ਸਾਬਕਾ ਵਿੱਤ ਮੰਤਰੀ ਅਤੇ ਲਹਿਰਾਗਾਗਾ ਦੇ ਵਿਧਾਇਕ ਪਰਮਿੰਦਰ ਸਿੰਘ ਢੀਂਡਸਾ ਨੇ ਪਿੰਡ ਤਾਜੋਕੇ ਵਿਖੇ ਕਿਹਾ ਕਿ ਬਾਦਲਾਂ ਨੇ ਸ਼੍ਰੋਮਣੀ ਅਕਾਲੀ ਦਲ ਦਾ ਭਾਰੀ ਨੁਕਸਾਨ ਕੀਤਾ ਹੈ ਅਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਅਕਾਲੀ ਦਲ ਦੇ ਬੁਨਿਆਦੀ ਸਿਧਾਤਾਂ ਨੂੰ ਤਿਆਗ ਕੇ ਆਪਣੇ ਨਿੱਜੀ ਮੁਫਾਦ ਲਈ ਕੁਰਬਾਨੀਆਂ ਦੇਣ ਵਾਲੇ ਅਕਾਲੀ ਦਲ ਨੂੰ ਵਰਤਣਾ ਸ਼ੁਰੂ ਕਰ ਦਿੱਤਾ ਹੈ ਅਤੇ ਉਨ੍ਹਾਂ ਦਾ ਮੁੱਖ ਮਨੋਰਥ ਪੰਜਾਬ ਦੀ ਸੱਤਾ ‘ਤੇ ਅਧਿਕਾਰ ਜਮ੍ਹਾ ਕੇ ਅਤੇ ਕੇਂਦਰੀ ਸਰਕਾਰ ‘ਚ ਆਪਣਾ ਹਿੱਸਾ ਕਾਇਮ ਕਰਕੇ ਨਿੱਜੀ ਲਾਭਾਂ ਲਈ ਹੀ ਕੰਮ ਕੀਤਾ ਹੈ। ਬਾਦਲਾਂ ਨੇ ਸ਼੍ਰੋਮਣੀ ਅਕਾਲੀ ਦਲ ਦੀਆਂ ਕੁਰਬਾਨੀਆਂ ਅਤੇ ਸਿੱਖ ਸਿਧਾਤਾਂ ਨੂੰ ਮਿੱਟੀ ‘ਚ ਰੋਲ ਦਿੱਤਾ ਹੈ ਇਥੋਂ ਤੱਕ ਕਿ ਸ਼੍ਰੋਮਣੀ ਕਮੇਟੀ ਅਤੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਵੀ ਆਪਣੇ ਨਿੱਜੀ ਮਨੋਰਥਾਂ ਲਈ ਵਰਤ ਕੇ ਅਕਾਲੀ ਨੂੰ ਅਪਣੀ ਪਰਿਵਾਰਿਕ ਪਾਰਟੀ ਹੀ ਬਣਾ ਲਿਆ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਢੀਂਡਸਾ ਨੇ ਅਸਲ ਅਕਾਲੀ ਦਲ ਨੂੰ ਛੱਡਿਆ ਨਹੀਂ ਪਰ ਉਸ ਦੀ ਆਣ,ਸ਼ਾਨ ਅਤੇ ਸਿਧਾਤਾਂ ਨੂੰ ਮੁੜ ਕਾਇਮ ਕਰਨ ਲਈ ਬੀੜਾ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ‘ਚ ਟਕਸਾਲੀ ਅਕਾਲੀਆਂ ਲਈ ਕੋਈ ਥਾਂ ਨਹੀਂ ਹੈ। ਹੁਣ ਸ਼੍ਰੋਮਣੀ ਅਕਾਲੀ ਦਲ(ਡੀ) ਕੁਰਬਾਨੀਆਂ ਕਰਨ ਵਾਲੇ ਟਕਸਾਲੀ ਆਗੂਆਂ ਅਤੇ ਵਰਕਰਾਂ ਨੂੰ ਇੱਕ ਪਲੇਟ ਫਾਰਮ ‘ਤੇ ਇਕੱਠਾ ਕਰਕੇ ਅਸਲ ਅਕਾਲੀ ਦਲ ਨੂੰ ਬਚਾਉਣ ਅਤੇ ਉਸ ਦੀ ਹੌਂਦ ਨੂੰ ਬਰਕਰਾਰ ਰੱਖਣ ਲਈ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਹੁਣ ਟਕਸਾਲੀ ਅਕਾਲੀਆਂ ਵਲੋਂ ਇਸ ਕੰਮ ਲਈ ਭਰਵਾਂ ਹੁੰਗਾਰਾ ਮਿਲ ਰਿਹਾ ਹੈ,ਉਹ ਤਾਜੋਕੇ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਪੱਕੇ ਸਮਰਥਕਾਂ ਅਤੇ ਵਰਕਰਾਂ ਨੂੰ ਜਾਗਰੂਕ ਕਰਨ ਲਈ ਆਏ ਹੋਏ ਸਨ। ਇਸ ਮੋਕੇ ਚਮਕੋਰ ਸਿੰਘ ਤਾਜੋਕੇ,ਹਰਦੀਪ ਸਿੰਘ ਘੁੰਨਸ,ਸੁਰਿੰਦਰ ਸਿੰਘ ਆਲੂਵਾਲੀਆਰੰਮੀ ਢਿੱਲੋਂ,ਸਰਪੰਚ ਗੁਰਮੀਤ ਕੋਰ,ਮੰਨੂੰ ਜਿੰਦਲ,ਅਜੈਬ ਸਿੰਘ ਸਾਬਕਾ ਕੌਸ਼ਲਰ,ਜੱਗਾ ਸਿੰਘ ਮੋੜ,ਐਡਵੋਕੇਟ ਗੁਰਵਿੰਦਰ ਸਿੰਘ ਆਦਿ ਵਰਕਰ ਹਾਜ਼ਰ ਸਨ।