ਪੰਜਾਬ ਕਾਂਗਰਸ ਦੀ ਸਿਆਸਤ ‘ਚ ਅੱਜ ਅਹਿਮ ਦਿਨ, ‘ਕੈਪਟਨ-ਸੋਨੀਆ’ ਦੀ ਮੁਲਾਕਾਤ ‘ਤੇ ਟਿਕੀਆਂ ਸਭ ਦੀਆਂ ਨਜ਼ਰਾਂ

0
20

 ਪੰਜਾਬ ਕਾਂਗਰਸ ਦੀ ਸਿਆਸਤ ‘ਚ ਅੱਜ ਅਹਿਮ ਦਿਨ ਮੰਨਿਆ ਜਾ ਰਿਹਾ ਹੈ। ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਮੰਗਲਵਾਰ ਨੂੰ ਦਿੱਲੀ ਰਵਾਨਾ ਹੋ ਸਕਦੇ ਹਨ। ਮੱਲਿਕਾਰਜੁਨ ਕਮੇਟੀ ਦਾ ਗਠਨ ਹੋਣ ਤੋਂ ਬਾਅਦ ਤੋਂ ਮੁੱਖ ਮੰਤਰੀ ਦਾ ਦਿੱਲੀ ਵਿਚ ਇਹ ਤੀਜਾ ਦੌਰਾ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਵਾਰ ਮੁੱਖ ਮੰਤਰੀ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨਾਲ ਮੁਲਾਕਾਤ ਕਰਨਗੇ। ਇਸ ਮੁਲਾਕਾਤ ‘ਤੇ ਸਭ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ। ਬੈਠਕ ਦੌਰਾਨ ਮੁੱਖ ਮੰਤਰੀ ਦੇ ਨਾਲ ਸਲਾਹ-ਮਸ਼ਵਰੇ ਤੋਂ ਬਾਅਦ ਪੰਜਾਬ ਕਾਂਗਰਸ ਦੇ ਭਵਿੱਖ ’ਤੇ ਫ਼ੈਸਲਾ ਲਿਆ ਜਾਵੇਗਾ। ਸਿਆਸੀ ਮਾਹਰਾਂ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਦੀ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨਾਲ ਪ੍ਰਸਤਾਵਿਤ ਬੈਠਕ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਭਵਿੱਖ ’ਤੇ ਮੋਹਰ ਲਗਾਏਗੀ। ਉੱਥੇ ਹੀ ਸਿੱਧੂ ਵੀ ਦਿੱਲੀ ਵਿਚ ਡੇਰਾ ਲਾਈ ਬੈਠੇ ਹਨ। ਇਸ ਲਈ ਸੰਭਵ ਹੈ ਕਿ ਕਾਂਗਰਸ ਪ੍ਰਧਾਨ ਜਾਂ ਰਾਹੁਲ ਗਾਂਧੀ ਦੇ ਨਾਲ ਉਨ੍ਹਾਂ ਦੀ ਦੁਬਾਰਾ ਮੁਲਾਕਾਤ ਹੋਵੇ ਅਤੇ ਹਾਈਕਮਾਨ ਦੇ ਫ਼ੈਸਲੇ ਤੋਂ ਉਨ੍ਹਾਂ ਨੂੰ ਮੌਕੇ ’ਤੇ ਹੀ ਜਾਣੂੰ ਕਰਵਾਇਆ ਜਾਵੇ। ਇਹ ਵੀ ਸੰਭਵ ਹੈ ਕਿ ਸੁਲਾਹ ਦਾ ਫਾਰਮੂਲਾ ਸੁਝਾਉਂਦਿਆਂ ਕਾਂਗਰਸ ਹਾਈਕਮਾਨ ਸਿੱਧੂ ਅਤੇ ਕੈਪਟਨ ਦੇ ਨਾਲ ਇਕੱਠੇ ਮੁਲਾਕਾਤ ਕਰਨ ’ਤੇ ਵੀ ਵਿਚਾਰ ਕਰੇ। ਹਾਲਾਂਕਿ ਮੁੱਖ ਮੰਤਰੀ ਦੀ ਸਿੱਧੂ ਦੇ ਪ੍ਰਤੀ ਨਾਰਾਜ਼ਗੀ ਨੂੰ ਵੇਖਦਿਆਂ ਇਸ ਸਾਂਝੀ ਬੈਠਕ ’ਤੇ ਸ਼ੰਕਾ ਦੇ ਬੱਦਲ ਜ਼ਿਆਦਾ ਹਨ। ਇਹ ਸ਼ੰਕਾ ਇਸ ਲਈ ਵੀ ਪ੍ਰਬਲ ਹੈ ਕਿਉਂਕਿ ਮੱਲਿਕਾਰਜੁਨ ਕਮੇਟੀ ਵਲੋਂ ਬਿਆਨਬਾਜ਼ੀਆਂ ’ਤੇ ਸੰਜਮ ਵਰਤਣ ਦੀ ਸਲਾਹ ਤੋਂ ਬਾਅਦ ਵੀ ਨਵਜੋਤ ਸਿੰਘ ਸਿੱਧੂ ਸੋਸ਼ਲ ਮੀਡੀਆ ’ਤੇ ਲਗਾਤਾਰ ਬੇਬਾਕ ਹਨ। ਖ਼ਾਸ ਤੌਰ ’ਤੇ ਪੰਜਾਬ ਵਿਚ ਗਹਿਰਾਏ ਬਿਜਲੀ ਸੰਕਟ ਵਿਚ ਸਿੱਧੂ ਨੇ ਆਪਣੀ ਹੀ ਸਰਕਾਰ ਨੂੰ ਕਟਹਿਰੇ ਵਿਚ ਖੜ੍ਹਾ ਕੀਤਾ ਹੈ। ਕਮੇਟੀ ਵਲੋਂ ਸੁਝਾਏ 18 ਨੁਕਤਿਆਂ ਤੋਂ ਬਾਅਦ ਵੀ ਸਿੱਧੂ ਸਰਕਾਰ ਨੂੰ ਨਸੀਹਤ ਦੇਣ ਤੋਂ ਕੋਈ ਗੁਰੇਜ਼ ਨਹੀਂ ਕਰ ਰਹੇ ਹਨ। ਕਿਹਾ ਜਾ ਰਿਹਾ ਹੈ ਕਿ ਮੁੱਖ ਮੰਤਰੀ ਕਾਂਗਰਸ ਹਾਈਕਮਾਨ ਦੇ ਕੋਲ ਇਸ ਮਸਲੇ ਨੂੰ ਉਠਾ ਸਕਦੇ ਹਨ ਕਿ ਸਿੱਧੂ ਦੀ ਇਹ ਬਿਆਨਬਾਜ਼ੀ ਪੰਜਾਬ ਵਿਚ ਕਾਂਗਰਸ ਨੂੰ ਨੁਕਸਾਨ ਪਹੁੰਚਾ ਰਹੀ ਹੈ। ਹੁਣ ਵੇਖਣਾ ਇਹ ਹੈ ਕਿ ਕਾਂਗਰਸ ਹਾਈਕਮਾਨ ਮੁੱਖ ਮੰਤਰੀ ਅਮਰਿੰਦਰ ਸਿੰਘ ਦੇ ਸੁਝਾਅ ਜਾਂ ਇਤਰਾਜ਼ ਨੂੰ ਸੁਣ ਕੇ ਪੰਜਾਬ ਦੇ ਭਵਿੱਖ ਦਾ ਫ਼ੈਸਲਾ ਸਣਾਉਂਦੀ ਹੈ ਜਾਂ ਸਿੱਧੂ ਨੂੰ ਕੋਈ ਨਵੀਂ ਜ਼ਿੰਮੇਵਾਰੀ ਦੇਣ ’ਤੇ ਮੋਹਰ ਲਗਾਉਂਦੀ ਹੈ।

LEAVE A REPLY

Please enter your comment!
Please enter your name here