ਬੰਗਲਾਦੇਸ਼ ਨੇ 3 ਅਗਸਤ ਤੱਕ ਵਧਾਈਆਂ ਸਾਰੀਆਂ ਪਾਬੰਦੀਆਂ

0
247

ਕੋਵਿਡ-19 ਦੇ ਵੱਧਦੇ ਮਾਮਲਿਆਂ ਦੇ ਮੱਦੇਨਜ਼ਰ ਬੰਗਲਾਦੇਸ਼ ਨੇ ਦੇਸ਼ ਵਿਚ ਜਨਤਕ ਗਤੀਵਿਧੀਆਂ ਅਤੇ ਆਵਾਜਾਈ ‘ਤੇ ਲੱਗੀਆਂ ਪਾਬੰਦੀਆਂ ਨੂੰ 3 ਅਗਸਤ ਤੱਕ ਵਧਾ ਦਿੱਤਾ ਹੈ। ਦੇਸ਼ ਵਿਚ ਕੋਰੋਨਾਵਾਇਰਸ ਦੇ ਮਾਮਲੇ ਵੱਧ ਕੇ 1,45,483 ਹੋ ਗਏ ਹਨ। ਇਸ ਨਾਲ ਹੁਣ ਤੱਕ 1,847 ਲੋਕਾਂ ਦੀ ਜਾਨ ਜਾ ਚੁੱਕੀ ਹੈ। ‘ਡੇਲੀ ਸਟਾਰ’ ਦੀ ਖਬਰ ਦੇ ਮੁਤਾਬਕ ਦੇਸ਼ ਵਿਚ ਲੱਗੀਆਂ ਰਾਸ਼ਟਰ ਪੱਧਰੀ ਪਾਬੰਦੀਆਂ ਮੰਗਲਵਾਰ ਸ਼ਾਮ ਖਤਮ ਹੋ ਰਹੀਆਂ ਸਨ, ਜਿਸ ਨੂੰ ਸਰਕਾਰ ਨੇ ਵਧਾਉਣ ਦਾ ਐਲਾਨ ਕੀਤਾ।ਕੈਬਨਿਟ ਡਿਵੀਜਨ ਵੱਲੋਂ ਜਾਰੀ ਇਕ ਨੋਟੀਫਿਕੇਸ਼ਨ ਵਿਚ ਕਿਹਾ ਗਿਆ,”ਪਾਬੰਦੀਆਂ 1 ਜੁਲਾਈ ਤੋਂ 3 ਅਗਸਤ ਤੱਕ ਜਾਰੀ ਰਹਿਣਗੀਆਂ। ਹਫਤਾਵਰੀ ਛੁੱਟੀਆਂ ‘ਤੇ ਵੀ ਪਾਬੰਦੀ ਜਾਰੀ ਰਹੇਗੀ।” ਨੋਟੀਫਿਕੇਸ਼ਨ ਵਿਚ ਕਿਹਾ ਗਿਆ ਕਿ ਦਵਾਈਆਂ, ਮੈਡੀਕਲ ਸੇਵਾਵਾਂ ਸਮੇਤ ਜ਼ਰੂਰੀ ਵਸਤਾਂ ਦੀ ਖਰੀਦ ਜਾਂ ਵਿਕਰੀ ਦੀ ਤੁਰੰਤ ਲੋੜ ਦੇ ਇਲਾਵਾ ਕਿਸੇ ਨੂੰ ਵੀ ਰਾਤ 10 ਵਜੇ ਤੋਂ ਬਾਅਦ ਅਤੇ ਸਵੇਰੇ 5 ਵਜੇ ਦੇ ਵਿਚ ਘਰੋਂ ਬਾਹਰ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਇਸ ਨੋਟੀਫਿਕੇਸ਼ਨ ਵਿਚ 11 ਨਿਰਦੇਸ਼ ਹਨ। ਇਹਨਾਂ ਵਿਚ ਕਿਹਾ ਗਿਆ ਹੈ ਕਿ ਘਰ ਦੇ ਬਾਹਰ ਸਾਰਿਆਂ ਨੂੰ ਮਾਸਕ ਪਾਉਣਾ ਹੋਵੇਗਾ। ਸਮਾਜਿਕ ਦੂਰੀ ਬਣਾਈ ਰੱਖਣੀ ਹੋਵੇਗੀ ਅਤੇ ਸਿਹਤ ਸੰਬੰਧੀ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਨੀ ਹੋਵੇਗੀ। ਉਸ ਨੇ ਕਿਹਾ ਕਿ ਸਾਰੇ ਬਾਜ਼ਾਰ, ਦੁਕਾਨਾਂ ਅਤੇ ਸ਼ਾਪਿੰਗ ਮਾਲ ਸ਼ਾਮ 7 ਵਜੇ  ਤੋਂ ਪਹਿਲਾਂ ਬੰਦ ਹੋ ਜਾਣਗੇ। ਸਾਰੇ ਸ਼ਾਪਿੰਗ ਮਾਲ ਦੇ ਮੁੱਖ ਦਰਵਾਜ਼ੇ ‘ਤੇ ਹੱਥ ਧੋਣ ਦੀ ਵਿਵਸਥਾ, ਗੱਡੀ ਨੂੰ ਇਨਫੈਕਸ਼ਨ ਮੁਕਤ ਕਰਨ ਦੀ ਸਹੂਲਤ ਹੋਣੀ ਲਾਜਮੀ ਹੈ। ਜਨਤਕ ਗੱਡੀਆਂ, ਯਾਤਰੀ ਕਿਸ਼ਤੀਆਂ, ਟਰੇਨਾਂ ਅਤੇ ਜਹਾਜ਼ ਸੇਵਾਵਾਂ ਨੂੰ ਮਨਜ਼ੂਰਸ਼ੁਦਾ ਖੇਤਰਾਂ ਵਿਚ ਸੀਮਤ ਗਿਣਤੀ ਵਿਚ ਯਾਤਰੀਆਂ ਦੇ ਨਾਲ ਇਜਾਜ਼ਤ ਦਿੱਤੀ ਗਈ ਹੈ। ਉੱਥੇ ਕੋਈ ਵੀ ਵਿੱਦਿਅਕ ਅਦਾਰਾ ਪਾਬੰਦੀ ਦੇ ਦੌਰਾਨ ਨਹੀਂ ਖੁਲ੍ਹੇਗਾ। ਭਾਵੇਂਕਿ ਆਨਲਾਈਨ ਕਲਾਸਾਂ ਜਾਰੀ ਰਹਿਣਗੀਆਂ। ਸਿਹਤ ਅਧਿਕਾਰੀਆਂ ਨੇ ਮੰਗਲਵਾਰ ਨੂੰ ਦੱਸਿਆ ਸੀ ਕਿ ਦੇਸ਼ ਵਿਚ 1 ਦਿਨ ਵਿਚ ਸਭ ਤੋਂ ਵੱਧ 64 ਲੋਕਾਂ ਦੀ ਕੋਵਿਡ-19 ਨਾਲ ਜਾਨ ਗਈ ਅਤੇ 3,682 ਨਵੇਂ ਮਾਮਲੇ ਸਾਹਮਣੇ ਆਏ। ਇਸ ਤੋਂ ਪਹਿਲਾਂ 16 ਜੂਨ ਨੂੰ ਇਕ ਦਿਨ ਵਿਚ ਸਭ ਤੋਂ ਵੱਧ 53 ਲੋਕਾਂ ਦੀ ਜਾਨ ਗਈ ਸੀ। ਉੱਥੇ ਸੋਮਵਾਰ ਨੂੰ 4,014 ਨਵੇਂ ਮਾਮਲੇ ਸਾਹਮਣੇ ਆਏ ਸਨ।

LEAVE A REPLY

Please enter your comment!
Please enter your name here