ਪੰਜਾਬ ਭਰ ‘ਚ ਕਿਸਾਨਾਂ ਦਾ ‘ਟਰੈਕਟਰ ਅੰਦੋਲਨ’ ਸ਼ੁਰੂ, ਸਰਕਾਰ ਨੂੰ ਦਿੱਤੀ ਚਿਤਾਵਨੀ

0
142

 ਮੋਦੀ ਸਰਕਾਰ ਵੱਲੋਂ ਜਾਰੀ ਕੀਤੇ ਨਵੇਂ ਖੇਤੀ ਆਰਡੀਨੈਂਸਾਂ ਅਤੇ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਖਿਲਾਫ਼ ਸੋਮਵਾਰ ਨੂੰ ਪੰਜਾਬ ਭਰ ‘ਚ ਕਿਸਾਨਾਂ ਦਾ ਕੇਂਦਰ ਸਰਕਾਰ ਖਿਲਾਫ਼ ਟਰੈਕਟਰ ਅੰਦੋਲਨ ਸ਼ੁਰੂ ਹੋ ਚੁੱਕਾ ਹੈ। ਸੂਬਾ ਸਰਕਾਰ ਵੱਲੋਂ ਕੋਰੋਨਾ ਮਹਾਂਮਾਰੀ ਦੀ ਆੜ ’ਚ ਸੂਬੇ ਭਰ ‘ਚ ਜਨਤਕ ਇੱਕਠ ਅਤੇ ਅੰਦੋਲਨਾਂ ’ਤੇ ਲਾਈਆਂ ਪਾਬੰਦੀਆਂ ਦੇ ਬਾਵਜੂਦ ਅੱਜ ਹਜ਼ਾਰਾਂ ਹੀ ਗਿਣਤੀ ‘ਚ ਕਿਸਾਨ ਆਪਣੇ ਟਰੈਕਟਰ ਲੈ ਕੇ ਸਰਕਾਰ ਖਿਲਾਫ਼ ਸੜ੍ਹਕਾਂ ‘ਤੇ ਆ ਗਏ ਹਨ। ਕਿਸਾਨ ਜੱਥੇਬੰਦੀਆਂ ਕੇਂਦਰ ’ਤੇ ਖੇਤੀ ਅਰਥਚਾਰੇ ਨੂੰ ਤਬਾਹ ਕਰਨ ਦੇ ਦੋਸ਼ ਲਗਾਉਂਦੇ ਹੋਏ ਇਨ੍ਹਾਂ ਆਰਡੀਨੈਂਸਾਂ ਨੂੰ ਰੱਦ ਕਰਨ ਦੀ ਮੰਗ ਕਰ ਰਹੀਆਂ ਹਨ।
 ਅੱਜ ਇਥੇ ਸਮਰਾਲਾ ਵਿਖੇ ਟਰੈਕਟਰ ਅੰਦੋਲਨ ਦੀ ਅਗਵਾਈ ਕਰਦੇ ਹੋਏ ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਕਿਸਾਨਾਂ ‘ਚ ਸਰਕਾਰ ਖ਼ਿਲਾਫ਼ ਬੇਥਾਹ ਗੁੱਸਾ ਹੈ। ਉਨ੍ਹਾਂ ਕਿਹਾ ਕਿ ਅੰਦੋਲਨ ਦੇਸ਼ ਦੇ ਦੂਜੇ ਰਾਜਾਂ ‘ਚ ਵੀ ਫੈਲਣ ਲੱਗਾ ਹੈ। ਹਰਿਆਣੇ ਦੇ ਕਿਸਾਨ ਵੀ ਵੱਡੀ ਪੱਧਰ ‘ਤੇ ਅੱਜ ਟਰੈਕਟਰਾਂ ਸਮੇਤ ਸੜਕਾਂ ‘ਤੇ ਉਤਰ ਆਏ ਹਨ। ਉਨ੍ਹਾਂ ਕਿਹਾ ਕਿ ਰਾਜਸਥਾਨ ਅਤੇ ਪੱਛਮੀ ਉੱਤਰ ਪ੍ਰਦੇਸ਼ ‘ਚ ਵੀ ਸਰਕਾਰ ਵਿਰੋਧੀ ਲਹਿਰ ਚੱਲ ਪਈ ਹੈ ਅਤੇ ਉੱਥੇ ਵੀ ਸੜਕਾਂ ‘ਤੇ ਟਰੈਕਟਰ ਲਿਆਉਣ ਲਈ ਪ੍ਰਚਾਰ ਜ਼ੋਰਾਂ ਨਾਲ ਸ਼ੁਰੂ ਹੋ ਗਿਆ ਹੈ। ਇੱਥੇ ਹੀ ਬੱਸ ਨਹੀਂ ਦੇਸ਼ ਦੇ ਬਾਕੀ ਰਾਜਾਂ ‘ਚ ਵੀ ਕਿਸਾਨ ਜੱਥੇਬੰਦੀਆਂ ਇਨ੍ਹਾਂ ਆਰਡੀਨੈਂਸਾਂ ਦਾ ਵਿਰੋਧ ਕਰਨ ਲਈ ਆਪੋ-ਆਪਣੇ ਢੰਗ ਨਾਲ ਜੁੱਟ ਗਈਆਂ ਹਨ। 
ਉਨ੍ਹਾਂ ਨੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕੋਵਿਡ-19 ਦੇ ਹੁੰਦਿਆਂ ਹੋਇਆ 12 ਜੁਲਾਈ ਨੂੰ ਇੰਗਲੈਂਡ ‘ਚ ਵੀ ਕਿਸਾਨਾਂ ਨੇ ਆਪਣੇ ਟਰੈਕਟਰਾਂ ਨਾਲ ਇਸੇ ਤਰ੍ਹਾਂ ਬਰਤਾਨੀਆਂ ਦੀ ਪਾਰਲੀਮੈਂਟ ਨੂੰ ਘੇਰ ਕੇ ਉੱਥੋਂ ਦੀ ਸਰਕਾਰ ਦੇ ਕਿਸਾਨ ਵਿਰੋਧੀ ਫੈਸਲਿਆਂ ਦਾ ਵਿਰੋਧ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਸਾਰੀ ਦੁਨੀਆਂ ‘ਚ ਕੋਵਿਡ-19 ਦੇ ਹੁੰਦਿਆਂ ਅੰਦੋਲਨ ਦਾ ਨਵਾਂ ਤਰੀਕਾ ਇਜਾਦ ਹੋ ਗਿਆ ਹੈ। 

LEAVE A REPLY

Please enter your comment!
Please enter your name here