ਸਬ-ਡਵੀਜ਼ਨ ਜਲਾਲਾਬਾਦ ਨਾਲ ਸਬੰਧਤ ਬੂਰ ਵਾਲਾ ਵਾਸੀ ਇਕ ਗਰਭਵਤੀ ਜਨਾਨੀ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਿਸਦੀ ਰਿਪੋਰਟ ਪਾਜ਼ੇਟਿਵ ਪਾਈ ਗਈ ਹੈ। ਜਾਣਕਾਰੀ ਦਿੰਦੇ ਹੋਏ ਮ੍ਰਿਤਕ ਜਨਾਨੀ ਦੇ ਪਿਤਾ ਮੱਖਣ ਸਿੰਘ ਨੇ ਦੱਸਿਆ ਕਿ ਉਸਦੀ ਧੀ ਪਿੰਡ ਕੱਟੀਆਂ ਵਾਲਾ ‘ਚ ਵਿਆਹੀ ਹੋਈ ਸੀ ਪਰ ਸਹੁਰੇ ਪਰਿਵਾਰ ਨਾਲ ਵਿਵਾਦ ਹੋਣ ਕਾਰਨ ਪਿਛਲੇ ਕਰੀਬ ਇਕ ਸਾਲ ਤੋਂ ਉਹ ਪੇਕੇ ਘਰ ਰਹਿ ਰਹੀ ਸੀ ਅਤੇ ਕਰੀਬ 8 ਮਹੀਨਿਆਂ ਤੋਂ ਗਰਭਵਤੀ ਸੀ। ਉਸਨੇ ਦੱਸਿਆ ਕਿ ਉਸਦੀ ਬੇਟੀ ਅਚਾਨਕ ਬਾਥਰੂਮ ਕਰਨ ਲਈ ਉੱਠੀ ਸੀ ਤੇ ਬਾਥਰੂਮ ‘ਚ ਪੈਰ ਫਿਸਲਣ ਕਾਰਣ ਡਿੱਗ ਪਈ ਅਤੇ ਉਸਦੀ ਹਾਲਤ ਕਾਫੀ ਖਰਾਬ ਹੋ ਗਈ, ਜਿਸ ਨੂੰ 15 ਜੁਲਾਈ ਨੂੰ ਇਲਾਜ ਲਈ ਤੜਕਸਾਰ ਗੁਰੂ ਗੋਬਿੰਦ ਮੈਡੀਕਲ ਕਾਲਜ ਫਰੀਦਕੋਟ ਲੈ ਜਾਇਆ ਗਿਆ, ਉਥੇ ਪੂਰਾ ਦਿਨ ਰੱਖਿਆ ਤੇ ਬਾਅਦ ‘ਚ ਉਨ੍ਹਾਂ ਨੇ ਜਵਾਬ ਦੇ ਦਿੱਤਾ ਕਿ ਤੁਹਾਡੀ ਬੇਟੀ ਮਰ ਚੁੱਕੀ ਹੈ ਅਤੇ ਇਸ ਦਾ ਪੋਸਟਮਾਰਟਮ ਕਰਵਾਉਣਾ ਹੈ ਪਰ ਜਦੋਂ ਅਸੀਂ ਇਨਕਾਰ ਕਰ ਦਿੱਤਾ ਤਾਂ ਉਨ੍ਹਾਂ ਨੇ ਲਾਸ਼ ਨਹੀਂ ਦਿੱਤੀ ਅਤੇ ਅਗਲੇ ਦਿਨ ਕੋਰੋਨਾ ਪਾਜ਼ੇਟਿਵ ਕਰਾਰ ਦੇ ਦਿੱਤਾ।