦੇ 2 ਲੋਕਾਂ ਦਾ ਹਸਪਤਾਲ ‘ਚ ਇਕ ਹਫ਼ਤੇ ਤੋਂ ਵੱਧ ਸਮੇਂ ਤੱਕ ਇਲਾਜ ਚੱਲਿਆ। ਉਨ੍ਹਾਂ ਨੇ ਦੱਸਿਆ ਕਿ ਪੁਰਾਣੇ ਜਾਲਨਾ ‘ਚ ਮਾਲੀ ਪੁਰਾ ਦੇ ਵਾਸੀ ਇਸ ਪਰਿਵਾਰ ਨੂੰ 11 ਅਗਸਤ ਨੂੰ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ ਸੀ।ਭੋਂਸਲੇ ਨੇ ਦੱਸਿਆ ਕਿ ਬਜ਼ੁਰਗ ਬੀਬੀ ਦੀ ਹਾਲ ਹੀ ‘ਚ ਰੀੜ੍ਹ ਦੀ ਹੱਡੀ ਦੀ ਸਰਜਰੀ ਹੋਈ ਹੈ ਅਤੇ ਇਨਫੈਕਸ਼ਨ ਦੀ ਪੁਸ਼ਟੀ ਹੋਣ ‘ਤੇ ਉਨ੍ਹਾਂ ਦੀ ਉਮਰ ਨੂੰ ਦੇਖਦੇ ਹੋਏ ਚੁਣੌਤੀਆਂ ਵੱਧ ਸਨ। ਠੀਕ ਹੋਣ ਤੋਂ ਬਾਅਦ, ਹਸਪਤਾਲ ਦੇ ਕਰਮੀਆਂ ਨੇ ਪਰਿਵਾਰ ਦੇ ਮੈਂਬਰਾਂ ਨੂੰ ਗਰਮਜੋਸ਼ੀ ਨਾਲ ਵਿਦਾਈ ਦਿੱਤੀ। ਬੀਬੀ ਦੇ ਬੇਟੇ ਨੇ ਕਿਹਾ,”ਅਸੀਂ ਉਮੀਦ ਗਵਾ ਦਿੱਤੀ ਸੀ ਪਰ ਅਸੀਂ ਮੈਡੀਕਲ ਸਟਾਫ਼ ਵਲੋਂ ਦਿਖਾਏ ਗਏ ਸਮਰਪਣ ਕਾਰਨ ਬਚ ਗਏ। ਇਹ ਕਿਸੇ ਚਮਤਕਾਰ ਨਾਲੋਂ ਘੱਟ ਨਹੀਂ ਹੈ।” ਵਿਦਾਈ ਪ੍ਰੋਗਰਾਮ ‘ਚ ਜ਼ਿਲ੍ਹਾ ਕਲੈਕਟਰ ਰਵਿੰਦਰ ਬਿਨਵਾੜੇ ਅਤੇ ਜ਼ਿਲ੍ਹਾ ਪੁਲਸ ਸੁਪਰਡੈਂਟ ਐੱਸ. ਚੈਤਨਯ ਸ਼ਾਮਲ ਹੋਏ ਅਤੇ ਉਨ੍ਹਾਂ ਨੇ ਹਸਪਤਾਲ ਦੇ ਕਰਮੀਆਂ ਦੀ ਕੋਸ਼ਿਸ਼ ਦੀ ਸ਼ਲਾਘਾ ਕੀਤੀ।