ਪੰਜਾਬ ‘ਚ ਪੇਂਡੂ ਸੜਕੀ ਨੈੱਟਵਰਕ ਅਤੇ ਪੁਲਾਂ ਨੂੰ ਹੋਰ ਮਜ਼ਬੂਤ ਕਰਨ ਲਈ 850 ਕਰੋੜ ਰੁਪਏ ਦਾ ਪ੍ਰਾਜੈਕਟ ਮਨਜ਼ੂਰ

0
332

ਸੂਬੇ ਦੇ ਪੇਂਡੂ ਖੇਤਰਾਂ ਵਿੱਚ ਸੜਕੀ ਨੈੱਟਵਰਕ ਅਤੇ ਪੁਲਾਂ ਨੂੰ ਹੋਰ ਮਜ਼ਬੂਤ ਬਣਾਉਣ ਲਈ ਪੰਜਾਬ ਸਰਕਾਰ ਨੇ 116 ਸੜਕਾਂ ਦੇ ਨਵੀਨੀਕਰਨ ਅਤੇ 22 ਪੁਲਾਂ ਦੇ ਨਿਰਮਾਣ ਸਬੰਧੀ ਪ੍ਰਾਜੈਕਟ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਇਸ ਪ੍ਰਮੁੱਖ ਪ੍ਰਾਜੈਕਟ ਨਾਲ ਸੂਬੇ ਵਿੱਚ ਪਿੰਡਾਂ ਦਾ ਹਸਪਤਾਲਾਂ, ਸਕੂਲਾਂ ਅਤੇ ਮੰਡੀਆਂ ਨਾਲ ਸੰਪਰਕ ਹੋਰ ਵਧੇਗਾ। ਇਸ ਪ੍ਰਾਜੈਕਟ ਨਾਲ ਪੰਜਾਬ ਕੇਂਦਰ ਸਰਕਾਰ ਵੱਲੋਂ ਪੀ. ਐੱਮ. ਜੀ. ਐੱਸ. ਵਾਈ.-3 ਪ੍ਰਾਜੈਕਟ ਨੂੰ ਲਾਗੂ ਕਰਨ ਸਿਖ਼ਰਲੇ 13 ਸੂਬਿਆਂ ਵਿੱਚੋਂ ਇਕ ਬਣ ਗਿਆ ਹੈ।

ਇਹ ਫ਼ੈਸਲਾ ਮੁੱਖ ਸਕੱਤਰ ਵਿਨੀ ਮਹਾਜਨ ਦੀ ਪ੍ਰਧਾਨਗੀ ਹੇਠ ਪੀ. ਐਮ. ਜੀ. ਐੱਸ. ਵਾਈ-3 ਲਈ ਰਾਜ ਪੱਧਰੀ ਸਥਾਈ ਕਮੇਟੀ (ਐਸ. ਐਲ. ਐਸ. ਸੀ.) ਦੀ ਹੋਈ ਮੀਟਿੰਗ ਦੌਰਾਨ ਲਿਆ ਗਿਆ। ਮੁੱਖ ਸਕੱਤਰ ਨੇ ਦੱਸਿਆ ਕਿ ਕਮੇਟੀ ਨੇ 116 ਸੜਕਾਂ (ਕੁੱਲ ਲੰਬਾਈ 1121 ਕਿਲੋਮੀਟਰ) ਦੇ ਨਵੀਨੀਕਰਨ ਅਤੇ 22 ਪੁਲਾਂ ਦੀ ਉਸਾਰੀ ਨੂੰ ਮਨਜ਼ੂਰੀ ਦੇ ਦਿੱਤੀ ਹੈ। ਉਨ੍ਹਾਂ ਅੱਗੇ ਦੱਸਿਆ ਕਿ ਇਸ ਸੂਚੀ ਵਿੱਚ 10 ਜ਼ਿਲ੍ਹਿਆਂ, ਲੁਧਿਆਣਾ, ਐਸ. ਬੀ. ਐੱਸ. ਨਗਰ (ਨਵਾਂਸ਼ਹਿਰ), ਮੁਕਤਸਰ, ਫਿਰੋਜ਼ਪੁਰ, ਕਪੂਰਥਲਾ, ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਮਾਨਸਾ, ਤਰਨਤਾਰਨ ਦੇ 69 ਬਲਾਕ ਸ਼ਾਮਲ ਹਨ।

ਇਸ ਪ੍ਰਾਜੈਕਟ ਦੀ ਅਨੁਮਾਨਤ ਲਾਗਤ 850 ਕਰੋੜ ਰੁਪਏ ਹੈ। ਪਿੰਡਾਂ ਦੇ ਸਸ਼ਕਤੀਕਰਨ ਅਤੇ ਸਰਬਪੱਖੀ ਵਿਕਾਸ ਵਿੱਚ ਸੜਕਾਂ ਦੀ ਮਹੱਤਤਾ ਬਾਰੇ ਚਾਨਣਾ ਪਾਉਂਦਿਆਂ ਵਿਨੀ ਮਹਾਜਨ ਨੇ ਇਸ ਪ੍ਰਾਜੈਕਟ ਨੂੰ ਅਸਰਦਾਰ ਢੰਗ ਨਾਲ ਲਾਗੂ ਕਰਨ ਸਬੰਧੀ ਸਬੰਧਤ ਮਹਿਕਮੇ ਨੂੰ ਨਿਰਦੇਸ਼ ਵੀ ਦਿੱਤੇ। ਇਸ ਮੀਟਿੰਗ ਵਿੱਚ ਵਧੀਕ ਮੁੱਖ ਸਕੱਤਰ (ਵਿਕਾਸ) ਅਨਿਰੁੱਧ ਤਿਵਾੜੀ, ਵਧੀਕ ਮੁੱਖ ਸਕੱਤਰ ਪੇਂਡੂ ਵਿਕਾਸ ਤੇ ਪੰਚਾਇਤਾਂ ਸੀਮਾ ਜੈਨ, ਪ੍ਰਮੁੱਖ ਸਕੱਤਰ (ਵਿੱਤ) ਕੇ. ਏ. ਪੀ ਸਿਨਹਾ, ਪ੍ਰਮੁੱਖ ਸਕੱਤਰ ਲੋਕ ਨਿਰਮਾਣ ਮਹਿਕਮਾ ਵਿਕਾਸ ਪ੍ਰਤਾਪ ਅਤੇ ਲੋਕ ਨਿਰਮਾਣ ਮਹਿਕਮੇ ਦੇ ਹੋਰ ਅਧਿਕਾਰੀ ਸ਼ਾਮਲ ਸਨ।

LEAVE A REPLY

Please enter your comment!
Please enter your name here