ਫਰਾਂਸ ਤੇ ਪੈਰਿਸ ਸੇਂਟ ਜਰਮਨ ਦੇ ਸਟ੍ਰਾਈਕਰ ਕਾਈਲਿਨ ਐਮਬਾਪੇ ਦਾ ਕੋਵਿਡ-19 ਦੇ ਲਈ ਕੀਤਾ ਗਿਆ ਟੈਸਟ ਪਾਜ਼ੇਟਿਵ ਆਇਆ ਹੈ ਤੇ ਉਹ ਕ੍ਰੋਏਸ਼ੀਆ ਵਿਰੁੱਧ ਨੇਸ਼ਨਸ ਲੀਗ ਦੇ ਅਗਲੇ ਮੈਚ ‘ਚ ਨਹੀਂ ਖੇਡ ਸਕੇਗਾ। ਫਰਾਂਸ ਫੁੱਟਬਾਲ ਮਹਾਸੰਘ ਨੇ ਕਿਹਾ ਕਿ ਐਮਬਾਪੇ ਨੂੰ ਜਦੋਂ ਕੋਰੋਨਾ ਵਾਇਰਸ ਦੇ ਪਾਜ਼ੇਟਿਵ ਹੋਣ ਦਾ ਪਤਾ ਲੱਗਿਆ ਤਾਂ ਉਨ੍ਹਾਂ ਨੇ ਸੋਮਵਾਰ ਸ਼ਾਮ ਫਰਾਂਸ ਦਾ ਅਭਿਆਸ ਕੈਂਪ ਛੱਡ ਦਿੱਤਾ ਤੇ ਘਰ ‘ਚ ਇਕਾਂਤਵਾਸ ਹਨ।
ਮਹਾਸੰਘ ਨੇ ਕਿਹਾ ਕਿ ਯੂਰਪੀਅਨ ਫੁੱਟਬਾਲ ਦੀ ਸਰਵਉੱਚ ਸੰਸਥਾ ਯੂਏਫਾ ਨੇ ਸੋਮਵਾਰ ਦੀ ਸਵੇਰ ਨੂੰ ਟੈਸਟ ਕਰਵਾਇਆ ਸੀ। ਫਰਾਂਸ ਨੇ ਐਮਬਾਪੇ ਦੇ ਗੋਲ ਦੀ ਮਦਦ ਨਾਲ ਸ਼ਨੀਵਾਰ ਨੂੰ ਨੇਸ਼ਨਸ ਲੀਗ ਮੈਚ ‘ਚ ਸਵੀਡਨ ਨੂੰ 1-0 ਨਾਲ ਹਰਾਇਆ ਸੀ। ਇਹ ਉਸਦਾ 14ਵਾਂ ਅੰਤਰਰਾਸ਼ਟੀ ਗੋਲ ਸੀ। ਰਾਸ਼ਟਰੀ ਮਹਾਸੰਘ ਨੇ ਕਿਹਾ ਕਿ ਐਮਬਾਪੇ ਦਾ ਰਾਸ਼ਟਰੀ ਕੈਂਪ ਨਾਲ ਜੁੜਣ ਤੋਂ ਪਹਿਲਾਂ ਟੈਸਟ ਕੀਤਾ ਗਿਆ ਸੀ, ਜੋ ਨੈਗੇਟਿਵ ਆਇਆ ਸੀ।