ਪਿਛਲੇ ਦਿਨੀਂ 1 ਜੁਲਾਈ ਨੂੰ ਗੁਰੂ ਨਾਨਕ ਦੇਵ ਥਰਮਲ ਪਲਾਂਟ ਬਠਿੰਡਾ ਬੰਦ ਕਰਨ ਦੇ ਸਰਕਾਰ ਦੇ ਫੈਸਲੇ ਦਾ ਵਿਰੋਧ ਕਰਨ ‘ਤੇ ਚੀਮਾ ਮੰਡੀ ਦੇ ਕਿਸਾਨ ਜੋਗਿੰਦਰ ਸਿੰਘ ਨੇ ਆਪਣੀ ਜਾਨ ਗਵਾ ਦਿੱਤੀ। ਕਿਸਾਨ ਦੇ ਅੰਤਿਮ ਸੰਸਕਾਰ ਸਮੇਂ ਚੀਮਾ ਮੰਡੀ ਪੁੱਜੇ ਸਰਬੱਤ ਖਾਲਸਾ ਵੱਲੋਂ ਥਾਪੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸੰਤ ਬਾਬਾ ਬਲਜੀਤ ਸਿੰਘ ਦਾਦੂਵਾਲ ਨੇ ਕਿਹਾ ਕਿ ਸਮੇਂ ਦੀਆਂ ਸਰਕਾਰਾਂ ਹਮੇਸ਼ਾ ਧੱਕਾ ਕਰਦੀਆਂ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਂ ‘ਤੇ ਸਥਾਪਿਤ ਇਸ ਥਰਮਲ ਪਲਾਂਟ ਨੂੰ ਵੇਚ ਕੇ ਸੂਬੇ ਦੀ ਕਾਂਗਰਸ ਸਰਕਾਰ ਜਿੱਥੇ ਗੁਰੂ ਸਾਹਿਬ ਦੀ ਨਿਸ਼ਾਨੀ ਮਿਟਾਉਣ ਲੱਗੀ ਹੈ, ਉੱਥੇ ਹੀ ਲੋਕਾਂ ਨੂੰ ਸਸਤੀ ਬਿਜਲੀ ਤੋਂ ਵਾਂਝੇ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸੂਬੇ ਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪਤਾ ਨਹੀਂ ਕਿਉਂ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਤੋਂ ਦਬਾਅ ‘ਚ ਹੈ, ਜਿਸ ਕਰਕੇ ਥਰਮਲ ਪਲਾਂਟ ਬਠਿੰਡਾ ਦੀ ਸੌਦੇਬਾਜ਼ੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸਾਊਥ ਤੋਂ ਲਿਆ ਕੇ ਲਾਏ ਗਏ ਅਨੇਕਾਂ ਕੀਮਤੀ ਦਰੱਖਤ ਜੋ ਸਾਰੇ ਬਠਿੰਡੇ ਸ਼ਹਿਰ ਨੂੰ ਆਕਸੀਜਨ ਦੀ ਸਪਲਾਈ ਕਰਦੇ ਹਨ, ਉਨ੍ਹਾਂ ‘ਤੇ ਵੀ ਕੈਪਟਨ ਸਰਕਾਰ ਦਾ ਕੁਹਾੜਾ ਚੱਲੇਗਾ। ਉਨ੍ਹਾਂ ਕਿਹਾ ਕਿ 500 ਸਾਲਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਦਿਹਾੜੇ ਸਮੇਂ ਇਹ ਥਰਮਲ ਪਲਾਂਟ ਹੋਂਦ ‘ਚ ਆਇਆ ਸੀ ਜਦੋਂਕਿ 550 ਸਾਲਾ ਦਿਹਾੜੇ ਮੌਕੇ ਇਸ ਨੂੰ ਖ਼ਤਮ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਿੱਖ ਗੁਰੂਆਂ ਦੇ ਨਾਂ ‘ਤੇ ਬਣੇ ਪੰਜਾਬ ਵਿਚਲੀਆਂ ਅਜਿਹੀਆਂ ਸੰਸਥਾਵਾਂ ਨੂੰ ਬੰਦ ਨਹੀਂ ਕਰਨਾ ਚਾਹੀਦਾ।ਅੱਜ ਸਵੇਰੇ ਬਠਿੰਡਾ ਥਰਮਲ ਦੇ ਗੇਟ ਦੇ ਬਾਹਰ ਬੈਠੇ ਇਕ ਬਜ਼ੁਰਗ ਕਿਸਾਨ ਦੀ ਮੌਤ ਹੋ ਗਈ ਹੈ। ਜਾਣਕਾਰੀ ਮੁਤਾਬਕ ਸ੍ਰੀ ਗੁਰੂ ਨਾਨਕ ਦੇਵ ਥਰਮਲ ਪਲਾਂਟ ਬਠਿੰਡਾ ਨੂੰ ਬੰਦ ਕਰਨ ਦੇ ਹੁਕਮ ਪੰਜਾਬ ਸਰਕਾਰ ਪੱਕੇ ਤੌਰ ‘ਤੇ ਦੇ ਚੁੱਕੀ ਹੈ, ਜਿਸ ਕਾਰਨ ਵੱਖ-ਵੱਖ ਧਿਰਾਂ ‘ਚ ਰੋਸ ਹੈ। ਇਸਦੇ ਚਲਦਿਆਂ ਕਿਸਾਨ ਵੀ ਇਸਦੇ ਰੋਸ ‘ਚ ਸੰਘਰਸ਼ ਦੀ ਕਗਾਰ ‘ਤੇ ਹਨ, ਜਿਸ ਦੀ ਸ਼ੁਰੂਆਤ ਇਕ ਬਜ਼ੁਰਗ ਕਿਸਾਨ ਨੇ ਆਪਣੀ ਜਾਨ ਦੇ ਕੇ ਸ਼ੁਰੂ ਕਰ ਦਿੱਤੀ ਹੈ। ਮੌਕੇ ‘ਤੇ ਪੁੱਜੀ ਪੁਲਸ ਵਲੋਂ ਜਾਂਚ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਕਿਸਾਨ ਚੀਮਾ ਮੰਡੀ ਜ਼ਿਲ੍ਹਾ ਸੰਗਰੂਰ ਦਾ ਦੱਸਿਆ ਜਾ ਰਿਹਾ ਹੈ। ਅੱਜ ਸਵੇਰੇ ਇਹ ਕਿਸਾਨ ਥਰਮਲ ਦੇ ਗੇਟ ‘ਤੇ ਆਇਆ, ਜਿਸਦੇ ਹੱਥ ‘ਚ ਕਿਸਾਨ ਯੂਨੀਅਨ ਦਾ ਝੰਡਾ ਅਤੇ ਇਕ ਤਖ਼ਤੀ ਸੀ। ਜਿਸ ਤੇ ਲਿਖਿਆ ਸੀ,“ਸ੍ਰੀ ਗੁਰੂ ਨਾਨਕ ਥਰਮਲ ਪਲਾਂਟ ਬਠਿੰਡਾ ਹੈ ਇਤਿਹਾਸਿਕ ਸ਼ਾਨ, ਮੈਂ ਕਰਦਾ ਹਾਂ ਇਸ ਨੂੰ ਵੇਚਣ ਤੋਂ ਰੋਕਣ ਲਈ ਜਿੰਦ ਕੁਰਬਾਨ।”