ਬਿਹਾਰ ਵਿਧਾਨ ਸਭਾ ’ਚ ‘ਜ਼ਬਰਦਸਤ ਹੰਗਾਮਾ’, ਵਿਧਾਇਕਾਂ ਨੇ ਸਪੀਕਰ ਨੂੰ ਬੰਦੀ ਬਣਾਇਆ

0
144

ਬਿਹਾਰ ਦੇ ਸੰਸਦੀ ਇਤਿਹਾਸ ਵਿਚ ਮੰਗਲਵਾਰ ਦਾ ਦਿਨ ਅਮੰਗਲ ਦੇ ਰੂਪ ਵਿਚ ਆਇਆ। ਸੱਤਾ ਧਿਰ-ਵਿਰੋਧੀ ਧਿਰ ਦੀ ਜ਼ਿੱਦ ਨੇ ਅਜਿਹੀ ਸਥਿਤੀ ਪੈਦਾ ਕੀਤੀ ਕਿ ਬਿਹਾਰ ਇਕ ਵਾਰ ਮੁੜ ਸ਼ਰਮਸਾਰ ਹੋ ਗਿਆ। ਵਿਧਾਨ ਮੰਡਲ ਦੇ ਬਜਟ ਸੈਸ਼ਨ ਦੇ 20ਵੇਂ ਦਿਨ ਮੰਗਲਵਾਰ ਨੂੰ ਪੁਲਸ ਐਕਟ 2021 ਦੇ ਵਿਰੋਧ ’ਚ ਜ਼ਬਰਦਸਤ ਹੰਗਾਮਾ ਹੋਇਆ। 4 ਵਾਰ ਕਾਰਵਾਈ ਮੁਲਤਵੀ ਹੋਣ ਤੋਂ ਬਾਅਦ ਵਿਰੋਧੀ ਧਿਰ ਦੇ ਵਿਧਾਇਕਾਂ ਨੇ ਵਿਧਾਨ ਸਭਾ ਸਪੀਕਰ ਵਿਜੇ ਸਿਨਹਾ ਨੂੰ ਉਨ੍ਹਾਂ ਦੇ ਹੀ ਚੈਂਬਰ ਵਿਚ ਬੰਦੀ ਬਣਾ ਲਿਆ ਅਤੇ ਚੈਂਬਰ ਦੇ ਮੁੱਖ ਦਰਵਾਜ਼ੇ ਨੂੰ ਰੱਸੀ ਬੰਨ੍ਹ ਕੇ ਬੰਦ ਕਰ ਦਿੱਤਾ। ਰਾਜਦ ਤੇ ਕਾਂਗਰਸ ਦੀਆਂ 7 ਮਹਿਲਾ ਵਿਧਾਇਕਾਂ ਨੇ ਆਸਣ ਨੂੰ ਘੇਰ ਲਿਆ। ਲਗਾਤਾਰ ਘੰਟੀ ਵੱਜਦੀ ਰਹੀ ਪਰ ਮਹਿਲਾ ਵਿਧਾਇਕਾਂ ਨੇ ਆਸਣ ਨੇੜਿਓਂ ਹਟਣ ਤੋਂ ਇਨਕਾਰ ਕਰ ਦਿੱਤਾ।ਇਸ ਤੋਂ ਪਹਿਲਾਂ ਕਾਰਵਾਈ ਸ਼ੁਰੂ ਹੋਣ ਤੋਂ ਬਾਅਦ ਡਾ. ਪ੍ਰੇਮ ਕੁਮਾਰ ਸਭਾਪਤੀ ਬਣੇ ਪਰ ਵਿਰੋਧੀ ਧਿਰ ਦੇ ਲਗਭਗ 12-13 ਵਿਧਾਇਕ ਵੈੱਲ ਦੇ ਨੇੜੇ ਪਹੁੰਚ ਗਏ ਅਤੇ ਬਿੱਲ ਪਾੜ ਦਿੱਤਾ। ਇਹੀ ਨਹੀਂ, ਉਹ ਰਿਪੋਰਟਰ ਟੇਬਲ ’ਤੇ ਚੜ੍ਹ ਗਏ। ਇੰਨੇ ਨਾਲ ਤਸੱਲੀ ਨਹੀਂ ਹੋਈ ਤਾਂ ਟੇਬਲ ਤੋੜ ਦਿੱਤਾ। ਰਾਜਦ ਮੈਂਬਰਾਂ ਨੇ ਮੁੱਖ ਮੰਤਰੀ ਨਿਤੀਸ਼ ਕੁਮਾਰ ਦੇ ਸਾਹਮਣੇ ਕੁਰਸੀਆਂ ਵੀ ਸੁੱਟੀਆਂ। ਹਾਲਾਤ ਨੂੰ ਦੇਖਦਿਆਂ ਪੁਲਸ ਸੱਦੀ ਗਈ। ਪਟਨਾ ਦੇ ਡੀ. ਐੱਮ. ਤੇ ਐੱਸ. ਐੱਸ. ਪੀ. ਸਮੇਤ ਭਾਰੀ ਪੁਲਸ ਫੋਰਸ ਸਦਨ ਦੇ ਅੰਦਰ ਪਹੁੰਚੀ। ਵਿਰੋਧੀ ਧਿਰ ਦੇ ਮੈਂਬਰਾਂ ਦੀ ਡੀ. ਐੱਮ. ਤੇ ਐੱਸ. ਐੱਸ. ਪੀ. ਸਮੇਤ ਪੁਲਸ ਮੁਲਾਜ਼ਮਾਂ ਨਾਲ ਜ਼ੋਰਦਾਰ ਧੱਕਾ-ਮੁੱਕੀ ਹੋਈ। ਵਿਰੋਧੀ ਧਿਰ ਦੇ ਕਈ ਵਿਧਾਇਕਾਂ ਨੇ ਡੀ. ਐੱਮ. ਤੇ ਐੱਸ. ਐੱਸ. ਪੀ. ਨਾਲ ਬਦਸਲੂਕੀ ਵੀ ਕੀਤੀ। ਸਦਨ ਵਿਚ ਮੰਤਰੀ ਅਸ਼ੋਕ ਚੌਧਰੀ ਤੇ ਰਾਜਦ ਵਿਧਾਇਕ ਚੰਦਰ ਸ਼ੇਖਰ ਦਰਮਿਆਨ ਹੱਥੋਪਾਈ ਹੋ ਗਈ।ਅਸ਼ੋਕ ਚੌਧਰੀ ਨੇ ਰਾਜਦ ਵਿਧਾਇਕ ਨੂੰ ਧੱਕਾ ਮਾਰ ਦਿੱਤਾ। ਵਿਧਾਇਕ ਚੰਦਰ ਸ਼ੇਖਰ ਨੇ ਵੀ ਮੰਤਰੀ ਅਸ਼ੋਕ ਚੌਧਰੀ ਵੱਲ ਮਾਈਕ੍ਰੋਫੋਨ ਸੁੱਟਿਆ। ਵਿਧਾਨ ਸਭਾ ਦੇ ਚੈਂਬਰ ਦੇ ਬਾਹਰ ਮੌਜੂਦ ਵਿਰੋਧੀ ਧਿਰ ਦੇ ਵਿਧਾਇਕਾਂ ਨੂੰ ਹਟਾਉਣ ਲਈ ਮਾਰਸ਼ਲਾਂ ਨੂੰ ਵੀ ਸੱਦਿਆ ਗਿਆ, ਜੋ ਇਕ-ਇਕ ਕਰ ਕੇ ਵਿਰੋਧੀ ਧਿਰ ਦੇ ਵਿਧਾਇਕਾਂ ਨੂੰ ਬਾਹਰ ਸੁੱਟਣ ਲੱਗੇ। ਇਸ ਦੌਰਾਨ ਮਕਦੂਮਪੁਰ ਤੋਂ ਰਾਜਦ ਵਿਧਾਇਕ ਸਤੀਸ਼ ਕੁਮਾਰ ਦਾਸ ਬੇਹੋਸ਼ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਸਟ੍ਰੈਚਰ ’ਤੇ ਹਸਪਤਾਲ ਭੇਜਣਾ ਪਿਆ। ਮਾਕਪਾ ਦੇ ਵਿਧਾਇਕ ਸਤਯੇਂਦਰ ਯਾਦਵ ਤੇ ਰਾਜਦ ਵਿਧਾਇਕ ਰੀਤਲਾਲ ਯਾਦਵ ਵੀ ਜ਼ਖਮੀ ਹੋਏ ਹਨ। ਸਤੀਸ਼ ਦਾਸ ਨੇ ਦੋਸ਼ ਲਾਇਆ ਕਿ ਪੁਲਸ ਨੇ ਉਨ੍ਹਾਂ ਨਾਲ ਬੁਰੀ ਤਰ੍ਹਾਂ ਕੁੱਟਮਾਰ ਕੀਤੀ।

LEAVE A REPLY

Please enter your comment!
Please enter your name here