ਭਾਜਪਾ ਲਈ ਚੁਣੌਤੀਪੂਰਨ ਵਰ੍ਹਾ…….

0
21

ਸਾਲ 2022 ਵਿਚ ਉੱਤਰ ਪ੍ਰਦੇਸ਼, ਗੁਜਰਾਤ, ਗੋਆ ਤੇ ਉਤਰਾਖੰਡ ਦੀਆਂ ਵਿਧਾਨ ਸਭਾ ਚੋਣਾਂ ਵਿਚ ਭਾਜਪਾ ਦੀ ਸ਼ਾਨਦਾਰ ਜਿੱਤ ਇਸ ਸਾਲ ਹੋਣ ਵਾਲੀਆਂ ਨੌਂ ਸੂਬਿਆਂ ਖ਼ਾਸਕਰ ਮੱਧ ਪ੍ਰਦੇਸ਼, ਰਾਜਸਥਾਨ ਤੇ ਛੱਤੀਸਗੜ੍ਹ ਦੀਆਂ ਵਿਧਾਨ ਸਭਾ ਚੋਣਾਂ ਦਾ ਪੈਮਾਨਾ ਸਾਬਿਤ ਹੋ ਸਕਦੀਆਂ ਹਨ। ਇਨ੍ਹਾਂ ਸੂਬਿਆਂ ਵਿਚ ਇਸ ਦੀ ਕਾਂਗਰਸ ਨਾਲ ਸਿੱਧੀ ਟੱਕਰ ਹੋਵੇਗੀ ਅਤੇ ਕਰਨਾਟਕ ਵਿਚ ਜਨਤਾ ਦਲ (ਸੈਕੂਲਰ) ਅਜੇ ਤਾਈਂ ਤੀਜੀ ਧਿਰ ਦੇ ਰੂਪ ਵਿਚ ਮੌਜੂਦ ਹੈ। ਉਸ ਤੋਂ ਬਾਅਦ 2024 ਦੇ ਚੁਣਾਵੀ ਸੰਗਰਾਮ ਦਾ ਮੈਦਾਨ ਤਿਆਰ ਹੋਵੇਗਾ। ਹਾਲਾਂਕਿ ਲਗਾਤਾਰ ਕਈ ਚੋਣਾਂ ਵਿਚ ਹਾਰ ਦਾ ਮੂੰਹ ਦੇਖਣ ਤੋਂ ਬਾਅਦ ਹਿਮਾਚਲ ਪ੍ਰਦੇਸ਼ ਵਿਚ ਜਿੱਤ ਕਾਂਗਰਸ ਲਈ ਧਰਵਾਸ ਦਾ ਸਬਬ ਬਣੀ ਹੈ ਜਦਕਿ ਤਿੰਨ ਹਿੰਦੀ ਭਾਸ਼ੀ ਅਤੇ ਕਰਨਾਟਕ ਦੀਆਂ ਵਿਧਾਨ ਸਭਾਈ ਚੋਣਾਂ ਇਸ ਗੱਲ ਦਾ ਪ੍ਰਮਾਣ ਹੋਣਗੀਆਂ ਕਿ ਲੋਕਾਂ ਨੇ ਰਾਹੁਲ ਗਾਂਧੀ ਦੀ ਅਗਵਾਈ ਹੇਠ ਚੱਲ ਰਹੀ ਭਾਰਤ ਜੋੜੋ ਯਾਤਰਾ ਦਾ ਪ੍ਰਭਾਵ ਕਬੂਲਿਆ ਹੈ ਜਾਂ ਫਿਰ ਉਹ ਭਾਜਪਾ ਦੀ ਪ੍ਰਚਾਰ ਮੁਹਿੰਮ ਦੇ ਅਸਰ ਹੇਠ ਹੀ ਹਨ। ਚੋਣਾਂ ਦੀ ਗੱਲ ਇਕ ਪਾਸੇ ਰਹੀ, ਇਸ ਵੇਲੇ ਕੇਂਦਰ ਅਤੇ 16 ਸੂਬਿਆਂ ਵਿਚ (ਆਪਣੀਆਂ 12 ਸਹਿਯੋਗੀ ਪਾਰਟੀਆਂ ਨਾਲ) ਭਾਜਪਾ ਦੀ ਹਾਲਤ ਕਾਫ਼ੀ ਸੁਰੱਖਿਅਤ ਜਾਪਦੀ ਹੈ ਤੇ ਇਹ ਪ੍ਰਭਾਵ ਨਹੀਂ ਮਿਲਦਾ ਕਿ ਭਾਜਪਾ ਜਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਇਨ੍ਹਾਂ ਚੁਣੌਤੀਆਂ ਪ੍ਰਤੀ ਪੂਰੀ ਤਰ੍ਹਾਂ ਬਾਖ਼ਬਰ ਨਹੀਂ ਹਨ। ਇਸੇ ਕਰ ਕੇ ਉਨ੍ਹਾਂ ਵਲੋਂ ਲਗਾਤਾਰ ਲੋਕ ਸਭਾ ਦੀਆਂ ਸੀਟਾਂ ਦੀ ਸੰਖਿਆ ਵਧਾਉਣ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਹਨ। ਕੇਂਦਰ ਅਤੇ ਸੂਬਿਆਂ ਵਿਚਕਾਰ ਉਠ ਰਹੇ ਮੁੱਦੇ ਅਤੇ ਬੇਚੈਨੀਆਂ ਅਜਿਹੀ ਪਰਖ ਹੋ ਸਾਬਿਤ ਹੋ ਸਕਦੀ ਹੈ ਜਿੱਥੇ ਕੇਂਦਰ ਨੂੰ ਸਮਤੋਲ ਬਣਾਉਣ ਲਈ ਆਪਣੇ ਜਬ੍ਹੇ ਦਾ ਮੁਜ਼ਾਹਰਾ ਕਰਨਾ ਪੈ ਸਕਦਾ ਹੈ ਜਦਕਿ ਬਹੁਤ ਸਾਰੀਆਂ ਗ਼ੈਰ-ਭਾਜਪਾ ਸਰਕਾਰਾਂ ਦਾ ਖਿਆਲ ਹੈ ਕਿ ਇਹ ਸਮਤੋਲ ਕਦੋਂ ਦਾ ਗਾਇਬ ਹੋ ਚੁੱਕਿਆ ਹੈ।
ਸਮੱਸਿਆ ਇਹ ਹੈ ਕਿ ਭਾਜਪਾ ਦੇ ਸ਼ਾਸਨ ਹੇਠਲੇ ਸੂਬਿਆਂ ਨੂੰ ਕੇਂਦਰ ਦਾ ਸਿੱਕਾ ਜਮਾਉਣ ਦੀ ਕਾਹਲ ਦੀ ਆਂਚ ਮਹਿਸੂਸ ਹੋ ਰਹੀ ਹੈ ਤੇ ਕੁਝ ਲੋਕ ਕਹਿ ਸਕਦੇ ਹਨ ਕਿ ਅਜਿਹਾ ਪਹਿਲੀ ਵਾਰ ਦੇਖਣ ਨੂੰ ਮਿਲ ਰਿਹਾ ਹੈ। ਇਹ ਕਰਨਾਟਕ ਵਿਚ ਦੇਖਣ ਨੂੰ ਮਿਲ ਰਿਹਾ ਹੈ ਜਿੱਥੇ ਅਗਲੀ ਮਈ ਵਿਚ ਚੋਣਾਂ ਹੋਣਗੀਆਂ। ਲੰਘੀ 30 ਦਸੰਬਰ ਨੂੰ ਅਮਿਤ ਸ਼ਾਹ ਜੋ ਕੇਂਦਰ ਦੇ ਸਹਿਕਾਰਤਾ ਮੰਤਰੀ ਵੀ ਹਨ, ਨੇ ਕਰਨਾਟਕ ਦੀਆਂ ਪੰਜ ਡੇਅਰੀ ਯੂਨੀਅਨਾਂ ਦੇ ਕੇਂਦਰ ਮਾਂਡਿਆ ਵਿਚ ਗੁਜਰਾਤ ਦੀ ਅਮੁਲ ਡੇਅਰੀ ਤੇ ਕਰਨਾਟਕ ਦੀ ਨੰਦਿਨੀ ਵਿਚਕਾਰ ਇਕਜੁੱਟਤਾ ਕਾਇਮ ਕਰਨ ਦੀ ਅਪੀਲ ਕੀਤੀ ਸੀ ਤਾਂ ਕਿ ਸੂਬੇ ਦੇ ਹਰ ਪਿੰਡ ਵਿਚ ਡੇਅਰੀਆਂ ਕਾਇਮ ਕੀਤੀਆਂ ਜਾ ਸਕਣ। ਉਨ੍ਹਾਂ ਆਖਿਆ ਸੀ ਕਿ ਅਮੁਲ ਵਲੋਂ ਕਰਨਾਟਕ ਮਿਲਕ ਫੈਡਰੇਸ਼ਨ ਦੇ ਤਕਨੀਕੀ, ਸਹਿਕਾਰੀ ਤੇ ਕੰਮਕਾਜੀ ਖੇਤਰਾਂ ਵਿਚ ਯੋਗਦਾਨ ਦਿੱਤਾ ਜਾ ਜਾਵੇਗਾ ਅਤੇ ਕਰਨਾਟਕ ਤੇ ਗੁਜਰਾਤ ਮਿਲ ਕੇ ਡੇਅਰੀ ਉਤਪਾਦਕਾਂ ਦੇ ਭਲੇ ਲਈ ਕੰਮ ਕਰ ਸਕਦੇ ਹਨ। ਅਮਿਤ ਸ਼ਾਹ ਦੇ ਇਸ ਬਿਆਨ ਨੂੰ ਕਰਨਾਟਕ ਦੇ ਗੌਰਵ ਅਤੇ ਸਨਮਾਨ ’ਤੇ ਹਮਲੇ ਵਜੋਂ ਦੇਖਿਆ ਗਿਆ ਹੈ। ਜਨਤਾ ਦਲ (ਸੈਕੂਲਰ) ਦੇ ਆਗੂ ਐੱਚਡੀ ਕੁਮਾਰਸਵਾਮੀ ਨੇ ਇਕ ਬਿਆਨ ਵਿਚ ਕਿਹਾ ਕਿ ਮਿਲਕ ਫੈਡਰੇਸ਼ਨ ਨਾ ਕੇਵਲ ਸਾਡੇ ਕਿਸਾਨਾਂ ਦੀ ਜੀਵਨ ਰੇਖਾ ਹੈ ਸਗੋਂ ‘ਕੰਨੜਿਗਾ ਦੇ ਗੌਰਵ ਅਤੇ ਆਤਮ ਸਨਮਾਨ’ ਦਾ ਪ੍ਰਤੀਕ ਵੀ ਹੈ।
ਬਿਹਤਰ ਹੈ ਕਿ ਸ਼ਾਹ ਇਸ ਨੂੰ ਚੰਗੀ ਤਰ੍ਹਾਂ ਸਮਝ ਜਾਣ।’ ਕਾਂਗਰਸ ਆਗੂ ਅਤੇ ਸਾਬਕਾ ਮੁੱਖ ਮੰਤਰੀ ਸਿਦਾਰਮਈਆ ਨੇ ਆਖਿਆ ਕਿ ਸ਼ਾਹ ਦੇ ਬਿਆਨ ਵਿਚ ਗਹਿਰੇ ਮਨੋਰਥ ਛੁਪੇ ਹੋਏ ਹਨ। ਉਨ੍ਹਾਂ ਦੋਸ਼ ਲਾਇਆ ਕਿ ‘ਗੁਜਰਾਤੀ ਕਾਰਪੋਰੇਟ ਨੇ ਹੁਣ ਸੋਨੇ ਦੇ ਅੰਡੇ ਦੇਣ ਵਾਲੀ ਮੁਰਗੀ ’ਤੇ ਨਜ਼ਰਾ ਟਿਕਾ ਲਈਆਂ ਹਨ। ਇਹ ਕਰਨਾਟਕ ਨੂੰ ਲੁੱਟਣ ਦਾ ਹਰਬਾ ਹੈ।’ ਇਸ ਦੌਰਾਨ ਭਾਜਪਾ ਦੇ ਇਕ ਮੰਤਰੀ ਨੂੰ ਸਫ਼ਾਈ ਦੇਣੀ ਪਈ ਕਿ ਅਮੁਲ-ਨੰਦਿਨੀ ਦੇ ਰਲੇਵੇਂ ਦੀ ਕੋਈ ਯੋਜਨਾ ਨਹੀਂ ਹੈ ਅਤੇ ਉਨ੍ਹਾਂ ਦੇ ਡੇਅਰੀ ਸਰੋਤ ਸੌ ਫ਼ੀਸਦ ਸੁਤੰਤਰ ਰਹਿਣਗੇ।’
-ਤਜਿੰਦਰ ਸਿੰਘ, ਮੁੱਖ ਸੰਪਾਦਕ  

LEAVE A REPLY

Please enter your comment!
Please enter your name here