ਅਮਰੀਕਾ ਵਿਚ ਭਾਰਤੀ ਮੂਲ ਦੀ 23 ਸਾਲਾ ਬੀਬੀ ਨੇ ਆਪਣੇ ਨਵਜੰਮੇ ਬੱਚੇ ਨੂੰ ਕਥਿਤ ਤੌਰ ‘ਤੇ ਬਾਥਰੂਮ ਦੀ ਖਿੜਕੀ ਤੋਂ ਬਾਹਰ ਸੁੱਟ ਦਿੱਤਾ। ਮੀਡੀਆ ਵਿਚ ਆਈ ਇਕ ਖਬਰ ਵਿਚ ਇਹ ਕਿਹਾ ਗਿਆ ਹੈ। ਖਬਰ ਦੇ ਮੁਤਾਬਕ, ਘਟਨਾ ਦੀ ਜਾਂਚ ਦੇ ਬਾਅਦ ਬੀਬੀ ‘ਤੇ ਕਤਲ ਕਰਨ ਦੀ ਕੋਸ਼ਿਸ਼ ਦਾ ਦੋਸ਼ ਦਰਜ ਕੀਤਾ ਗਿਆ ਹੈ।
ਨਿਊਯਾਰਕ ਪੋਸਟ ਦੀ ਮੰਗਲਵਾਰ ਦੀਖਬਰ ਦੇ ਮੁਤਾਬਕ ਨਿਊਯਾਰਕ ਦੇ ਕਵੀਂਸ ਵਿਚ ਰਹਿਣ ਵਾਲੀ ਸਬਿਤਾ ਦੂਕਰਾਮ ਨੇ ਸ਼ਨੀਵਾਰ ਨੂੰ ਨਹਾਉਂਦੇ ਸਮੇਂ ਬੱਚੇ ਨੂੰ ਜਨਮ ਦਿੱਤਾ, ਜਿਸ ਦੇ ਬਾਅਦ ਉਹ ਦਹਿਸ਼ਤ ਵਿਚ ਆ ਗਈ ਅਤੇ ਉਸ ਨੇ ਨਵਜੰਮੇ ਬੱਚੇ ਨੂੰ ਬਾਥਰੂਮ ਦੀ ਖਿੜਕੀ ਤੋਂ ਬਾਹਰ ਤੰਗ ਗਲੀ ਵਿਚ ਸੁੱਟ ਦਿੱਤਾ। ਬਾਅਦ ਵਿਚ ਬੀਬੀ ਨੇ ਇਸ ਦੀ ਕਿਸੇ ਨੂੰ ਸੂਚਨਾ ਦਿੱਤੇ ਬਿਨਾਂ ਬਾਥਰੂਮ ਦੀ ਸਾਫ-ਸਫਾਈ ਕਰ ਦਿੱਤੀ। ਖੁਦ ਨਹਾਈ ਅਤੇ ਥੋੜ੍ਹੀ ਦੇਰ ਬਾਅਦ ਸੌਂ ਗਈ।
ਬੀਬੀ ਨੇ ਜਾਂਚ ਕਰਤਾਵਾਂ ਨੂੰ ਦੱਸਿਆ,”ਮੇਰਾ ਇਕ ਬੱਚਾ ਸੀ ਜੋ ਹੁਣ ਨਹੀਂ ਹੈ। ਮੈਂ ਬਾਥਰੂਮ ਵਿਚ ਗਈ ਅਤੇ ਮੈਂ ਇਕ ਬੱਚੇ ਨੂੰ ਜਨਮ ਦਿੱਤਾ। ਮੈਂ ਨਹੀਂ ਜਾਣਦੀ ਸੀ ਕਿ ਮੈਨੂੰ ਕੀ ਕਰਨਾ ਚਾਹੀਦਾ ਹੈ, ਮੈਨੂੰ ਮੁਆਫ ਕਰ ਦਿਓ। ਮੈਂ ਡਰ ਗਈ ਅਤੇ ਉਸ ਨੂੰ ਬਾਥਰੂਮ ਦੀ ਖਿੜਕੀ ਤੋਂ ਬਾਹਰ ਸੁੱਟ ਦਿੱਤਾ।” ਬੀਬੀ ਨੇ ਦੱਸਿਆ ਕਿ ਉਸ ਨੇ ਬੱਚੇ ਦਾ ਗਰਭਨਾਲ ਬਾਥਰੂਮ ਵਿਚ ਇਕ ਕੈਂਚੀ ਨਾਲ ਕੱਟਿਆ ਸੀ। ਭਾਵੇਂਕਿ ਬੱਚੇ ਦੇ ਰੋਣ ਦੀ ਆਵਾਜ਼ ਸੁਣ ਕੇ ਗੁਆਂਢੀ ਉਸ ਨੂੰ ਨਾਜ਼ੁਕ ਹਾਲਤ ਵਿਚ ਹਸਪਤਾਲ ਲੈ ਗਏ। ਬਾਅਦ ਵਿਚ ਪੁਲਸ ਨੂੰ ਵੀ ਇਸ ਬਾਰੇ ਸੂਚਨਾ ਦਿੱਤੀ।
ਬੱਚੇ ਦੇ ਸਰੀਰ ਦੇ ਕਈ ਹਿੱਸਿਆਂ ‘ਤੇ ਸੱਟਾਂ ਲੱਗੀਆਂ ਹਨ। ਉਸ ਦੇ ਦਿਮਾਗ ਵਿਚ ਖੂਨ ਵੱਗ ਰਿਹਾ ਹੈ ਅਤੇ ਦਿਮਾਗ ਵਿਚ ਸੋਜ ਹੋ ਗਈ ਹੈ। ਉਸ ਦੀ ਹਾਲਤ ਹਾਲੇ ਵੀ ਨਾਜ਼ੁਕ ਦੱਸੀ ਜਾ ਰਹੀ ਹੈ। ਸਹਾਇਕ ਜ਼ਿਲ੍ਹਾ ਅਟਾਰਨੀ ਮੇਲਿਸਾ ਕੇਲੀ ਨੇ ਅਦਾਲਤ ਵਿਚ ਕਿਹਾ,”ਬੀਬੀ ਨੇ ਪੰਜ ਫੁੱਟ ਉੱਚੀ ਖਿੜਕੀ ਤੋਂ ਬੱਚੇ ਨੂੰ ਬਾਹਰ ਸੁੱਟਿਆ ਅਤੇ ਉਸ ਨੂੰ ਕਈ ਘੰਟਿਆਂ ਤੱਕ ਜ਼ਮੀਨ ‘ਤੇ ਬਿਨਾਂ ਕੱਪੜਿਆਂ ਦੇ ਛੱਡ ਦਿੱਤਾ।” ਕੇਲੀ ਨੇ ਕਿਹਾ,”ਉਹ ਖੁਦ ਦੀ ਅਤੇ ਬਾਥਰੂਮ ਦੀ ਸਫਾਈ ਕਰਨ ਵਿਚ ਸਮਰੱਥ ਸੀ ਜਦਕਿ ਬੱਚਾ ਰੋ ਰਿਹਾ ਸੀ।” ਵਕੀਲ ਨੇ ਦਾਅਵਾ ਕੀਤਾ ਕਿ ਬੀਬੀ ਨੇ ਆਪਣੇ ਘਿਨਾਉਣੇ ਅਪਰਾਧ ਨੂੰ ਲੁਕਾਉਣ ਲਈ ਪੁਲਸ ਕਰਮੀਆਂ ਦੇ ਸਾਹਮਣੇ ਕਈ ਵਿਰੋਧੀ ਬਿਆਨ ਦਿੱਤੇ ਹਨ।