ਬਠਿੰਡਾ ਤੋਂ ਬਿਹਾਰ ਲਈ 1521 ਪਰਵਾਸੀ ਮਜ਼ਦੂਰਾਂ ਵਿਸ਼ੇਸ਼ ਰੇਲ ਗੱਡੀ ਰਾਹੀਂ ਰਵਾਨਾ ਹੋਏ। ਡਿਪਟੀ ਕਮਿਸ਼ਨਰ ਬੀ. ਸ੍ਰੀ. ਨਿਵਾਸਨ ਨੇ ਦੱਸਿਆ ਕਿ ਇਹ ਰੇਲ ਗੱਡੀ ਸ਼ੁੱਕਰਵਾਰ ਨੂੰ ਬਿਹਾਰ ਰਾਜ ਦੇ ‘ਬਾਪੂ ਧਾਮ ਮੋਤੀਹਾਰੀ’ ਰੇਲਵੇ ਸਟੇਸ਼ਨ ’ਤੇ ਪਹੁੰਚੇਗੀ। ਐੱਸਡੀਐੱਮ ਅਮਰਿੰਦਰ ਸਿੰਘ ਟਿਵਾਣਾ ਨੇ ਬਾਕੀ ਰਹਿ ਗਏ ਪਰਵਾਸੀ ਮਜ਼ਦੂਰਾਂ ਨੂੰ ਵੀ ਉਨ੍ਹਾਂ ਦੇ ਰਾਜਾਂ ’ਚ ਸੁਰੱਖਿਅਤ ਪਹੁੰਚਾਉਣ ਦਾ ਭਰੋਸਾ ਦਿੱਤਾ। ਇਸ ਮੌਕੇ ਬਠਿੰਡਾ ਦੇ ਰੇਲਵੇ ਸਟੇਸ਼ਨ ਮੈਨੇਜਰ ਪ੍ਰਦੀਪ ਸ਼ਰਮਾ ਹਾਜ਼ਰ ਸਨ। ਪਰਵਾਸੀ ਮਜ਼ਦੂਰਾਂ ਨੇ ਤਾੜੀਆਂ ਮਾਰ ਕੇ ਅਤੇ ਹੱਥ ਹਿਲਾ ਕੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ।
ਜਲੰਧਰ (ਨਿੱਜੀ ਪੱਤਰ ਪ੍ਰੇਰਕ): ਅੱਜ ਇੱਥੋਂ ਦੇ ਰੇਲਵੇ ਸਟੇਸ਼ਨ ਤੋਂ ਡਿਪਟੀ ਕਮਿਸ਼ਨਰ ਪੁਲੀਸ ਬਲਕਾਰ ਸਿੰਘ ਦੀ ਦੇਖ ਰੇਖ ਹੇਠ 1200 ਪਰਵਾਸੀ ਕਾਮਿਆਂ ਨੂੰ ਲੈ ਕੇ 32ਵੀਂ ‘ਸ਼੍ਰਮਿਕ ਐਕਸਪ੍ਰੈੱਸ’ ਰੇਲ ਗੱਡੀ ਉਨਾਓ ਉੱਤਰ ਪ੍ਰਦੇਸ਼ ਲਈ ਰਵਾਨਾ ਹੋਈ। ਸੂਬਾ ਸਰਕਾਰ ਵੱਲੋਂ ਇਸ ਰੇਲ ਗੱਡੀ ਰਾਹੀਂ ਪਰਵਾਸੀ ਕਾਮਿਆਂ ਨੂੰ ਮੁਫ਼ਤ ਸਫ਼ਰ ਦੀ ਸਹੂਲਤ ਦੇਣ ਲਈ ਆਉਣ ਵਾਲਾ ਸਾਰਾ ਖ਼ਰਚ 5.46 ਲੱਖ ਰੁਪਏ ਸਹਿਣ ਕੀਤਾ ਜਾਵੇਗਾ।
ਐਸ.ਏ.ਐਸ. ਨਗਰ (ਮੁਹਾਲੀ), (ਪੱਤਰ ਪ੍ਰੇਰਕ): ਮੁਹਾਲੀ ਪ੍ਰਸ਼ਾਸਨ ਵੱਲੋਂ ਇਕ ਹਫ਼ਤੇ ਵਿਚ ਕਰੀਬ 15 ਹਜ਼ਾਰ ਵਿਅਕਤੀਆਂ ਨੂੰ ਪਿੱਤਰੀ ਸੂਬਿਆਂ ਵਿਚ ਵਾਪਸ ਭੇਜਿਆ ਗਿਆ ਹੈ। ਮੁਹਾਲੀ ਦੇ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨੇ ਦੱਸਿਆ ਕਿ ਅੱਜ ਅੱਠਵੇਂ ਦਿਨ ਵਿਸ਼ੇਸ਼ ਰੇਲਗੱਡੀ ਮੁਹਾਲੀ ਰੇਲਵੇ ਸਟੇਸ਼ਨ ਤੋਂ ਬਿਹਾਰ ਲਈ ਰਵਾਨਾ ਹੋਈ, ਜਿਸ ਵਿਚ 1501 ਪਰਵਾਸੀ ਮਜ਼ਦੂਰਾਂ ਨੂੰ ਵਾਪਸ ਭੇਜਿਆ ਗਿਆ ਹੈ।
ਲੁਧਿਆਣਾ (ਟ੍ਰਿਬਿਊਨ ਨਿਊਜ਼ ਸਰਵਿਸ): ਪਰਵਾਸੀਆਂ ਨੂੰ ਉਨ੍ਹਾਂ ਦੇ ਸੂਬਿਆਂ ’ਚ ਛੱਡਣ ਲਈ 100ਵੀਂ ਰੇਲ ਅੱਜ ਇੱਥੇ ਰੇਲਵੇ ਸਟੇਸ਼ਨ ਤੋਂ ਰਵਾਨਾ ਹੋਈ। ਅੱਜ ਮਊ (ਉੱਤਰ ਪ੍ਰਦੇਸ਼) ਲਈ ਰੇਲ ਰਵਾਨਾ ਹੋਈ। ਲੁਧਿਆਣਾ ਤੋਂ ਅੱਜ ਸੱਤ ਰੇਲ ਗੱਡੀਆਂ ’ਚ ਕਰੀਬ 8,000 ਪਰਵਾਸੀ ਘਰਾਂ ਨੂੰ ਪਰਤੇ। ਇਸ ਮੌਕੇ ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਅਗਰਵਾਲ ਹਾਜ਼ਰ ਸਨ।