ਫਰਾਂਸ ਵਿਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਵਾਇਰਸ (ਕੋਵਿਡ-19) ਲਾਗ ਦੇ 4897 ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਕੁਲ ਮਰੀਜ਼ਾਂ ਦੀ ਗਿਣਤੀ 2,43,899 ਹੋ ਗਈ। ਦੇਸ਼ ਵਿਚ ਲਾਕ ਡਾਊਨ ਹਟਣ ਤੋਂ ਬਾਅਦ ਇਕ ਦਿਨ ਵਿਚ ਇਹ ਸਭ ਤੋਂ ਵਧੇਰੇ ਨਵੇਂ ਮਾਮਲੇ ਹਨ। ਫਰਾਂਸ ਦੇ ਸਿਹਤ ਮੰਤਰਾਲਾ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਇਸ ਦੌਰਾਨ ਕੋਵਿਡ-19 ਨਾਲ ਇਕ ਹੋਰ ਵਿਅਕਤੀ ਦੀ ਮੌਤ ਹੋਣ ਨਾਲ ਇਸ ਮਹਾਂਮਾਰੀ ਨਾਲ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 30,513 ਹੋ ਗਈ ਹੈ। ਫਰਾਂਸ ਵਿਚ ਕੋਵਿਡ-19 ਦੇ 4709 ਮਰੀਜ਼ ਹਸਪਤਾਲ ਵਿਚ ਦਾਖਲ ਹਨ ਜਿਨ੍ਹਾਂ ਵਿਚੋਂ 383 ਲੋਕਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ ਅਤੇ ਉਨ੍ਹਾਂ ਦਾ ਆਈ.ਸੀ.ਯੂ.ਵਿਚ ਇਲਾਜ ਕੀਤਾ ਜਾ ਰਿਹਾ ਹੈ। ਫਰਾਂਸ ਦੇ ਸਿਹਤ ਮੰਤਰੀ ਓਲੀਵੀਰ ਵੀਰਨ ਨੇ ਸ਼ੁੱਕਰਵਾਰ ਨੂੰ ਕਿਹਾ ਸੀ ਕਿ ਦੇਸ਼ ਵਿਚ ਪਿਛਲੇ ਇਕ ਹਫਤੇ ਤੋਂ ਕੋਰੋਨਾ ਲਾਗ ਦੇ ਨਵੇਂ ਮਾਮਲਿਆਂ ਵਿਚ 40 ਫੀਸਦੀ ਦਾ ਵਾਧਾ ਹੋ ਰਿਹਾ ਹੈ। ਪ੍ਰਧਾਨ ਮੰਤਰੀ ਜੀਨ ਕਾਸਟੈਕਸ ਨੇ ਲੋਕਾਂ ਨੂੰ ਸੁਚੇਤ ਰਹਿਣ ਦੀ ਸਲਾਹ ਦਿੱਤੀ ਹੈ।