ਬਲਾਚੌਰ ਦੇ ਤਹਿਸੀਲਦਾਰ ਸਣੇ 3 ਵਿਅਕਤੀ ਬੀਤੇ ਦਿਨ ਪਾਜ਼ੇਟਿਵ ਪਾਏ ਗਏ ਹਨ, ਜਿਸ ਦੇ ਚਲਦੇ ਜ਼ਿਲ੍ਹੇ ‘ਚ ਕੋਰੋਨਾ ਪਾਜ਼ੇਟਿਵ ਮਰੀਜਾਂ ਦੀ ਗਿਣਤੀ 44 ਹੋ ਗਈ ਹੈ। ਸਿਵਲ ਸਰਜਨ ਡਾ. ਰਾਜਿੰਦਰ ਪ੍ਰਸਾਦ ਭਾਟੀਆ ਨੇ ਦੱਸਿਆ ਕਿ ਬਲਾਚੌਰ ਸਬ-ਡਿਵੀਜ਼ਨ ਦੇ ਤਹਿਸੀਲਦਾਰ ਚੇਤਨ ਬੰਗੜ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਉਨ੍ਹਾਂ ਦੱਸਿਆ ਕਿ ਕੁਝ ਦਿਨ੍ਹਾਂ ਪਹਿਲਾਂ ਉਨ੍ਹਾਂ ਖੰਘ ਆਦਿ ਦੀ ਸ਼ਿਕਾਇਤ ਹੋਈ ਸੀ, ਜਿਸ ਉਪਰੰਤ ਉਹ ਹੋਮ ਕੁਆਰੰਟਾਈਨ ਸਨ।
ਜਾਣਕਾਰੀ ਅਨੁਸਾਰ ਕੁਝ ਦਿਨ ਪਹਿਲਾਂ ਉਹ ਇਕ ਫੈਕਟਰੀ ਦੇ ਬਾਹਰ ਆਯੋਜਿਤ ਮਜ਼ਦੂਰਾਂ ‘ਚ ਰੋਸ ਧਰਨੇ ‘ਚ ਗਏ ਸਨ ਅਤੇ ਉਸੇ ਦਿਨ ਤੋਂ ਉਨ੍ਹਾਂ ਖੰਘ ਆਦਿ ਦੀ ਸ਼ਿਕਾਇਤ ਚਲ ਰਹੀ ਸੀ। ਸਿਵਲ ਸਰਜਨ ਨੇ ਦੱਸਿਆ ਕਿ 2 ਹੋਰ ਮਰੀਜ਼ ਰਾਹੋਂ ਅਤੇ ਕਰਿਆਮ ਨਾਲ ਸਬੰਧਤ ਹਨ, ਜੋ ਵਿਦੇਸ਼ ਤੋਂ ਵਾਪਸ ਇੰਡੀਆ ਆਏ ਸਨ ਅਤੇ ਉਨ੍ਹਾਂ ਰਿਆਤ ਕਾਲਜ ‘ਚ ਚੱਲ ਰਹੇ ਇਕਾਂਤਵਾਸ ਕੇਂਦਰ ‘ਚ ਰੱਖਿਆ ਗਿਆ ਸੀ।
ਡਾ. ਜਗਦੀਪ ਨੇ ਦੱਸਿਆ ਕਿ ਜ਼ਿਲ੍ਹੇ ‘ਚ ਹੁਣ ਤਕ ਕੁੱਲ ਕੋਰੋਨਾ ਮਰੀਜ਼ਾਂ ਦੀ ਗਿਣਤੀ 184 ਹੈ, ਜਿਸ ‘ਚੋਂ 139 ਵਿਅਕਤੀ ਸਿਹਤਯਾਬ ਹੋ ਕੇ ਘਰਾਂ ਨੂੰ ਰਵਾਨਾ ਕੀਤਾ ਗਿਆ ਹੈ, 1 ਦੀ ਮੌਤ ਹੋ ਗਈ ਹੈ, ਜਦਕਿ ਐਕਟਿਵ ਮਰੀਜ਼ਾਂ ਦੀ ਗਿਣਤੀ 44 ਹੈ। ਉਨ੍ਹਾਂ ਦੱਸਿਆ ਕਿ ਪਾਜ਼ੇਟਿਵ ਪਾਏ ਗਏ ਮਰੀਜ਼ਾਂ ਨੂੰ ਆਈਸੋਲੇਸ਼ਨ ਸੈਂਟਰ ਵਿਖੇ ਸ਼ਿਫਟ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਜ਼ਿਲੇ ‘ਚ ਕੁੱਲ 11,516 ਵਿਅਕਤੀਆਂ ਦੀ ਸੈਂਪਲਿੰਗ ਕੀਤੀ ਗਈ ਹੈ, ਜਿਸ ‘ਚੋਂ 10,856 ਕੇਸ ਨੈਗੇਟਿਵ ਪਾਏ ਗਏ ਹਨ, ਜਦਕਿ 436 ਦੀ ਰਿਪੋਰਟ ਅਜੇ ਆਉਣੀ ਬਾਕੀ ਹੈ। ਉਨ੍ਹਾਂ ਦੱਸਿਆ ਕਿ ਅੱਜ ਜ਼ਿਲੇ ‘ਚ 240 ਵਿਅਕਤੀਆਂ ਦੀ ਸੈਂਪਲਿੰਗ ਕੀਤੀ ਗਈ ਹੈ।