ਬਾਜਵਾ ਮਾਮਲੇ ਕਾਰਨ ਪੰਜਾਬ ਕਾਂਗਰਸ ਦੇ ਨਵੇਂ ਸੰਗਠਨਾਤਮਕ ਢਾਂਚੇ ਦੇ ਐਲਾਨ ‘ਚ ਪਈ ਅੜਚਨ

0
152

ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਵੱਲੋਂ ਜ਼ਹਿਰੀਲੀ ਸ਼ਰਾਬ ਮਾਮਲੇ ਨੂੰ ਲੈ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸੂਬਾ ਸਰਕਾਰ ਖਿਲਾਫ ਸ਼ੁਰੂ ਕੀਤੇ ਗਏ ਟਕਰਾਅ ਦੀ ਸਥਿਤੀ ਕਾਰਨ ਪੰਜਾਬ ਕਾਂਗਰਸ ਕਮੇਟੀ ਦੇ ਨਵੇਂ ਸੰਗਠਨਾਤਮਕ ਢਾਂਚੇ ਦੇ ਐਲਾਨ ‘ਚ ਦੇਰ ਹੋ ਰਹੀ ਹੈ। ਕਾਂਗਰਸੀ ਹਲਕਿਆਂ ਤੋਂ ਪਤਾ ਲੱਗਾ ਹੈ ਕਿ ਕਾਂਗਰਸ ਹਾਈਕਮਾਨ ਨੂੰ ਪੰਜਾਬ ਕਾਂਗਰਸ ਨੇ ਨਵੇਂ ਅਹੁਦੇਦਾਦਾਂ ਦੀ ਸੂਚੀ ਬਣਾ ਕੇ ਭੇਜ ਦਿੱਤੀ ਸੀ।

ਇਨ੍ਹਾਂ ਅਹੁਦੇਦਾਰਾਂ ਅਤੇ ਜ਼ਿਲ੍ਹਾ ਪ੍ਰਧਾਨਾਂ ਦੇ ਨਾਵਾਂ ‘ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸੂਬਾ ਪ੍ਰਧਾਨ ਸੁਨੀਲ ਜਾਖੜ ਦੀ ਸੂਬਾ ਕਾਂਗਰਸ ਮੁਖੀ ਆਸ਼ਾ ਕੁਮਾਰੀ ਨਾਲ ਸਹਿਮਤੀ ਬਣ ਗਈ ਸੀ। ਮੰਨਿਆ ਜਾ ਰਿਹਾ ਸੀ ਕਿ ਨਵੇਂ ਸੰਗਠਨ ਦਾ ਐਲਾਨ ਜਲਦ ਹੋ ਜਾਵੇਗਾ ਪਰ ਇਸ ਦਰਮਿਆਨ ਜ਼ਹਿਰੀਲੀ ਸ਼ਰਾਬ ਕਾਂਡ ਹੋਣ ਨਾਲ ਸੂਬਾ ਕਾਂਗਰਸ ‘ਚ ਬਾਜਵਾ ਅਤੇ ਦੂਲੋ ਨੇ ਮਿਲ ਕੇ ਮੁੱਖ ਮੰਤਰੀ ਅਤੇ ਸੂਬਾ ਸਰਕਾਰ ‘ਤੇ ਸਿਆਸੀ ਹਮਲਾ ਬੋਲ ਦਿੱਤਾ। ਇਸ ਤੋਂ ਬਾਅਦ ਮੁੱਖ ਮੰਤਰੀ ਨੇ ਬਾਜਵਾ ਦੀ ਸੁਰੱਖਿਆ ਵਾਪਸ ਲੈ ਲਈ।

ਕਾਂਗਰਸ ਹਲਕਿਆਂ ਨੇ ਦੱਸਿਆ ਕਿ ਹੁਣ ਕਾਂਗਰਸ ਹਾਈਕਮਾਨ ਵੱਲੋਂ ਜਦੋਂ ਤਕ ਬਾਜਵਾ ਮਾਮਲੇ ਸਬੰਧੀ ਅੰਤਿਮ ਫੈਸਲਾ ਨਹੀਂ ਲਿਆ ਜਾਂਦਾ, ਉਸ ਵੇਲੇ ਤਕ ਪੰਜਾਬ ਕਾਂਗਰਸ ਦੇ ਨਵੇਂ ਸੰਗਠਨਾਤਮਕ ਢਾਂਚੇ ਦੇ ਐਲਾਨ ‘ਚ ਵੀ ਦੇਰ ਹੋਣ ਦੀ ਸੰਭਾਵਨਾ ਦਿਖਾਈ ਦੇ ਰਹੀ ਹੈ। ਇਸ ਲਈ ਕਾਂਗਰਸੀਆਂ ਦਾ ਮੰਨਣਾ ਹੈ ਕਿ ਪਹਿਲਾਂ ਮੌਜੂਦਾ ਵਿਵਾਦ ਦਾ ਨਿਵਾਰਣ ਹੋਵੇਗਾ ਅਤੇ ਉਸ ਤੋਂ ਬਾਅਦ ਹੀ ਸੂਬਾ ਕਾਂਗਰਸ ਦੇ ਨਵੇਂ ਢਾਂਚੇ ‘ਤੇ ਕਾਂਗਰਸ ਹਾਈਕਮਾਨ ਦੀ ਮੋਹਰ ਲੱਗ ਸਕੇਗੀ।ਕੁਲ ਮਿਲਾ ਕੇ ਇਸ ‘ਚ ਅਜੇ ਕੁਝ ਸਮਾਂ ਲੱਗਣ ਦੀ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ। ਮੰਨਿਆ ਜਾ ਰਿਹਾ ਹੈ ਕਿ ਅਗਸਤ ਦੇ ਅਖੀਰ ਜਾਂ ਸਤੰਬਰ ਦੇ ਸ਼ੁਰੂ ‘ਚ ਹੀ ਨਵਾਂ ਢਾਂਚਾ ਹੁਣ ਹੋਂਦ ‘ਚ ਆ ਸਕੇਗਾ। ਨਵਾਂ ਢਾਂਚਾ ਨਾ ਬਣਨ ਕਾਰਨ ਜ਼ਿਲ੍ਹਾ ਇਕਾਈਆਂ ਦੀਆਂ ਸਰਗਰਮੀਆਂ ਠੱਪ ਪਈਆਂ ਹਨ ਕਿਉਂਕਿ ਕਾਂਗਰਸੀਆਂ ਦਾ ਧਿਆਨ ਇਸ ਵੇਲੇ ਨਵੇਂ ਬਣਨ ਵਾਲੇ ਜ਼ਿਲ੍ਹਾ ਪ੍ਰਧਾਨਾਂ ਵੱਲ ਹੈ ਅਤੇ ਨਾਲ ਹੀ ਸੂਬਾ ਕਾਰਜਕਾਰਨੀ ਦਾ ਵੀ ਗਠਨ ਹੋਣਾ ਬਾਕੀ ਹੈ, ਜਿਸ ‘ਚ ਇਸ ਵਾਰ ਨਵੇਂ ਚਿਹਰੇ ਸ਼ਾਮਲ ਕੀਤੇ ਜਾ ਰਹੇ ਹਨ।

LEAVE A REPLY

Please enter your comment!
Please enter your name here